-0.3 C
Vancouver
Saturday, January 18, 2025

ਪੱਛਮੀ ਦੇਸਾਂ ਦੇ ਰੁਖ ਨੂੰ ਪਛਾਣ ਕੇ ਪੰਜਾਬੀ ਸਹੀ ਰਸਤੇ ਇਖਤਿਆਰ ਕਰਨ ਦੀ ਲੋੜ

 

ਲੇਖਕ : ਸੁਖਪਾਲ ਸਿੰਘ ਗਿੱਲ
ਪ੍ਰਵਾਸ ਦਾ ਚਾਅ ਪੰਜਾਬੀਆਂ ਵਿੱਚ ਇਸ ਕਦਰ ਵੱਧ ਚੁੱਕਾ ਹੈ, ਜਿਸ ਤਰ੍ਹਾਂ ਜੋਬਨ ਉੱਤੇ ਫਲਾਂ ਨਾਲ ਭਰੇ ਦਰਖਤਾਂ ਨੂੰ ਦੇਖ ਕੇ ਮਾਲੀ ਜਾਂ ਮਾਲਕ ਨੂੰ ਹੁੰਦਾ ਹੈ। ਫਲਾਂ ਨਾਲ ਭਰੇ ਦਰਖਤ ਨੂੰ ਜਦੋਂ ਕੋਈ ਹਲੂਣਾ ਦੇ ਦਿੰਦਾ ਹੈ, ਪੱਕੇ ਕੱਚੇ ਸਭ ਝੜ ਜਾਂਦੇ ਹਨ।
ਇਸੇ ਤਰ੍ਹਾਂ ਪੱਛਮੀ ਮੁਲਕਾਂ ਨੇ ਪੰਜਾਬੀਆਂ ਦੇ ਪ੍ਰਵਾਸ ਨੂੰ ਹਲੂਣਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸ਼ੰਕਾਵਾਂ ਅਤੇ ਚਿੰਤਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬੀ 1950 ਵਿੱਚ ਹੀ ਬਾਹਰਲੇ ਮੁਲਕਾਂ ਵਿੱਚ ਜਾਣੇ ਸ਼ੁਰੂ ਹੋ ਗਏ ਸਨ। ਉਦੋਂ ਇਹ ਖਿਆਲ ਵੀ ਮਨ ਵਿੱਚ ਆਉਂਦਾ ਕਿ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦਾ ਕੀ ਫਾਇਦਾ ਹੋਇਆ, ਜੇ ਅੰਗਰੇਜ਼ਾਂ ਦੇ ਮਗਰ ਹੀ ਦੌੜਨਾ ਸੀ। ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਤਾਂ ਤੜਾਗੀ ਬੰਨ੍ਹ ਹੀ ਪੰਜਾਬੀ ਪ੍ਰਵਾਸੀ ਬਣ ਰਹੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ, ਜਿਸਦੀ ਦਰ 2019 ਵਿੱਚ 8.2 ਫੀਸਦੀ ਸੀ। ਇਸ ਤੋਂ ਇਲਾਵਾ ਨੌਕਰੀ ਦੀ ਅਸੁਰੱਖਿਆ ਅਤੇ ਹੁਨਰ ਦੀ ਕਮੀ ਵੀ ਪ੍ਰਵਾਸ ਦਾ ਕਾਰਨ ਬਣਿਆ। ਜਿਸ ਤਰਜ਼ ‘ਤੇ ਆਈ.ਟੀ.ਆਈਜ਼ ਸਨ, ਉਸ ਦਾ ਮਤਲਬ ਹੀ ਹੁਨਰਮੰਦੀ ਪੈਦਾ ਕਰਕੇ ਰੁਜ਼ਗਾਰ ਦੇਣਾ ਸੀ। ਇਹ ਸੰਸਥਾਵਾਂ ਵੀ ਚੰਗੇ ਨਤੀਜੇ ਨਹੀਂ ਦੇ ਸਕੀਆਂ। ਪੰਜਾਬ ਸਰਕਾਰ ਨੇ ਸਕਿਲਡ ਸੈਂਟਰ ਖੋਲ੍ਹੇ, ਪਰ ਇਹ ਵੀ ਕੋਈ ਪਹੁੰਚ ਨਹੀਂ ਅਪਣਾ ਸਕੇ। ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਨੌਜਵਾਨੀ ਅਸਥਿਰ ਅਤੇ ਲਾਚਾਰ ਹੋਣ ਲੱਗੀ। ਵੇਲਾ ਬੀਤਣ ਤੋਂ ਬਾਅਦ ਜਾਗਣਾ ਨਿਸਫਲ ਹੁੰਦਾ ਹੈ। ਹੁਣ ਪੰਜਾਬੀ ਨੌਜਵਾਨ ਤਰੱਕੀ ਅਤੇ ਬਜ਼ੁਰਗ ਘਰਾਂ ਦੀ ਰੌਣਕ ਲੱਭ ਰਹੇ ਹਨ।
ਪ੍ਰਵਾਸ ਲਈ ਇੱਕ ਦੂਜੇ ਤੋਂ ਅੱਗੇ ਨੱਠ ਨੌਜਵਾਨੀ ਆਪਣੇ ਆਪ ਗਵਾਚ ਗਈ ਹੈ। ਇਸ ਵਰਤਾਰੇ ਨੇ ਸੱਭਿਆਚਾਰ, ਸਿੱਖਿਆ ਅਤੇ ਪੰਜਾਬੀਅਤ ਨੂੰ ਭੁਲਾਉਣ ਲਈ ਨਾਂਹ ਪੱਖੀ ਰੋਲ ਨਿਭਾਇਆ ਹੈ। ਵਿਧਾਤਾ ਸਿੰਘ ਤੀਰ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਵਾਲਾ ਪੰਜਾਬੀ ਮੋਹ ਪਿਆਰ ਅੱਜ ਨਹੀਂ ਰਿਹਾ,
ਮੰਗਾਂ ਰੋਜ਼ ਮੁਰਾਦ ਮੈਂ ਰੱਬ ਕੋਲੋਂ,
ਮੇਰੇ ਦਿਲ ਦਾ ਤਾਂ ਅਰਮਾਨ ਨਿਕਲੇ,
ਇਸ ਵਤਨ ਵਿੱਚ ਜੰਮਿਆਂ ਪਲਿਆਂ ਹਾਂ,
ਵਤਨ ਵਿੱਚ ਹੀ ਮੇਰਾ ਬਬਾਨ ਨਿਕਲੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਤਕਾਲੀ ਵਾਈਸ ਚਾਂਸਲਰ ਸ੍ਰੀ ਜੋਗਿੰਦਰ ਸਿੰਘ ਪਵਾਰ ਨੇ ਬਹੁਤ ਸਮਾਂ ਪਹਿਲਾਂ ਹੀ ਪੰਜਾਬੀਆਂ ਦੇ ਵਿਦੇਸ਼ੀ ਰੁਝਾਨ ਨੂੰ ਰੋਕਣ ਲਈ ਰੁਜ਼ਗਾਰ ਗਰੰਟੀ ਘੜਨ ਦੀ ਸਲਾਹ ਦਿੱਤੀ ਸੀ। ਇਹ ਸਲਾਹ ਖੂਹ ਖਾਤੇ ਪੈ ਗਈ ਜਾਂ ਪਾ ਦਿੱਤੀ ਗਈ। ਹੈਰਾਨੀ ਉਦੋਂ ਵਧਦੀ ਹੈ ਜਦੋਂ ਅੰਕੜਾ ਆਉਂਦਾ ਹੈ ਕਿ ਹਰ ਸਾਲ 20 ਹਜ਼ਾਰ ਪੰਜਾਬੀ ਗੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਦੇ ਹਨ। 25 ਲੱਖ ਪੰਜਾਬੀ ਅਬਾਦੀ ਵਿਦੇਸ਼ਾਂ ਵਿੱਚ ਬੈਠੀ ਹੈ। ਕੈਨੇਡਾ ਦੀ ਅਬਾਦੀ ਦੀ 1.3% ਵਸੋਂ ਪੰਜਾਬੀ ਹੈ। ਅਮਰੀਕਾ, ਕੈਨੇਡਾ, ਅਸਟ੍ਰੇਲੀਆ ਅਤੇ ਇੰਗਲੈਂਡ ਵਿੱਚ ਕਾਫੀ ਪੰਜਾਬੀ ਵਸਦੇ ਹਨ। ਇਸੇ ਤਰ੍ਹਾਂ ਹੋਰ ਯੂਰਪੀ ਮੁਲਕਾਂ ਵਿੱਚ ਵੀ ਪੰਜਾਬੀ ਵਸਦੇ ਹਨ। ਪੰਜਾਬੀਆਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਉਸੇ ਰਫਤਾਰ ਨਾਲ ਜਾਰੀ ਹੈ। ਸਵੈ-ਜਲਵਤਨੀ ਨਾਲ ਪੰਜਾਬੀ ਆਪਣਾ ਦੇਸ਼, ਭਾਸ਼ਾ, ਖਿੱਤਾ ਅਤੇ ਕਿੱਤਾ ਛੱਡ ਕੇ ਜਾ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ ਮੁਤਾਬਕ ਪੰਜਾਬੀਆਂ ਨੇ ਵਿਦੇਸ਼ ਜਾਣ ਦੀ ਹੋੜ ਹੇਠ 14342 ਕਰੋੜ ਦਾ ਕਰਜ਼ਾ ਚੜ੍ਹਾ ਲਿਆ। ਲੜਕੀਆਂ ਲਈ ਖਤਰਾ ਅਤੇ ਏਜੰਟਾਂ ਦੀ ਲੁੱਟ ਵੀ ਇਸੇ ਲੜੀ ਦਾ ਹਿੱਸਾ ਹੈ। 2024 ਵਿੱਚ 1335678 ਭਾਰਤੀ ਵਿਦਿਆਰਥੀ ਬਾਹਰ ਪੜ੍ਹਨ ਗਏ। ਸਭ ਤੋਂ ਵੱਧ ਕੈਨੇਡਾ ਵਿੱਚ 42700 ਵਿਦਿਆਰਥੀ ਗਏ। ਅਮਰੀਕਾ ਵਿੱਚ 37763 ਵਿਦਿਆਰਥੀ ਗਏ। ਇਸੇ ਤਰ੍ਹਾਂ ਹੋਰ ਮੁਲਕਾਂ ਵਿੱਚ ਵੀ ਗਏ। ਪੰਜਾਬੀ ਨਿਯਮ ਤੋੜ ਕੇ ਵੀ ਖਤਰਿਆਂ ਦੇ ਖਿਲਾੜੀ ਬਣ ਜਾਂਦੇ ਹਨ। ਇਸ ਵਰਤਾਰੇ ਨੇ ਉਹਨਾਂ ਮੁਲਕਾਂ ਨੂੰ ਪ੍ਰਵਾਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਲਗਦਾ ਹੈ ਜਿਵੇਂ ਪੱਛਮੀ ਮੁਲਕਾਂ ਨੇ ਪ੍ਰਵਾਸੀਆਂ ਨੂੰ ਹਲੂਣਾ ਦਿੱਤਾ ਹੈ। ਅੱਗੇ ਕੀ ਕੁਝ ਹੁੰਦਾ ਹੈ, ਸਮਾਂ ਦੱਸੇਗਾ। ਅਮਰੀਕਾ ਵਿੱਚ ਫਿਰ ਤੋਂ ਟਰੰਪ ਕਾਰਡ ਚੱਲ ਗਿਆ ਹੈ। ਉਹ ਅਮਰੀਕਾ ਅੰਦਰ ਪ੍ਰਵਾਸ ਨੂੰ ਬੁਰਾ ਮੰਨਦਾ ਹੈ। ਆਸਟ੍ਰੇਲੀਆ ਵੀ ਕਾਫ਼ੀ ਸਖ਼ਤ ਹੋ ਗਿਆ। ਨਿਊਜ਼ੀਲੈਂਡ ਵੀ ਦੇਰ ਨਾਲ ਘਸਾ ਘਸਾ ਕੇ ਖੈਰ ਪਾਉਂਦਾ ਹੈ। ਇੰਗਲੈਂਡ ਅਤੇ ਜਰਮਨੀ ਵਿੱਚ ਵਿਆਹ ਤੋਂ ਬਿਨਾਂ ਜਾਂ ਹੀ ਨਹੀਂ ਸਕਦੇ। ਇਹ ਦੇਸ਼ ਮਾਂ ਪਿਓ ਲਿਜਾਣ ਬਾਰੇ ਵੀ ਨਿਯਮ ਘੜ ਰਹੇ ਹਨ।
ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਟਰੂਡੋ ਫੈਕਟਰ ਵੀ ਦਾਅ ‘ਤੇ ਲੱਗ ਚੁੱਕਾ ਹੈ। ਭਾਰਤ ਅਤੇ ਕੈਨੇਡਾ ਦੇ ਸੰਬੰਧ ਵਿਗੜ ਗਏ ਹਨ। ਕੈਨੇਡਾ ਆਪਣੇ ਦੇਸ਼ ਦੀਆਂ ਨਵੀਂਆਂ ਅਵਾਸ ਨੀਤੀਆਂ ਘੜ ਰਿਹਾ ਹੈ। ਅੱਜ ਲੱਖਾਂ ਵਿਦਿਆਰਥੀ ਅਤੇ ਰਿਫਿਊਜੀ ਪੱਛਮੀ ਮੁਲਕਾਂ ਵਿੱਚ ਵਾਰੀ ਦੀ ਉਡੀਕ ਵਿੱਚ ਲੱਗੇ ਹੋਏ ਹਨ। ਇਹਨਾਂ ਦਾ ਭਵਿੱਖ ਅਨਿਸ਼ਚਿਤ ਹੈ।
ਪੰਜਾਬੀਆਂ ਨੂੰ ਆਏ ਹਲੂਣੇ ਪਿੱਛੇ ਖੁਦ ਸਹੇੜੀਆਂ ਆਦਤਾਂ ਵੀ ਹਨ। ਉੱਥੇ ਨਸ਼ਿਆਂ, ਵੀਜ਼ਾ ਦੁਰਵਰਤੋਂ, ਵਾਰਦਾਤਾਂ ਅਤੇ ਚੋਰ ਮੋਰੀਆਂ ਵੀ ਹਲੂਣੇ ਦਾ ਕਾਰਨ ਬਣੀਆਂ। ਮਾਰਕ ਮਿੱਲਰ ਦੇ ਬਿਆਨ ਇੱਥੇ, ਉੱਥੇ ਸਤਾ ਰਹੇ ਹਨ। ਕੈਨੇਡਾ ਨੇ ਆਪਣੀ ਅਵਾਸ ਨੀਤੀਆਂ ਵਿੱਚ ਕਈ ਸੋਧਾਂ ਕੀਤੀਆਂ, ਜਿਸ ਨਾਲ ਪੰਜਾਬੀ ਪ੍ਰਭਾਵਤ ਹੋਣਗੇ। ਮਲਟੀਪਲ ਵੀਜ਼ਾ ਸੀਮਤ ਕਰ ਦਿੱਤਾ ਗਿਆ ਹੈ। ਸਥਾਈ ਰਿਹਾਇਸ਼ ਲਈ ਸਖ਼ਤ ਨਿਯਮ ਘੜੇ ਗਏ ਹਨ। ਕੈਨੇਡਾ ਆਪਣੇ ਨਾਗਰਿਕਾਂ ਨੂੰ ਹੁਨਰ ਵਿੱਚ ਪਹਿਲ ਦੇਵੇਗਾ। ਛੋਟੇ ਕੋਰਸਾਂ ਵਾਲੇ ਸਪਾਊਸ ਵੀਜ਼ਾ ਨਹੀਂ ਲੈ ਸਕਣਗੇ। ਵਰਕ ਪਰਮਿਟ ਤੋਂ ਪਹਿਲਾਂ ਆਈਲੈਟ ਦੀ ਸ਼ਰਤ ਲਾ ਦਿੱਤੀ ਹੈ। ਜੀ ਆਈ ਸੀ 10 ਹਜ਼ਾਰ ਡਾਲਰ ਤੋਂ ਵਧਾ ਕੇ 20 ਹਜ਼ਾਰ 675 ਡਾਲਰ ਕਰ ਦਿੱਤਾ ਹੈ। ਇਸ ਸਭ ਨੇ ਪੰਜਾਬੀਆਂ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਭਾਰਤ ਸਰਕਾਰ ਨੂੰ ਤੁਰੰਤ ਜਾਗਣ ਅਤੇ ਮੌਕਾ ਸਾਂਭਣ ਦੀ ਜ਼ਰੂਰਤ ਹੈ ਤਾਂ ਕੂਟਨੀਤਕ ਸੰਬੰਧਾਂ ਰਾਹੀਂ ਪੱਛਮੀ ਮੁਲਕਾਂ ਨੂੰ ਨਰਮ ਵਰਤਾਓ ਲਈ ਗੁਹਾਰ ਲਾਈ ਜਾ ਸਕੇ। ਪੱਛਮੀ ਮੁਲਕਾਂ ਦੇ ਰੁਖ ਨੂੰ ਪਛਾਣ ਕੇ ਪੰਜਾਬੀਆਂ ਨੂੰ ਵੀ ਸਹੀ ਰਸਤੇ ਇਖਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖੀ ਚਿੰਤਾ ਤੋਂ ਛੁਟਕਾਰਾ ਮਿਲ ਸਕੇ।

Related Articles

Latest Articles