ਸਰੀ, (ਦਿਵਰੂਪ ਕੌਰ): ਐਮਐਲਐਸ ਨੈਕਸਟ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵੈਨਕੂਵਰ ਵ੍ਹਾਈਟਕੈਪਸ ਐਫਸੀ ਦੇ ਖਿਡਾਰੀ ਜੀਵਨ ਬਡਵਾਲ ਦੇ ਛੋਟੇ ਭਰਾ ਮਾਨਵ ਬਡਵਾਲ ਨੂੰ 5ਵੀਂ ਸਾਲਾਨਾ ਐਮਐਲਐਸ ਨੈਕਸਟ ਆਲ ਸਟਾਰ ਗੇਮ ਲਈ ਚੁਣਿਆ ਗਿਆ ਹੈ। ਇਹ ਮੁਕਾਬਲਾ 27 ਜੁਲਾਈ ਨੂੰ ਉੱਤਰੀ ਕੈਰੋਲੀਨਾ ਦੇ ਮੈਥਿਊਜ਼ ਸਥਿਤ ਮੈਕਲਨਬਰਗ ਕਾਉਂਟੀ ਸਪੋਰਟਸਪਲੈਕਸ ਵਿਖੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਉੱਤਰੀ ਅਮਰੀਕਾ ਦੇ ਭਵਿੱਖ ਦੇ ਫੁੱਟਬਾਲ ਸਟਾਰ ਪੂਰਬ ਅਤੇ ਪੱਛਮ ਦੇ ਮੁਕਾਬਲੇ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ। ਮੈਚ ਦਾ ਸਿੱਧਾ ਪ੍ਰਸਾਰਣ ਐਮਐਲਐਸ ਦੇ ਯੂਟਿਊਬ ਚੈਨਲ ਉੱਤੇ ਕੀਤਾ ਜਾਵੇਗਾ ਅਤੇ ਪ੍ਰਸ਼ੰਸਕ ਇਸ ਲਈ ਮੁਫਤ ਟਿਕਟਾਂ ਪ੍ਰਾਪਤ ਕਰ ਸਕਦੇ ਹਨ। ਮਾਨਵ ਬਡਵਾਲ ਤੋਂ ਪਹਿਲਾਂ ਵ੍ਹਾਈਟਕੈਪਸ ਅਕੈਡਮੀ ਦੇ 5 ਖਿਡਾਰੀ ਇਸ ਮੁਕਾਬਲੇ ਲਈ ਚੁਣੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 2023 ਵਿੱਚ ਚੁਣਿਆ ਗਿਆ ਉਸਦਾ ਭਰਾ ਜੀਵਨ ਬਡਵਾਲ ਵੀ ਸ਼ਾਮਲ ਹੈ। ਹੋਰਨਾਂ ਖਿਡਾਰੀਆਂ ਵਿੱਚ 2025 ਵਿੱਚ ਟਾਈਲਰ ਬ੍ਰਾਊਨ ਅਤੇ ਸਾਹਿਲ ਦਿਓ, 2024 ਵਿੱਚ ਲਿਆਮ ਮੈਕੇਂਜ਼ੀ ਅਤੇ 2022 ਵਿੱਚ ਮਿਖਾਇਲ ਗੇਰਾਸਿਮੇਨਕੋਵ ਸ਼ਾਮਲ ਹਨ। ਸਰੀ ਨਾਲ ਸੰਬੰਧ ਰੱਖਣ ਵਾਲਾ 15 ਸਾਲਾ ਮਾਨਵ ਬਡਵਾਲ 15 ਸਾਲ 10 ਮਹੀਨੇ ਅਤੇ 11 ਦਿਨ ਦੀ ਉਮਰ ਵਿੱਚ ਕਲੱਬ ਦੇ ਇਤਿਹਾਸ ਵਿੱਚ ਐਮਐਲਐਸ ਨੈਕਸਟ ਪ੍ਰੋ ਮੈਚ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸਨੇ ਹੁਣ ਤੱਕ ਕੁੱਲ ਤਿੰਨ ਮੈਚ ਖੇਡੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਮਾਨਵ ਨੂੰ 2025 ਅਤੇ 2026 ਵ੍ਹਾਈਟਕੈਪਸ ਐਫਸੀ ਬੀਐਮਓ ਅਕੈਡਮੀ ਅੰਡਰ 16 ਪਲੇਅਰ ਆਫ ਦਿ ਈਅਰ ਚੁਣਿਆ ਗਿਆ ਸੀ। ਉਹ ਇਸ ਸਾਲ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਾ ਵ੍ਹਾਈਟਕੈਪਸ ਦਾ ਦੂਜਾ ਖਿਡਾਰੀ ਬਣ ਗਿਆ ਹੈ। ਇਸ ਟੀਮ ਲਈ ਕੁੱਲ 44 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦਾ ਜਨਮ 2009 ਅਤੇ 2011 ਦੇ ਵਿਚਕਾਰ ਹੋਇਆ ਹੈ। ਪੱਛਮੀ ਟੀਮ ਦੀ ਕੋਚਿੰਗ ਸਿਆਟਲ ਸਾਊਂਡਰਜ਼ ਦੇ ਕੋਚ ਈਥਨ ਓ ਨੀਲ ਅਤੇ ਮੈਟ ਡੋਰਮੈਨ ਕਰਨਗੇ ਜਦੋਂ ਕਿ ਪੂਰਬੀ ਟੀਮ ਦੀ ਅਗਵਾਈ ਚਾਰਲੋਟ ਐਫਸੀ ਦੇ ਕੋਚ ਜੌਰਡਨ ਮੇਲੀਆ ਕਰਨਗੇ। This report was written by Divroop Kaur as part of the Local Journalism Initiative.

