-0.3 C
Vancouver
Saturday, January 18, 2025

ਨੌਜਵਾਨਾਂ ਦੇ ਮਾਪਿਆਂ ਵਲੋਂ ਦੋਸ਼ : ਪੰਜਾਬ ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ

 

ਨੌਜਵਾਨਾਂ ਦਾ ਸਬੰਧ ਖ਼ਾਲਿਸਤਾਨ ਫ਼ੋਰਸ ਨਾਲ ਸੀ : ਪੰਜਾਬ ਪੁਲਿਸ
ਪੰਜਾਬ ਦੇ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਤਿੰਨ ਸ਼ੱਕੀ ਖਾੜਕੂ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ਼ ਰਵੀ (23) ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਬੀਤੇ ਦਿਨੀਂ ਤੜਕੇ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ। ਇਸ ਨੂੰ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਮਾਡਿਊਲ ਖ਼ਿਲਾਫ਼ ਪੁਲੀਸ ਦੀ ਇੱਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੁਲਿਸ ਥਾਣਿਆਂ ਤੇ ਚੌਕੀਆਂ ‘ਤੇ ਹਮਲੇ ਵਿਦੇਸ਼ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦਾ ਪ੍ਰਮੁੱਖ ਰਣਜੀਤ ਸਿੰਘ ਨੀਟਾ ਕਰਵਾ ਰਿਹਾ ਹੈ। ਹਮਲਿਆਂ ਨੂੰ ਅੰਜਾਮ ਦੇਣ ਲਈ ਨੀਟਾ ਗ੍ਰੀਸ ਵਿਚ ਬੈਠੇ ਜਸਵਿੰਦਰ ਸਿੰਘ ਬਾਗੀ ਉਰਫ਼ ਮਨੂੰ ਅਗਵਾਨ ਨੂੰ ਹੈਂਡਲਰ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਹੈ। ਕੇਜ਼ੈੱਡਐੱਫ ਨਾਲ ਜੁੜਿਆ ਬਰਤਾਨੀਆਂ ਵਿਚ ਬੈਠੇ ਇਕ ਹੈਂਡਲਰ ਜਗਜੀਤ ਸਿੰਘ ਨੇ ਥਾਣਿਆਂ ਤੇ ਚੌਕੀਆਂ ‘ਤੇ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਲਈ ‘ਫ਼ਤੇਹ ਸਿੰਘ ਬਾਗੀ’ ਦੀ ਪਛਾਣ ਦਾ ਇਸਤੇਮਾਲ ਕੀਤਾ ਸੀ। ਜਗਜੀਤ ਬ੍ਰਿਟਿਸ਼ ਆਰਮੀ ਵਿਚ ਕੰਮ ਕਰ ਰਿਹਾ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਤਕਨੀਕੀ ਤੇ ਖ਼ੁਫ਼ੀਆ ਇਨਪੁਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਨ੍ਹਾਂ ਧਮਾਕਿਆਂ ਵਿਚ ਸ਼ਾਮਲ ਮੁਲਜ਼ਮ ਯੂਪੀ ਦੇ ਪੀਲੀਭੀਤ ਵਿਚ ਕਿਤੇ ਪਨਾਹ ਲੈ ਕੇ ਬੈਠੇ ਹੋਏ ਹਨ। ਪੰਜਾਬ ਪੁਲਿਸ ਨੇ ਸਾਂਝੀ ਮੁਹਿੰਮ ਸ਼ੁਰੂ ਕਰਨ ਲਈ ਗੁਰਦਾਸਪੁਰ ਤੋਂ ਪੁਲਿਸ ਟੀਮਾਂ ਨੂੰ ਪੀਲੀਭੀਤ ਭੇਜਿਆ ਸੀ। ਉਹਨਾਂ ਦੱਸਿਆ ਕਿ ਇਹ ਸਾਰੇ ਹੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਰਹਿਣ ਵਾਲੇ ਸਨ ਅਤੇ ਕਲਾਨੌਰ ਦੇ ਬਕਸ਼ੀਵਾਲਾ ਥਾਣੇ ‘ਤੇ ਹੋਏ ਗ੍ਰਨੇਡ ਹਮਲੇ ਵਿਚ ਸ਼ਾਮਲ ਸਨ। ਬਾਅਦ ਵਿੱਚ ਕੇਜ਼ੈੱਡਐੱਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਹ ਮੁਕਾਬਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਦੇ ਪੂਰਨਪੁਰ ਖੇਤਰ ਵਿੱਚ ਹੋਇਆ ਸੀ। ਡੀਜੀਪੀ ਨੇ ਕਿਹਾ ਕਿ ਪੂਰੇ ਖਾੜਕੂ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਏਡੀਜੀ ਰਮਿਤ ਸ਼ਰਮਾ ਨੇ ਦੱਸਿਆ ਕਿ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ‘ਚ ਗ੍ਰਨੇਡ ਨਾਲ ਹੋਇਆ ਸੀ। ਇਸ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਖਾੜਕੂ ਵੀ ਸ਼ਾਮਲ ਸਨ। ਇਸ ਸਬੰਧੀ ਪੁਖ਼ਤਾ ਜਾਣਕਾਰੀ ਸੀ, ਜਿਸ ‘ਤੇ ਕਾਰਵਾਈ ਕਰਨ ਲਈ ਚੌਕਸੀ ਵਧਾ ਦਿੱਤੀ ਗਈ ਸੀ। ਇਸੇ ਕੜੀ ਤਹਿਤ ਜਦੋਂ ਪੰਜਾਬ ਪੁਲਿਸ ਦੀ ਟੀਮ ਇੱਥੇ ਆਈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਘੇਰਿਆ ਗਿਆ।ਉਨ੍ਹਾਂ ਨੇ ਦੱਸਿਆ, “ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਵੱਲੋਂ ਘਿਰਿਆ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਜਾਨ ਤੋਂ ਮਾਰਨ ਦੀ ਨੀਤ ਨਾਲ ਗੋਲੀਬਾਰੀ ਕੀਤੀ ਅਤੇ ਪੁਲਿਸ ਨੇ ਵੀ ਆਤਮ ਰੱਖਿਆ ਦੇ ਤਹਿਤ ਜਵਾਬੀ ਕਾਰਵਾਈ ਕੀਤੀ, ਜਿਸ ਵਿਚਾਲੇ ਉਹ ਜ਼ਖਮੀ ਹੋ ਗਏ ਅਤੇ ਇਲਾਜ ਲਈ ਲੈ ਕੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਇਸ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਤਿੰਨਾਂ ਦੇ ਨਾਂ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ।ਰਮਿਤ ਸ਼ਰਮਾ ਨੇ ਅੱਗ ਦੱਸਿਆ ਕਿ ਇਨ੍ਹਾਂ ਕੋਲੋਂ 2 ਮੋਡੀਫਾਈਡ ਏਕੇ ਰਾਈਫਲ, 2 ਵਿਦੇਸ਼ੀ ਪਿਸਤੌਲ, ਭਾਰੀ ਮਾਤਰਾ ਵਿੱਚ ਅਸਲਾ ਅਤੇ ਇੱਕ ਚੋਰੀ ਦੀ ਬਾਈਕ ਬਰਾਮਦ ਹੋਈ ਹੈ।
ਜਸ਼ਨ ਤੇ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੇ ਖਾੜਕੂਆਂ ਨਾਲ ਸੰਬੰਧਾਂ ਨੂੰ ਨਕਾਰਿਆ
ਉਧਰ ਮ੍ਰਿਤਕ ਵਰਿੰਦਰ ਸਿੰਘ (23) ਰਵੀ ਅਗਵਾਨ ਦੇ ਪਰਿਵਾਰਾਂ ਦੇ ਘਰਾਂ ਨੂੰ ਜਿੰਦਰੇ ਲੱਗੇ ਹਨ ਤੇ ਪਰਿਵਾਰ ਘਰ ਨਹੀਂ ਸੀ, ਜਦਕਿ ਨੇੜਲੇ ਪਿੰਡ ਸ਼ਹੂਰ ਖੁਰਦ ਵਾਸੀ ਜਸ਼ਨਪ੍ਰੀਤ ਸਿੰਘ (18) ਦੀ ਮਾਤਾ ਪਰਮਜੀਤ ਕੌਰ, ਪਤਨੀ ਗੁਰਪ੍ਰੀਤ ਨੇ ਦੱਸਿਆ ਕਿ ਉਹ ਤਿੰਨ ਭਰਾ ਅਤੇ ਦੋ ਭੈਣਾਂ ਹਨ ਅਤੇ ਤਿੰਨੇ ਭਰਾ ਅਨਪੜ੍ਹ ਹੋਣ ਕਾਰਨ ਮਜ਼ਦੂਰੀ ਕਰਦੇ ਹਨ । ਜਸ਼ਨਪ੍ਰੀਤ ਸਿੰਘ ਦਾ ਪਿੰਡ ਕਲਾਨੌਰ ਤੋਂ ਕਰੀਬ 10 ਕਿਲੋਮੀਟਰ ਦੂਰ ਨਿੱਕਾ ਸ਼ਹੂਰ ਪੈਂਦਾ ਹੈ। ਉਸ ਦਾ ਪਰਿਵਾਰ ਦੋ ਕਮਰਿਆਂ ਵਾਲਾ ਇੱਕ ਘਰ ਵਿਚ ਰਹਿੰਦਾ ਹੈ, ਜਿਸ ਨੂੰ ਪਲੱਸਤਰ ਵੀ ਨਹੀਂ ਹੋਇਆ ਸੀ। ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਦਿਹਾੜੀ ਨਹੀਂ ਸਗੋਂ ਟਰੱਕ ਡਰਾਇਵਰੀ ਸਿੱਖੇਗਾ। ਜਸ਼ਨਪ੍ਰੀਤ ਦੇ ਮਾਪਿਆ ਮੁਤਾਬਕ ਬੀਤੇ ਮੰਗਲਵਾਰ ਵਰਿੰਦਰ ਰਵੀ ਉਨ੍ਹਾਂ ਦੇ ਮੁੰਡੇ ਨੂੰ ਘਰੋਂ ਲੈ ਕੇ ਗਿਆ ਸੀ। ਉਦੋਂ ਉਹਨਾਂ ਕਿਹਾ ਸੀ ਕਿ ਉਹ ਟਰੱਕ ਡਰਾਇਵਰੀ ਲਈ ਜਾ ਰਹੇ ਹਨ।ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਘਰ ਨਹੀਂ ਆਇਆ ਸੀ ਅਤੇ ਉਹ ਦਿਹਾੜੀ ਵਗੈਰਾ ਕਰਦਾ ਸੀ। ਕਰੀਬ ਅੱਠ ਦਿਨ ਹੋ ਗਏ, ਉਸ ਨੂੰ ਗਏ ਹੋਏ ਜਿਸ ਤੋਂ ਬਾਅਦ ਉਸ ਦਾ ਫ਼ੋਨ ਵੀ ਨਹੀਂ ਲੱਗਾ ਅਤੇ ਜਦੋਂ ਅਸੀਂ ਕਾਲ ਕਰਦੇ ਸੀ ਤਾਂ ਉਸ ਦਾ ਫ਼ੋਨ ਬੰਦ ਆਉਂਦਾ ਸੀ। ਸਾਨੂੰ ਤਾਂ ਹੁਣ ਇਸ ਘਟਨਾ ਦਾ ਪਤਾ ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੱਚਾ ਕਿਸੇ ਵੀ ਖਾੜਕੂ ਜਥੇਬੰਦੀ ਨਾਲ ਸੰਬੰਧਿਤ ਨਹੀਂ ਸੀ।
ਉਧਰ ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਵਾਸੀ ਰਹੀਮਾਬਾਦ ਨੇ ਦੱਸਿਆ ਕਿ ਉਹ ਇਕਲੌਤਾ ਸੀ ਤੇ ਪਿੰਡ ਰਹੀਮਾਬਾਦ ਤੋਂ ਘਰ ਵੇਚ ਕੇ ਪਿਛਲੇ ਲੰਮੇਂ ਸਮੇਂ ਤੋਂ ਪਰਿਵਾਰ ਕਲਾਨੌਰ ਰਹਿ ਰਿਹਾ ਸੀ ਤੇ ਮਿਹਨਤ ਕਰ ਕੇ ਗੁਜ਼ਾਰਾ ਕਰ ਰਿਹਾ ਸੀ ।ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਦੋ ਸਾਲ ਪਹਿਲਾਂ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਤੱਕ ਕੋਈ ਕੰਮ-ਕਾਰ ਨਹੀਂ ਕਰਦਾ ਸੀ।ਅਤੇ ਗੁਰਵਿੰਦਰ ਸਿੰਘ ‘ਤੇ ਕੁਝ ਸਮਾਂ ਪਹਿਲਾਂ ਮੁਕੱਦਮਾ ਦਰਜ ਸੀ, ਜੋ ਅਦਾਲਤ ਵਿਚ ਚੱਲ ਰਿਹਾ ਹੈ।
ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ, ”ਉਹ ਸੋਚਦੇ ਰਹੇ ਕਿ ਉਨ੍ਹਾਂ ਦਾ ਮੁੰਡਾ ਆਪਣੇ ਦੋਸਤਾਂ ਨਾਲ ਘੁੰਮਣ-ਫਿਰਨ ਗਿਆ ਹੋਇਆ ਹੈ। ਉਨ੍ਹਾਂ ਨੂੰ ਪੁਲਿਸ ਨੇ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ।ਅਸੀਂ ਨਹੀਂ ਜਾਣਦੇ ਕਿ ਉਹ ਯੂਪੀ ਕਿਵੇਂ ਪਹੁੰਚ ਗਿਆ, ਮੈਂ ਤਾਂ ਦਿਹਾੜੀਦਾਰ ਬੰਦਾ ਹਾਂ ਅਤੇ ਕਿਰਾਏ ਉੱਤੇ ਰਹਿੰਦਾ ਹਾਂ।”
ਗੁਰਦੇਵ ਸਿੰਘ ਮੁਤਾਬਕ ਗੁਰਵਿੰਦਰ ਸਿੰਘ 3-4 ਦਿਨ ਪਹਿਲਾਂ ਰੂਟੀਨ ਵਾਂਗ ਹੀ ਘਰੋਂ ਗਿਆ ਸੀ, ਜਦੋਂ ਅਸੀਂ ਫੋਨ ਕੀਤਾ ਤਾਂ ਕਹਿੰਦਾ ਮੈਂ ਆ ਜਾਵਾਂਗਾ, ਪਰ ਬਾਅਦ ਵਿੱਚ ਉਸ ਦਾ ਫੋਨ ਹੀ ਬੰਦ ਹੋ ਗਿਆ। ਅਤੇ ਜਦੋਂ ਬੀਤੇ ਮੰਗਲਵਾਰ ਘਰੋਂ ਪ੍ਰਾਹੁਣੇ ਨੂੰ ਛੱਡਣ ਲਈ ਗਿਆ ਤਾਂ ਬਾਅਦ ਵਿਚ ਕੋਈ ਪਤਾ ਨਹੀਂ ਲੱਗਾ ।ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਕਿਸੇ ਵੀ ਜਥੇਬੰਦੀ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਬੱਚੇ ਕੁਝ ਦਿਨ ਪਹਿਲਾਂ ਘਰੋਂ ਗਾਇਬ ਹੋਏ ਹਨ ਤੇ ਉਨ੍ਹਾਂ ਘਰ ਇਸ ਮਾਮਲੇ ਵਿਚ ਕਦੇ ਵੀ ਪੁਲਿਸ ਨਹੀਂ ਆਈ, ਜਦਕਿ ਜਦੋਂ ਹੁਣ ਉਨ੍ਹਾਂ ਨੂੰ ਪੁਲਿਸ ਰਾਹੀਂ ਬੱਚਿਆਂ ਦੇ ਮੁਕਾਬਲੇ ਸੰਬੰਧੀ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਇਸ ਸੰਬੰਧੀ ਪੰਜਾਬ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵਲੋਂ ਉਕਤ ਤਿੰਨਾਂ ਨੌਜਵਾਨਾਂ ਦੇ ਖ਼ਾਲਿਸਤਾਨ ਜਿੰਦਾਬਾਦ ਫੋਰਸ ਜਥੇਬੰਦੀ ਨਾਲ ਸੰਬੰਧ ਦੱਸੇ ਅਤੇ ਕਿਹਾ ਕਿ ਇਨ੍ਹਾਂ ਵਲੋਂ ਪੁਲਿਸ ਥਾਣਾ ਕਲਾਨੌਰ ਦੀ ਬੰਦ ਪਈ ਪੁਲਿਸ ਚੌਕੀ ਬਖਸ਼ੀਵਾਲ ਵਿਚ ਧਮਾਕਾ ਕੀਤਾ ਸੀ ਅਤੇ ਉਹ ਫਰਾਰ ਸਨ, ਜਿਨ੍ਹਾਂ ਨੂੰ ਹਥਿਆਰਾਂ ਸਮੇਤ ਪਿੱਛਾ ਕਰਨ ਉਪਰੰਤ ਪੀਲੀਭੀਤ ਵਿਚ ਮੁਕਾਬਲੇ ਦੌਰਾਨ ਹਲਾਕ ਕੀਤਾ ਹੈ।
ਕੀ ਕਹਿਣਾ ਹੈ ਲੋਕਾਂ ਦਾ
ਸ਼ੋਸ਼ਲ ਮੀਡੀਆ ਉਪਰ ਲੋਕ ਪੁਲਿਸ ਦੀ ਕਹਾਣੀ ਨੂੰ ਸ਼ੱਕੀ ਦਸ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਕਹਾਣੀ ਪਹਿਲਾਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਵਰਗੀ ਹੈ,ਬਸ ਪਾਤਰ ਬਦਲੇ ਗਏ ਹਨ। ਗਰੀਬ ਸਿਖ ਮਜ਼ਦੂਰਾਂ ਦੇ ਬੱਚੇ ਬਲੀ ਚੜ੍ਹ ਗਏ।ਪਰ ਅਜੇ ਤਕ ਕਿਸੇ ਮਨੁੱਖੀ ਅਧਿਕਾਰ ਸੰਗਠਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।ਮਾਂ ਬਾਪ ਗਰੀਬ ਹੋਣ ਕਾਰਣ ਨਿਆਂ ਵੀ ਨਹੀਂ ਮੰਗ ਸਕਦੇ।ਇਸ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਕਰਾਈ ਜਾਵੇ।ਬੀਬੀ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ਕਿ ਪੁਲੀਸ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਨੀਤੀ ਬੰਦ ਕੀਤੀ ਜਾਵੇ ਅਤੇ ਆਨੇ-ਬਹਾਨੇ ਲੋਕਾਂ ਦੇ ਮੁੱਢਲੇ ਜਮਹੂਰੀ ਹੱਕਾਂ ਦਾ ਘਾਣ ਬੰਦ ਜਾਵੇ ਕਿਉਂਕਿ ਜਮਹੂਰੀ ਹੱਕਾਂ ਦੀ ਮਹਿਫੂਜ਼ੀਅਤ ਹੀ ਲੋਕਤੰਤਰ ਦੀ ਰੂਹ ਹੈ।

Related Articles

Latest Articles