6.3 C
Vancouver
Saturday, January 18, 2025

ਕੈਨੇਡਾ ਪੋਸਟ ਹੜ੍ਹਤਾਲ ਲੱਗਾ ਬੈਕਲੌਗ ਬਰਕਰਾਰ, ਪਾਸਪੋਰਟਾਂ ਦੀ ਦੇਰੀ ਕਾਰਨ ਲੋਕ ਪ੍ਰੇਸ਼ਾਨ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਪੋਸਟ ਦੀ ਹੜ੍ਹਤਾਲ ਕਾਰਨ ਲੱਗੇ ਵੱਡੇ ਬੈਕਲੌਗ ਕਾਰਨ ਸਿਰਫ਼ ਛੁੱਟੀਆਂ ਦੇ ਤੋਹਫ਼ਿਆਂ ਦੀ ਦੇਰੀ ਹੀ ਨਹੀਂ ਹੋਈ, ਸਗੋਂ ਹਜ਼ਾਰਾਂ ਕੈਨੇਡੀਅਨ ਲੋਕ ਆਪਣੇ ਪਾਸਪੋਰਟਾਂ ਦੀ ਅਜੇ ਵੀ ਉਡੀਕ ਕਰ ਰਹੇ ਹਨ । ਸਸਕਾਟੂਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ, ਜਿਨ੍ਹਾਂ ਨੂੰ ਛੇ ਹਫ਼ਤਿਆਂ ਤੋਂ ਪਾਸਪੋਰਟ ਦੀ ਉਡੀਕ ਹੈ। ਇਸ ਪਰਿਵਾਰ ਦੇ ਮੈਂਬਰ ਬਰਟਨ ਨੇ ਕਿਹਾ ਕਿ ਜਨਵਰੀ 2 ਨੂੰ ਆਪਣੇ ਪਰਿਵਾਰ ਨਾਲ ਮੈਕਸੀਕੋ ਜਾ ਰਹੇ ਹਨ, ਪਰ ਉਨ੍ਹਾਂ ਦੇ ਪਾਸਪੋਰਟ ਦਾ ਅਜੇ ਤੱਕ ਕੋਈ ਪਤਾ ਨਹੀਂ। ਕੈਨੇਡਾ ਪੋਸਟ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪਾਸਪੋਰਟ 27 ਦਸੰਬਰ ਤੱਕ ਮਿਲ ਜਾਣਾ ਚਾਹੀਦਾ ਹੈ, ਪਰ ਬਰਟਨ ਨੂੰ ਚਿੰਤਾ ਹੈ ਕਿ ਸ਼ਾਇਦ ਇਹ ਸਮੇਂ ‘ਤੇ ਨਹੀਂ ਆਵੇਗਾ ਅਤੇ ਉਨ੍ਹਾਂ ਵਲੋਂ ਉਲੀਕਿਆ ਗਿਆ ਸਾਰਾ ਪ੍ਰੋਗਰਾਮ ਵਿਅਰਥ ਹੋ ਸਕਦਾ ਹੈ।
ਉਨ੍ਹਾਂ ਕਿਹਾ, ”ਮੈਂ ਆਸ ਕਰ ਰਿਹਾ ਹਾਂ ਕਿ ਉਹ ਮੈਨੂੰ ਅਸਥਾਈ ਪਾਸਪੋਰਟ ਜਾਂ ਕੋਈ ਹੋਰ ਦਸਤਾਵੇਜ਼ ਦੇ ਸਕਣ, ਜਿਸ ਨਾਲ ਮੈਂ ਆਪਣੀ ਯਾਤਰਾ ਕਰ ਸਕਾਂ।”
ਕੈਨੇਡਾ ਪੋਸਟ ਨੇ ਇੱਕ ਬਿਆਨ ਵਿੱਚ ਕਿਹਾ ਕਿ 16 ਦਸੰਬਰ ਤੋਂ ਪਾਸਪੋਰਟਾਂ ਨੂੰ ਗਾਹਕਾਂ ਨੂੰ ਭੇਜਿਆ ਜਾ ਰਿਹਾ ਹੈ, ਪਰ ਇਸ ‘ਤੇ ਦੇਰੀ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ। 12 ਤੋਂ 16 ਦਸੰਬਰ ਦੇ ਦਰਮਿਆਨ ਕੁਝ ਪਾਸਪੋਰਟ ਕੈਨੇਡਾ ਪੋਸਟ ਦੇ ਦਫ਼ਤਰਾਂ ਤੱਕ ਪਹੁੰਚਾ ਕੇ ਲੋਕਾਂ ਨੂੰ ਤੁਰੰਤ ਸਪੁਰਦ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਨਾਲ ਪ੍ਰਭਾਵਿਤ ਗਾਹਕਾਂ ਨੂੰ ਫ਼ੋਨ ਕਰਕੇ ਦੱਸਿਆ ਗਿਆ ਕਿ ਉਹ ਆਪਣੇ ਪਾਸਪੋਰਟ ਆ ਕੇ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਨੇਡਾ ਪੋਸਟ ਵਲੋਂ ਹੜ੍ਹਤਾਲ ਦੌਰਾਨ ਰੋਕੇ ਗਏ ਪਾਰਸਲ ਪ੍ਰੋਸੈਸ ਕੀਤੇ ਜਾ ਰਹੇ ਹਨ ਅਤੇ ਕ੍ਰਿਸਮਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਡਿਲੀਵਰ ਹੋਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਗਿਆ ਹੈ ਕਿ ਦੇਰੀ ਨੂੰ ਪੂਰਾ ਕਰਨ ਲਈ ਵਰਕਰ ਇਸ ਹਫ਼ਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰ ਰਹੇ ਹਨ। ਹਾਲਾਂਕਿ, ਲੋਕ ਜਨਵਰੀ ਦੇ ਸ਼ੁਰੂ ਤੱਕ ਸਮਾਨ ਦੇਰੀ ਨਾਲ ਮਿਲਣ ਦੀ ਸੰਭਾਵਨਾ ਬਰਕਰਾਰ ਹੈ।
ਹੜਤਾਲ ਕਾਰਨ ਨਾ ਸਿਰਫ਼ ਲੋਕਾਂ ਦੀਆਂ ਯਾਤਰਾਵਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਸਗੋਂ ਕਾਰੋਬਾਰ, ਪੜ੍ਹਾਈ ਅਤੇ ਹੋਰ ਮਹੱਤਵਪੂਰਨ ਕੰਮਾਂ ਵਿੱਚ ਵੀ ਰੁਕਾਵਟ ਪੈਦਾ ਹੋ ਰਹੀ ਹੈ। ਹਜ਼ਾਰਾਂ ਲੋਕ ਆਪਣੇ ਦਸਤਾਵੇਜ਼ਾਂ ਦੀ ਉਡੀਕ ਵਿੱਚ ਹਨ, ਜਿਸ ਕਰਕੇ ਉਹ ਆਪਣੇ ਕੰਮ ਸਹੀ ਸਮੇਂ ‘ਤੇ ਨਹੀਂ ਕਰ ਪਾ ਰਹੇ। This report was written by Simranjit Singh as part of the Local Journalism Initiative.

Related Articles

Latest Articles