ਸਰੀ, (ਦਿਵਰੂਪ ਕੌਰ): ਓਨਟਾਰੀਓ ਲੋਟਰੀ ਐਂਡ ਗੇਮਿੰਗ ਕਾਰਪੋਰੇਸ਼ਨ (ਓਐਲਜੀ) ਵੱਲੋਂ ਮੰਗਲਵਾਰ ਨੂੰ ਇੱਕ ਦਿਲਚਸਪ ਖੁਲਾਸਾ ਕੀਤਾ ਗਿਆ ਹੈ, ਜਿਸ ਮੁਤਾਬਕ ਟੋਰਾਂਟੋ ਦੇ ਰਹਿਣ ਵਾਲੇ ਇੱਕ ਭੈਣ-ਭਰਾ ਨੇ 75 ਮਿਲੀਅਨ ਡਾਲਰ (7.5 ਕਰੋੜ ਡਾਲਰ) ਦਾ ਵੱਡਾ ਜੈਕਪਾਟ ਜਿੱਤਿਆ ਹੈ। ਓਐਲਜੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਭੈਣ-ਭਰਾ ਦੀ ਜੋੜੀ ਨੇ ਇੰਨੀ ਵੱਡੀ ਲਾਟਰੀ ਜਿੱਤੀ ਹੋਵੇ। ਕਾਰਪੋਰੇਸ਼ਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਦੇ ਅੱਧੇ ਨਾਮ ਜੋਨਾਥਨ ਆਰ. ਅਤੇ ਮਾਈਲੀਨ ਪੀ. ਵਜੋਂ ਦੱਸੇ ਗਏ ਹਨ ਅਤੇ ਇਹ ਇਨਾਮ 3 ਮਾਰਚ ਦੇ ਡਰਾਅ ਦਾ ਹੈ। ਇਹ ਭੈਣ-ਭਰਾ ਪਿਛਲੇ ਲਗਭਗ ਦੋ ਸਾਲਾਂ ਤੋਂ ਇਕੱਠੇ ਲਾਟਰੀ ਖੇਡ ਰਹੇ ਸਨ। ਉਹ ਹਮੇਸ਼ਾ ਆਪਣੇ ਪਰਿਵਾਰ ਲਈ ਖਾਸ ਮਹੱਤਵ ਰੱਖਣ ਵਾਲੇ ਨੰਬਰਾਂ ਦੀ ਹੀ ਚੋਣ ਕਰਦੇ ਸਨ। ਜੋਨਾਥਨ ਨੇ ਇੱਕ ਸਵੇਰ ਓਐਲਜੀ ਐਪ ਉੱਤੇ ਟਿਕਟ ਚੈੱਕ ਕੀਤੀ, ਜੋ ਉਨ੍ਹਾਂ ਨੇ ਨੌਰਥ ਯਾਰਕ ਦੇ ਡ੍ਰਿਊਰੀਜ਼ ਵਰਾਇਟੀ ਸਟੋਰ ਤੋਂ ਖਰੀਦੀ ਸੀ। ਜੋਨਾਥਨ ਨੇ ਦੱਸਿਆ ਕਿ ਪਹਿਲਾਂ ਨੀਂਦ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਲੱਗਿਆ ਕਿ ਇਨਾਮ 75,000 ਡਾਲਰ ਦਾ ਹੈ, ਪਰ ਜਦੋਂ ਐਨਕ ਲਗਾ ਕੇ ਦੇਖਿਆ ਤਾਂ ਜ਼ੀਰੋ ਜ਼ਿਆਦਾ ਸਨ। ਜਦੋਂ ਜੋਨਾਥਨ ਨੇ ਇਹ ਖਬਰ ਆਪਣੀ ਭੈਣ ਮਾਈਲੀਨ ਨਾਲ ਸਾਂਝੀ ਕੀਤੀ ਤਾਂ ਉਹ ਖੁਸ਼ੀ ਦੇ ਮਾਰੇ ਰੋਣ ਲੱਗ ਪਈ। ਮਾਈਲੀਨ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਅਜਿਹੇ ਸੁਪਨੇ ਦੇਖੇ ਸਨ ਪਰ ਇਹ ਸੱਚ ਹੋ ਜਾਵੇਗਾ, ਇਸ ਦੀ ਉਮੀਦ ਨਹੀਂ ਸੀ। ਜੋਨਾਥਨ ਦੀ ਪਤਨੀ ਨੂੰ ਵੀ ਪਹਿਲਾਂ ਲੱਗਿਆ ਕਿ ਇਹ ਕੋਈ ਮਜ਼ਾਕ ਹੈ, ਕਿਉਂਕਿ ਜੋਨਾਥਨ ਅਕਸਰ ਅਜਿਹੇ ਮਜ਼ਾਕ ਕਰਦਾ ਰਹਿੰਦਾ ਸੀ। ਪਰ ਬਾਅਦ ਵਿੱਚ ਜਦੋਂ ਦੋਵਾਂ ਨੇ ਯਕੀਨ ਦਿਵਾਇਆ ਤਾਂ ਉਹ ਭਾਵੁਕ ਹੋ ਗਈ। ਦੋਵਾਂ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਹੈ। ਜੋਨਾਥਨ ਨੇ ਦੱਸਿਆ ਕਿ ਉਹ ਇੱਕ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਕੈਨੇਡਾ ਆਏ ਸਨ। ਹੁਣ ਉਹ ਆਪਣੇ ਮਾਪਿਆਂ, ਪਤਨੀ ਅਤੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨਗੇ ਅਤੇ ਬੱਚਿਆਂ ਦੀ ਉੱਚ ਸਿੱਖਿਆ ਦਾ ਪ੍ਰਬੰਧ ਕਰਨਗੇ। ਉਹ ਇੱਕ ਵੱਡਾ ਘਰ ਬਣਾਉਣਾ ਚਾਹੁੰਦੇ ਹਨ ਅਤੇ ਆਪਣੇ ਜੱਦੀ ਸ਼ਹਿਰ ਵਿੱਚ ਇੱਕ ਛੋਟਾ ਚੈਪਲ ਵੀ ਬਣਾਉਣਗੇ। ਮਾਈਲੀਨ, ਜੋ ਲੋਕਾਂ ਦੇ ਘਰਾਂ ਦੀ ਸਫਾਈ ਦਾ ਕੰਮ ਕਰਦੀ ਸੀ, ਹੁਣ ਆਪਣੇ ਨਵੇਂ ਸੁੰਦਰ ਘਰ ਦੀ ਸਫਾਈ ਕਰੇਗੀ। ਦੋਵੇਂ ਕੈਨੇਡਾ ਦੀ ਸੈਰ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। This report was written by Divroop Kaur as part of the Local Journalism Initiative.

