ਸਰੀ, (ਸਿਮਰਨਜੀਤ ਸਿੰਘ): ਸਰੀ ਦੇ ਇੱਕ ਸਟ੍ਰਿਪ ਮਾਲ ਵਿੱਚ ਰਾਤ ਦੇ ਸਮੇਂ ਲੱਗੀ ਅੱਗ ਕਾਰਨ ਕਈ ਕਾਰੋਬਾਰ ਤਬਾਹ ਹੋ ਗਏ ਹਨ। ਇਸ ਘਟਨਾ ਨਾਲ ਇਲਾਕੇ ਦੇ ਬਹੁਤ ਸਾਰੇ ਵਪਾਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਵੱਡਾ ਝਟਕਾ ਲੱਗਿਆ ਹੈ।
ਸਰੀ ਫਾਇਰ ਸਰਵਿਸ ਦੇ ਅਸਿਸਟੈਂਟ ਚੀਫ਼ ਕੇਵਿਨ ਕੋਪਲੈਂਡ ਨੇ ਦੱਸਿਆ ਕਿ ਬੁੱਧਵਾਰ ਰਾਤ 10:47 ਵਜੇ 135ਏ ਸਟਰੀਟ ਦੇ 10600 ਬਲੌਕ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਫਾਇਰਫਾਈਟਰ ਟੀਮ ਸਥਾਨ ‘ਤੇ ਪਹੁੰਚੀ, ਤਾਂ ਉਨ੍ਹਾਂ ਨੇ ਸਟ੍ਰਿਪ ਮਾਲ ਦੇ ਪਿਛਲੇ ਪਾਸਿਓਂ ਧੂੰਆਂ ਅਤੇ ਅੱਗ ਦੇਖੀ ਗਈ।
ਅੱਗ ਨੂੰ ਵੱਧਣ ਦਾ ਇੱਕ ਮੁੱਖ ਕਾਰਨ ਇੱਕ ਖਰਾਬ ਗੈਸ ਲਾਈਨ ਸੀ, ਜਿਸ ਨਾਲ ਅੱਗ ਹੋਰ ਭੜਕ ਉਠੀ । ਫਾਇਰਫਾਈਟਰਾਂ ਨੇ ਜ਼ੋਰ ਲਗਾ ਕੇ ਇਸ ਗੈਸ ਲਾਈਨ ਨੂੰ ਬੰਦ ਕੀਤਾ, ਜਿਸ ਨਾਲ ਅੱਗ ਦੇ ਵੱਧਣ ਤੋਂ ਰੋਕਥਾਮ ਹੋਈ। ਅੱਗ ਬੁਝਾਉਣ ਲਈ ਕੁੱਲ 24 ਫਾਇਰਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ। ਫਾਇਰਫਾਈਟਰਾਂ ਨੇ ਕਈ ਘੰਟਿਆਂ ਦੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਇਹ ਕਾਰਵਾਈ ਦੌਰਾਨ ਸੁਰੱਖਿਆ ਦੇ ਸਾਰੇ ਸਾਧਨ ਵਰਤੇ ਗਏ। ਅੱਗ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਅਤੇ ਨੁਕਸਾਨ ਦੀ ਸੰਪੂਰਨ ਮਾਤਰਾ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਅੱਗ ਕਾਰਨ ਇੱਕ ਰੈਸਟੋਰੈਂਟ, ਇੱਕ ਚਾਹ ਦੁਕਾਨ, ਅਤੇ ਇੱਕ ਕਾਊਂਸਲਿੰਗ ਸਰਵਿਸ ਸਬੰਧੀ ਸੇਵਾ ਤਹਿਸ-ਨਹਿਸ ਹੋਈ ਹੈ।