ਲੇਖਕ : ਡਾ. ਅਜੀਤਪਾਲ ਸਿੰਘ
ਪੈਂਕਰਿਅਸ (ਅਗਨਾਸ਼ਾ) ਗਲੈਂਡ ਹੈ ਜੋ ਪੇਟ ਅਤੇ ਰੀੜ੍ਹ ਦੇ ਵਿਚਕਾਰ ਪੇਟ ਵਿੱਚ ਡੂੰਘਾ ਪਿਆ ਹੁੰਦਾ ਹੈ ਜੋ ਡਿਊਡਿਨਮ ਨੂੰ ਜੋੜਦਾ ਹੈ। ਇਹ ਉਹ ਪਾਚਕ ਅੰਗ ਹੈ ਜੋ ਮੁੱਖ ਤੌਰ ‘ਤੇ ਪਾਚਨ ਇੰਜਾਇਮਾਂ ਰਾਹੀਂ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਬਲੱਡ ਸ਼ੂਗਰ ਦੇ ਲੈਵਲ ‘ਤੇ ਨਜ਼ਰ ਰੱਖਣ ਲਈ ਇੰਸੂਲਿਨ ਬਣਾਉਂਦਾ ਹੈ। ਅਗਨਾਸ਼ਾ ਪੇਟ ਵਿੱਚ ਡੂੰਘਾ, ਵੱਡੀ ਤੇ ਛੋਟੀ ਆਂਤ ਦੇ ਪਿੱਛੇ ਪਿਆ ਹੁੰਦਾ ਹੈ। ਅਗਮਾਸ਼ਾ ਦਾ ਕੈਂਸਰ ਘਾਤਕ ਕੈਂਸਰ ਹੈ ਕਿਉਂਕਿ ਅਗਨਾਸ਼ਾ ਦੇ ਅੰਦਰ ਘਾਤਕ ਟਿਊਮਰ ਹੌਲੀ-ਹੌਲੀ ਵਧਦਾ ਹੈ। ਸ਼ੁਰੂਆਤੀ ਪੜਾਅ ‘ਤੇ ਇਸ ਦਾ ਪਤਾ ਲਾਉਣਾ ਸੌਖਾ ਨਹੀਂ ਭਾਵੇਂ ਕੋਈ ਸ਼ਖ਼ਸ ਨਿਯਮਿਤ ਸਾਲਾਨਾ ਜਾਂਚ ਕਰਾਉਂਦਾ ਹੈ। ਸਾਧਾਰਨ ਟੈਸਟਾਂ ਨਾਲ ਇਸ ਦਾ ਪਤਾ ਕਰਨਾ ਮੁਸ਼ਕਿਲ ਹੈ। ਇਸ ਲਈ ਪੈਂਕਰਿਅਸ ਦਾ ਕੈਂਸਰ ਆਮ ਤੌਰ ‘ਤੇ ਐਡਵਾਂਸ ਅਵਸਥਾ ਵਿੱਚ ਹੀ ਲੱਭਦਾ ਹੈ। ਇਸ ਲਈ ਲੋੜੀਂਦੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ ਤੇ ਬਚਣ ਦੀ ਦਰ ਘਟ ਜਾਂਦੀ ਹੈ। ਮਰੀਜ਼ ਟਿਊਮਰ ਬਾਹਰ ਕੱਢਣ ਲਈ ਸਰਜਰੀ ਕਰਾ ਸਕਦਾ ਹੈ, ਫਿਰ ਵੀ ਉਸ ਦਾ ਜੀਵਨ ਹੋਰ ਕੈਂਸਰਾਂ ਦੇ ਮੁਕਾਬਲੇ ਘਟ ਜਾਂਦਾ ਹੈ। ਇਹ ਕੈਂਸਰ ਜਿਆਦਾਤਰ ਉਨ੍ਹਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੁੰਦੀ ਹੈ। ਮਰਦਾਂ ਨੂੰ ਇਹ ਔਰਤਾਂ ਦੇ ਮੁਕਾਬਲਤਨ ਜ਼ਿਆਦਾ ਹੁੰਦਾ ਹੈ।
ਅਗਨਾਸ਼ਾ ਕੈਂਸਰ ਹੋਣ ਦੇ ਕਾਰਨ
* ਸਿਗਰਟ ਪੀਣ ਵਾਲਿਆਂ ਨੂੰ ਬਿਮਾਰੀ ਹੋਣ ਦਾ ਖ਼ਤਰਾ ਦੋ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ।
* ਸ਼ੂਗਰ ਦੀ ਬਿਮਾਰੀ (ਡਾਇਬਟੀਜ਼ ਮਲਾਈਟਸ) ਨਾਲ ਪੀੜਤ ਲੋਕਾਂ ਨੂੰ ਇਹ ਜੋਖ਼ਿਮ ਵੱਧ ਹੁੰਦਾ ਹੈ।
* ਮੋਟੇ ਲੋਕਾਂ ਨੂੰ ਇਹ ਵਧੇਰੇ ਹੁੰਦਾ ਹੈ।
* ਉਹ ਲੋਕ ਜੋ ਜਾਨਵਰ ਦੀ ਚਰਬੀ ਦੀ ਲੰਮੇ ਸਮੇਂ ਤੱਕ ਵਰਤੋਂ ਕਰਦੇ ਹਨ। ਖਰਾਬ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਨਾਲ ਵੀ ਇਹ ਬਿਮਾਰੀ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ।
* ਕੀਟਨਾਸ਼ਕ ਵਰਗੇ ਰਸਾਇਣਾਂ ਨਾਲ ਜ਼ਿਆਦਾ ਸੰਪਰਕ ਰੱਖਣ ਵਾਲਿਆਂ ਨੂੰ ਇਹ ਕੈਂਸਰ ਵੱਧ ਹੁੰਦਾ ਹੈ।
* ਹੈਲੀਕੋਬੈਕਟਰ ਪੈਲੋਰੀ ਬੈਕਟੀਰੀਆ ਦੀ ਲਾਗ ਦੇ ਪੀੜਤਾਂ ਨੂੰ ਇਹ ਜੋਖ਼ਿਮ ਦੋ ਗੁਣਾ ਵੱਧ ਹੁੰਦਾ ਹੈ।
* ਅਗਨਾਸ਼ਾ ਦੀ ਸਮੱਸਿਆ ਵਾਲੇ ਪਰਿਵਾਰਾਂ ਦੇ ਜੀਆਂ ਨੂੰ ਇਹ ਕੈਂਸਰ ਹੋਣ ਦਾ ਖਤਰਾ ਵੱਧ ਹੁੰਦਾ ਹੈ।