Saturday, July 11, 2026

ਉੱਤਰੀ ਅਮਰੀਕਾ ਵਿਚ ਗਦਰ ਲਹਿਰ ਲਈ ਜ਼ਮੀਨ ਤਿਆਰ ਕਰਨ ਵਾਲੇ ਪ੍ਰੋਫੈਸਰ (ਸੰਤ) ਤੇਜਾ ਸਿੰਘ

ਲਿਖਤ : ਗੁਰਦੇਵ ਸਿੰਘ ਸਿੱਧੂ
ਸੰਪਰਕ: 94170-49417
ਉੱਤਰੀ ਅਮਰੀਕਾ ਵਿਚ ਗਦਰ ਲਹਿਰ ਦਾ ਤੇਜ਼ੀ ਨਾਲ ਪੁੰਗਾਰਾ ਹੋਣ ਲਈ ਢੁੱਕਵੇਂ ਵਾਤਾਵਰਨ ਦੀ ਸਿਰਜਨਾ ਵਿਚ ਆਮ ਤੌਰ ਉੱਤੇ ਸ੍ਰੀ ਤਾਰਕਨਾਥ ਦਾਸ, ਸ੍ਰੀ ਜੀ. ਡੀ. ਕੁਮਾਰ ਆਦਿ ਦਾ ਨਾਮ ਲਿਆ ਜਾਂਦਾ ਹੈ।ਬਹੁਤ ਘੱਟ ਪਾਠਕਾਂ ਨੂੰ ਪਤਾ ਹੈ ਕਿ ਇਸ ਮਨੋਰਥ ਲਈ ਪ੍ਰੋਫੈਸਰ ਤੇਜਾ ਸਿੰਘ, ਜੋ ਪਿੱਛੋਂ ਸੰਤ ਤੇਜਾ ਸਿੰਘ ਵਜੋਂ ਪ੍ਰਸਿੱਧ ਹੋਏ, ਦਾ ਯੋਗਦਾਨ ਵੀ ਘੱਟ ਨਹੀਂ।
14 ਮਈ 1877 ਮੁਤਾਬਿਕ ਜੇਠ ਦੀ ਪੂਰਨਮਾਸ਼ੀ ਸੰਮਤ 1934 ਨੂੰ ਪਿੰਡ ਬੱਲੋਵਾਲੀ ਜ਼ਿਲਾ ਗੁੱਜਰਾਂਵਾਲਾ ਵਿਚ ਮਾਤਾ ਸਦਾ ਕੌਰ ਅਤੇ ਪਿਤਾ ਰਲਾ ਸਿੰਘ ਦੇ ਘਰ ਜਨਮੇ ਬਾਲ ਦਾ ਨਾਉਂ ਨਿਰੰਜਨ ਸਿੰਘ ਰੱਖਿਆ ਗਿਆ।1901 ਵਿਚ ਐਮ.ਏ. (ਅੰਗਰਜ਼ੀ) ਅਤੇ ਐੱਲ.ਐੱਲ.ਬੀ. ਦੀ ਪੜ੍ਹਾਈ ਕਰਨ ਪਿੱਛੋਂ ਕੁੱਝ ਦੇਰ ਏਧਰ ਉਧਰ ਨੌਕਰੀ ਕਰਨ ਪਿੱਛੋਂ ਉਸ ਨੂੰ 1904 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਵਾਈਸ ਪ੍ਰਿੰਸੀਪਲ ਦੀ ਨਿਯੁਕਤੀ ਮਿਲੀ।ਅੰਮ੍ਰਿਤਸਰ ਦੇ ਅਧਿਆਤਮਕ ਮਾਹੌਲ ਵਿਚ ਉਸ ਨੂੰ ਆਪਣੀ ਮਾਤਾ ਅਤੇ ਨਾਨਕਾ ਪਰਿਵਾਰ ਤੋਂ ਮਿਲੇ ਗੁਰਮੁਖੀ ਸੰਸਕਾਰ ਪ੍ਰਫੁੱਲਤ ਹੋਏ।ਇੱਥੇ ਹੀ ਉਸ ਦੀ ਮੁਲਾਕਾਤ ਸੰਤ ਅਤਰ ਸਿੰਘ ਜੀ ਮਸਤੂਆਣਾ ਨਾਲ ਹੋਈ ਜਿਨ੍ਹਾਂ ਤੋਂ ਅੰਮ੍ਰਿਤ ਛਕਣ ਉਪਰੰਤ ਉਸ ਦਾ ਨਾਉਂ ਤੇਜਾ ਸਿੰਘ ਹੋਇਆ।ਇਸ ਵੇਲੇ ਤੱਕ ਉਸ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਆਪਣਾ ਜੀਵਨ ਵਿਦਿਆ ਦਾਨ ਦੇ ਲੇਖੇ ਹੀ ਲਾਵੇਗਾ।ਇਸ ਮਨੋਰਥ ਵਾਸਤੇ ਉਹ ਅਮਰੀਕਾ ਵਿਚ ਉਚੇਰੀ ਪੜ੍ਹਾਈ ਕਰਨੀ ਚਾਹੁੰਦਾ ਸੀ।ਸੰਤ ਅਤਰ ਸਿੰਘ ਜੀ ਨੇ ਵੀ ਇਸ ਵਿਚਾਰ ਦੀ ਪੁਸ਼ਟੀ ਕੀਤੀ।ਅਮਰੀਕਾ ਨੂੰ ਜਾਂਦਿਆਂ ਪ੍ਰੋਫੈਸਰ ਤੇਜਾ ਸਿੰਘ 24 ਅਗਸਤ 1906 ਨੂੰ ਲੰਡਨ ਪੁੱਜਾ ਅਤੇ ਇੱਥੇ ਕੈਂਬਰਿਜ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ।ਲੰਡਨ ਵਿਚ ਰਹਿੰਦਿਆ ਪ੍ਰੋਫੈਸਰ ਤੇਜਾ ਸਿੰਘ ਨੇ ਗੁਰਮਤ ਦਾ ਪ੍ਰਚਾਰ ਵੀ ਕੀਤਾ ਅਤੇ ”ਖਾਲਸਾ ਜਥਾ ਬ੍ਰਿਟਿਸ਼ ਆਈਲੈਂਡ” ਦੀ ਨੀਂਹ ਰੱਖੀ।ਦੋ ਸਾਲ ਵਿਚ ਇਹ ਪੜ੍ਹਾਈ ਪੂਰੀ ਕਰ ਕੇ ਤੇਜਾ ਸਿੰਘ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਟੀਚਰਜ਼ ਕਾਲਜ ਵਿਚ ਦਾਖਲਾ ਲੈ ਲਿਆ ਅਤੇ 1908 ਵਿਚ ਉੱਥੇ ਪਹੁੰਚ ਗਿਆ।ਅਮਰੀਕਾ ਆ ਕੇ ਵੀ ਉਸ ਨੇ ਗੁਰਮਤ ਪ੍ਰਚਾਰ ਕਰਨਾ ਜਾਰੀ ਰੱਖਿਆ।ਵੈਨਕੂਵਰ ਵਿਚ ਭਾਈ ਵਰਿਆਮ ਸਿੰਘ ਪਿੰਡ ਨੱਥੋਕੇ (ਫਿਰੋਜ਼ਪੁਰ), ਭਾਈ ਅਰਜਨ ਸਿੰਘ ਪਿੰਡ ਮਲਕ (ਲੁਧਿਆਣਾ), ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ (ਲਾਹੌਰ), ਭਾਈ ਬਲਵੰਤ ਸਿੰਘ ਪਿੰਡ ਖੁਰਦਪੁਰ (ਜਲੰਧਰ) ਆਦਿ ਦੀ ਅਗਵਾਈ ਵਿਚ ਗੁਰਦੁਆਰੇ ਦੀ ਸਥਾਪਨਾ ਕਰ ਚੁੱਕੀ ਸਿੱਖ ਸੰਗਤ ਨੂੰ ਉਸ ਦੇ ਪ੍ਰਚਾਰ ਦੀ ਖਬਰ ਮਿਲੀ ਤਾਂ ਉਹਨਾਂ ਪ੍ਰੋਫੈਸਰ ਤੇਜਾ ਸਿੰਘ ਨੂੰ ਕਨੇਡਾ ਆਉਣ ਦਾ ਸੱਦਾ ਦਿੱਤਾ।ਇਸ ਸੱਦੇ ਉੱਤੇ ਮਹੀਨਾ ਕੁ ਕਨੇਡਾ ਵਿਚ ਧਰਮ ਪ੍ਰਚਾਰ ਕਰ ਕੇ ਤੇਜਾ ਸਿੰਘ ਵਾਪਸ ਕੋਲੰਬੀਆ ਆ ਗਿਆ।
ਕੋਲੰਬੀਆ ਵਿਚ ਪਹੁੰਚਣ ਦੇ ਦਿਨ ਤੋਂ ਹੀ ਪ੍ਰੋਫੈਸਰ ਤੇਜਾ ਸਿੰਘ ਐਤਵਾਰ ਨੂੰ ਗੁਰਮਤ ਅਭਿਲੰਭੀਆਂ, ਜਿਨ੍ਹਾਂ ਵਿਚ ਗੋਰੇ ਗੋਰੀਆਂ ਵੀ ਸ਼ਾਮਲ ਸਨ, ਨਾਲ ਵਿਚਾਰਾਂ ਕਰਿਆ ਕਰਦਾ ਸੀ।ਇਕ ਗੋਰਾ ਮਿਸਟਰ ਟੀ.ਸੀ. ਕਰਾਫੋਰਡ ਗੁਰਮਤ ਜੀਵਨ ਜਾਚ ਗ੍ਰਹਿਣ ਕਰਨ ਵਾਸਤੇ ਦਿਲੋਂ ਮਨੋਂ ਏਨੀ ਤੀਬਰਤਾ ਨਾਲ ਸਰਗਰਮ ਹੋ ਗਿਆ ਕਿ ਪ੍ਰੋਫੈਸਰ ਤੇਜਾ ਸਿੰਘ ਨੇ ਪ੍ਰੇਮ ਨਾਲ ਉਸ ਨੂੰ ਭਾਈ ਹਿੰਮਤ ਦਾਸ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ।ਮਿਸਟਰ ਕਰਾਫੋਰਡ ਨੇ ਇਕ ਭਾਈਵਾਲ ਨਾਲ ਰਲ ਕੇ ਜੈਕਸਨ ਵਿਲ ਦੀ ਸੋਨੇ ਦੀ ਕਾਨ ਖ੍ਰੀਦੀ ਹੋਈ ਸੀ ਪਰ ਇਕ ਵੇਲਾ ਅਜਿਹਾ ਆਇਆ ਕਿ ਭਾਈਵਾਲ ਬੇਈਮਾਨ ਹੋ ਗਿਆ।ਉਸ ਨੇ ਮਿਸਟਰ ਕਰਾਫੋਰਡ ਦੀ ਮਾਲੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਸਾਰੀ ਕਾਨ ਉੱਤੇ ਕਬਜ਼ਾ ਕਰਨ ਦੀ ਵਿਉਂਤ ਬਣਾ ਲਈ।ਮਿਸਟਰ ਕਰਾਫੋਰਡ ਨੇ ਇਹ ਗੱਲ ਪ੍ਰੋਫੈਸਰ ਤੇਜਾ ਸਿੰਘ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਜੇ ਉਹ ਉਸ ਲਈ 50,000 ਡਾਲਰ ਦਾ ਪ੍ਰਬੰਧ ਕਰ ਦੇਣ ਤਾਂ ਉਹ ਆਪਣੇ ਹਿੱਸਿਆਂ ਵਿਚੋਂ ਕਾਨ ਦਾ ਚੌਥਾ ਹਿੱਸਾ ਢਾਈ ਲੱਖ ਡਾਲਰ ਵਿਚ ਉਹਨਾਂ ਨੂੰ ਦੇ ਦੇਵੇਗਾ।ਉਸ ਨੇ ਇਸ ਬਾਰੇ ਲਿਖਤੀ ਇਕਰਾਰਨਾਮਾ ਵੀ ਪ੍ਰੋਫੈਸਰ ਤੇਜਾ ਸਿੰਘ ਨੂੰ ਸੌਂਪ ਦਿੱਤਾ।ਉਸ ਦੀ ਨਿਰਮਾਣਤਾ ਅਤੇ ਅਧੀਨਗੀ ਨੂੰ ਦੇਖਦਿਆਂ ਪ੍ਰੋਫੈਸਰ ਤੇਜਾ ਸਿੰਘ ਵੈਨਕੂਵਰ ਦੀ ਸਿੱਖ ਸੰਗਤ ਦੀ ਮਦਦ ਨਾਲ ਮਿਸਟਰ ਕਰਾਫੋਰਡ ਨੂੰ ਮੁਸੀਬਤ ਵਿਚੋਂ ਕੱਢਣ ਦਾ ਮਨ ਬਣਾ ਕੇ ਬਿਨਾਂ ਪਹਿਲਾਂ ਕੋਈ ਸੂਚਨਾ ਦਿੱਤਿਆਂ ਅਗਸਤ 1908 ਦੇ ਮਹੀਨੇ ਵੈਨਕੂਵਰ ਪਹੁੰਚ ਗਿਆ। ਇਹ ਉਹ ਦਿਨ ਸਨ ਜਦ ਕਨੇਡਾ ਸਰਕਾਰ ਕਨੇਡਾ ਵਿਚ ਹਿੰਦੁਸਤਾਨੀਆਂ ਦੇ ਦਾਖਲੇ ਨੂੰ ਰੋਕਣ ਵਾਸਤੇ ਕਈ ਕਿਸਮ ਦੀਆਂ ਪਾਬੰਦੀਆਂ ਲਾ ਚੁੱਕੀ ਸੀ।8 ਜਨਵਰੀ 1908 ਦੇ ਇਕ ਆਰਡੀਨੈਂਸ ਦੁਆਰਾ ਪ੍ਰਵਾਸੀ ਨੂੰ ਆਪਣੇ ਮੁਲਕ ਤੋਂ ਸਿੱਧੀ ਯਾਤਰਾ ਰਾਹੀਂ ਕਨੇਡਾ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ 3 ਜੂਨ 1908 ਨੂੰ ਜਾਰੀ ਦੂਜੇ ਆਰਡੀਨੈਂਸ ਵਿਚ ਹਰ ਪ੍ਰਵਾਸੀ ਕੋਲ ਦੋ ਸੌ ਡਾਲਰ ਹੋਣੇ ਲਾਜ਼ਮੀ ਕਰ ਦਿੱਤੇ ਗਏ ਸਨ।ਇਹਨਾਂ ਹੁਕਮਾਂ ਦਾ ਇਕੋ ਇਕ ਨਿਸ਼ਾਨਾ ਹਿੰਦੁਸਤਾਨੀਆਂ ਦੀ ਕਨੇਡਾ ਵਿਚ ਆਮਦ ਨੂੰ ਠੱਲ ਪਾਉਣਾ ਸੀ।ਨਾਲ ਹੀ ਸਰਕਾਰ ਪਹਿਲਾਂ ਹੀ ਕਨੇਡਾ ਆ ਚੁੱਕੇ ਹਿੰਦੁਸਤਾਨੀਆਂ ਨੂੰ ਬ੍ਰਿਟਿਸ਼ ਹਾਂਡੂਰਸ ਭੇਜਣ ਦੀ ਯੋਜਨਾਬੰਦੀ ਕਰ ਰਹੀ ਸੀ।ਸਰਕਾਰ ਦਾ ਕਹਿਣਾ ਸੀ ਕਿ ਹਿੰਦੁਸਤਾਨੀ ਵਿਹਲੇ ਫਿਰਦੇ ਹਨ, ਉਹ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਉਹਨਾਂ ਦਾ ਗੰਦਾ ਪਹਿਰਾਵਾ ਸਥਾਨਕ ਵਸੋਂ ਦੇ ਮਨ ਵਿਚ ਬੇਚੈਨੀ ਅਤੇ ਨਫਰਤ ਪੈਦਾ ਕਰਨ ਦਾ ਕਾਰਨ ਹੈ।ਸਰਕਾਰ ਦੇ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਨ ਵਾਸਤੇ ਕਨੇਡਾ ਵਿਚਲੇ ਹਿੰਦੁਸਤਾਨੀ, ਜਿਨ੍ਹਾਂ ਵਿਚ ਬਹੁਗਿਣਤੀ ਸਿੱਖਾਂ ਦੀ ਸੀ, ਕਿਸੇ ਅੰਗਰੇਜ਼ੀ ਪੜ੍ਹੇ ਵਿਦਵਾਨ ਦੀ ਸਹਾਇਤਾ ਲੋੜਦੇ ਸਨ ਜੋ ਉਹਨਾਂ ਦੀਆਂ ਮੰਗਾਂ, ਲੋੜਾਂ, ਗਿੱਲੇ-ਸ਼ਿਕਵੇ ਨੂੰ ਸਹੀ ਰੂਪ ਵਿਚ ਕਨੇਡਾ ਸਰਕਾਰ ਸਾਹਮਣੇ ਰੱਖ ਸਕੇ।ਇਸ ਲਈ ਅਚਨਚੇਤ ਵੈਨਕੂਵਰ ਪੁੱਜੇ ਪ੍ਰੋਫੈਸਰ ਤੇਜਾ ਸਿੰਘ ਨੂੰ ਵੇਖ ਕੇ ਸਥਾਨਕ ਸੰਗਤ ਨੂੰ ਹੌਸਲਾ ਮਿਲਿਆ ਕਿਉਂ ਜੋ ਉਹ ਜਾਣਦੇ ਸਨ ਕਿ ਇਸ ਮੌਕੇ ਕਿਸੇ ਵੀ ਹੋਰ ਵਿਅਕਤੀ ਨਾਲੋਂ ਪ੍ਰੋਫੈਸਰ ਤੇਜਾ ਸਿੰਘ ਉਹਨਾਂ ਦੀ ਵੱਧ ਮਦਦ ਕਰ ਸਕਦਾ ਹੈ।ਇਨ੍ਹੀਂ ਦਿਨੀਂ ਵੈਨਕੂਵਰ ਵਿਚ ਲੱਕੜੀ ਦਾ ਬਣਿਆ ਦੋ ਮੰਜ਼ਲਾ ਗੁਰਦੁਆਰਾ ਸਾਰੇ ਹਿੰਦੁਸਤਾਨੀਆਂ ਦੇ ਮਿਲ ਬੈਠਣ ਦਾ ਕੇਂਦਰ ਬਣ ਚੁੱਕਾ ਸੀ।ਉੱਪਰਲੀ ਮੰਜ਼ਲ ਵਿਚ ਮਹਾਰਾਜ ਦਾ ਪ੍ਰਕਾਸ਼ ਸੀ ਅਤੇ ਹੇਠਲੀ ਮੰਜ਼ਲ ਦਾ ਹਾਲ ਇਕੱਤ੍ਰਤਾ ਕਰਨ ਦੇ ਕੰਮ ਆਉਂਦਾ ਸੀ।ਪ੍ਰੋਫੈਸਰ ਤੇਜਾ ਸਿੰਘ ਨੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਵਰਿਆਮ ਸਿੰਘ ਅਤੇ ਹੋਰ ਸੱਜਣਾਂ ਨਾਲ ਮੀਟਿੰਗ ਕਰ ਕੇ ਉਹਨਾਂ ਨੂੰ ਮਿਸਟਰ ਕਰਾਫੋਰਡ ਵਾਲੇ ਪ੍ਰਸਤਾਵ ਤੋਂ ਜਾਣੂੰ ਕਰਵਾਇਆ।ਫੈਸਲਾ ਹੋਇਆ ਕਿ ਇਕ ਤਾਂ ਸਰਕਾਰ ਵੱਲੋਂ ਹਿੰਦੁਸਾਨੀਆਂ ਨੂੰ ਵਿਹਲੜ ਦੱਸੇ ਜਾਣ ਨੂੰ ਝੂਠਾ ਦੋਸ਼ ਸਿੱਧ ਕਰਨ ਵਾਸਤੇ ਜਾਇਦਾਦ ਖ੍ਰੀਦੀ ਜਾਵੇ ਅਤੇ ਦੂਜੇ ਪ੍ਰੋਫੈਸਰ ਤੇਜਾ ਸਿੰਘ ਆਪਣੇ ਭਾਸ਼ਨਾਂ ਦੁਆਰਾ ਸਥਾਨਕ ਲੋਕਾਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਏ।
ਬ੍ਰਿਟਿਸ਼ ਹਾਂਡੂਰਸ ਵਿਚ ਪ੍ਰਵਾਸ ਕਰਵਾਉਣ ਨੂੰ ਸੰਭਵ ਬਣਾਉਣ ਦੀ ਯੋਜਨਾ ਦੇ ਪੜਾਅ ਵਜੋਂ ਕਮਿਸ਼ਨਰ ਪੱਧਰ ਦਾ ਇਕ ਸਰਕਾਰੀ ਅਧਿਕਾਰੀ ਮਿਸਟਰ ਜੇ.ਬੀ. ਹਰਕਿਨ ਅਤੇ ਕਨੇਡਾ ਵਿਚ ਹਿੰਦੁਸਤਾਨੀਆਂ ਦੀਆਂ ਸਰਗਰਮੀਆਂ ਦਾ ਭੇਦ ਲੈਣ ਵਾਲਾ ਸੂਹੀਆ ਮਿਸਟਰ ਹਾਪਕਿਨਸਨ ਦੋ ਸਿੱਖਾਂ, ਭਾਈ ਸਤਨਾਗਰ ਸਿੰਘ ਅਤੇ ਭਾਈ ਸ਼ਾਮ ਸਿੰਘ, ਨੂੰ ਬ੍ਰਿਟਿਸ਼ ਹਾਂਡੂਰਸ ਦਿਖਾਉਣ ਵਾਸਤੇ ਆਪਣੇ ਨਾਲ ਲੈ ਕੇ 25 ਅਕਤੂਬਰ 1908 ਨੂੰ ਉੱਥੇ ਗਏ ਅਤੇ 7 ਨਵੰਬਰ 1908 ਨੂੰ ਪਰਤੇ।ਯੋਜਨਾ ਇਹ ਸੀ ਕਿ ਸਰਕਾਰੀ ਧੌਂਸ ਨਾਲ ਸਿੱਖ ਪ੍ਰਤੀਨਿਧੀਆਂ ਦੀ ਵਾਪਸੀ ਉਪਰੰਤ ਉਹਨਾਂ ਤੋਂ ਹਿੰਦੁਸਤਾਨੀ ਭਾਈਚਾਰੇ ਕੋਲ ਇਹ ਰਿਪੋਰਟ ਕਰਵਾਈ ਜਾਵੇ ਕਿ ਬ੍ਰਿਟਿਸ਼ ਹਾਂਡੂਰਸ ਵਸੇਵੇ ਲਈ ਢੁੱਕਵੀਂ ਥਾਂ ਹੈ ਤਾਂ ਜੋ ਇਸ ਰਿਪੋਰਟ ਦੇ ਆਧਾਰ ਉੱਤੇ ਕਨੇਡਾ ਸਰਕਾਰ ਹਿੰਦੁਸਤਾਨੀਆਂ ਨੂੰ ਓਥੇ ਜਾਣ ਲਈ ਮਜਬੂਰ ਕਰ ਸਕੇ।ਉਪਰੋਕਤ ਪਹਿਲੇ ਫੈਸਲੇ ਦੀ ਲੋਅ ਵਿਚ ਪ੍ਰੋਫੈਸਰ ਤੇਜਾ ਸਿੰਘ ਨੇ ”ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ” 29 ਨਵੰਬਰ 1908 ਨੂੰ ਰਜਿਸਟਰ ਕਰਵਾ ਕੇ ਮਿਸਟਰ ਕਰਾਫੋਰਡ ਦੀ ਪੇਸ਼ਕਸ਼ ਨੂੰ ਅਮਲ ਵਿਚ ਲੈ ਆਂਦਾ, ਗੁਰੂ ਨਾਨਕ ਟਾਊਨ ਵਸਾਉਣ ਵਾਸਤੇ ਈਗਲ ਹਾਰਬਰ ਵਿਖੇ ਸਮੁੰਦਰ ਦੇ ਕਿਨਾਰੇ ਢਾਈ ਸੌ ਏਕੜ ਜ਼ਮੀਨ ਦਾ ਸੌਦਾ ਕਰ ਲਿਆ ਅਤੇ ਇਕ ਏਕੜ ਦਾ ਹੋਰ ਟੁਕੜਾ ਗੁਰਦੁਆਰਾ ਸਾਹਿਬ ਉਸਾਰਨ ਵਾਸਤੇ ਖ੍ਰੀਦਿਆ।ਪ੍ਰੋਫੈਸਰ ਤੇਜਾ ਸਿੰਘ ਦੇ ਭਾਸ਼ਨਾਂ ਨੇ ਵੀ ਸਥਾਨਕ ਲੋਕਾਂ ਦੇ ਭੁਲੇਖੇ ਦੂਰ ਕੀਤੇ।ਉਸ ਨੇ ਇਸ ਅਰਸੇ ਦੌਰਾਨ ਉੱਤਰੀ ਅਮਰੀਕਾ ਵਿਚ ਵਸਦੇ ਹੋਰ ਦੇਸ਼ਭਗਤਾਂ ਅਤੇ ਪੰਜਾਬ ਵਿਚਲੇ ਸਿੱਖ ਆਗੂਆਂ ਨਾਲ ਸੰਪਰਕ ਬਣਾਈ ਰੱਖਿਆ।ਇਨ੍ਹਾਂ ਕਾਰਵਾਈਆਂ ਸਦਕਾ ਕਨੇਡਾ ਵਿਚ ਵਸਦੇ ਹਿੰਦੁਸਤਾਨੀਆਂ ਦਾ ਹੌਸਲਾ ਵਧਿਆ ਜਿਸ ਨੂੰ ਵੇਖਦਿਆਂ ਬ੍ਰਿਟਿਸ਼ ਹਾਂਡੂਰਸ ਤੋਂ ਵਾਪਸ ਆਏ ਸਿੱਖਾਂ ਨੇ ਵੀ ਸਰਕਾਰੀ ਪ੍ਰਭਾਵ ਤੋਂ ਮੁਕਤ ਹੋ ਕੇ ਬ੍ਰਿਟਿਸ਼ ਹਾਂਡੂਰਸ ਦੀ ਅਸਲੀਅਤ ਬਿਆਨ ਕਰ ਦਿੱਤੀ।ਜਦ ਇਹ ਖਬਰ ਅਖਬਾਰਾਂ ਵਿਚ ਛਪੀ ਤਾਂ ਕਮਿਸ਼ਨਰ ਭੜਕ ਉੱਠਿਆ, ਉਸ ਨੇ ਸੁਨੇਹਾ ਭੇਜਿਆ ਕਿ ਰਿਪੋਰਟ ਸੁਣਾਉਣ ਵਾਸਤੇ ਉਹ ਖੁਦ ਆਵੇਗਾ। ਮਿਥੇ ਦਿਨ ਛੇ ਸੱਤ ਹਜ਼ਾਰ ਹਿੰਦੁਸਤਾਨੀ ਗੁਰਦੁਆਰੇ ਵਿਚ ਇਕੱਠੇ ਹੋ ਗਏ।ਇਸ ਬਾਰੇ ਪਤਾ ਲੱਗਣ ਉੱਤੇ ਸਰਕਾਰੀ ਕਰਮਚਾਰੀਆਂ, ਜਿਨ੍ਹਾਂ ਵਿਚ ਮਿਸਟਰ ਡਬਲਿਊ. ਸੀ. ਹਾਪਕਿਨਸਨ ਵੀ ਸੀ, ਨੇ ਮਿਸਟਰ ਹਰਕਿਨ ਨੂੰ ਡਰਾ ਕੇ ਗੁਰਦੁਆਰੇ ਵਿਚ ਜਾਣ ਤੋਂ ਰੋਕ ਲਿਆ।ਸੰਗਤ ਵੱਲੋਂ ਕੋਈ ਖਤਰਾ ਨਾ ਹੋਣ ਦਾ ਭਰੋਸਾ ਦਿੱਤੇ ਜਾਣ ਉੱਤੇ ਉਹ ਆ ਤਾਂ ਗਿਆ ਪਰ ਅੜ ਗਿਆ ਕਿ ਉਹ ਆਪਣੀ ਰਿਪੋਰਟ ਗੁਰਦੁਆਰੇ ਦੀ ਹੇਠਲੀ ਮੰਜ਼ਲ ਵਾਲੇ ਹਾਲ ਵਿਚ ਸੁਣਾਏਗਾ।ਸੰਗਤ ਨੇ ਇਹ ਗੱਲ ਮੰਨ ਲਈ ਪਰ ਸ਼ਰਤ ਇਹ ਲਾਈ ਕਿ ਉਸ ਨੂੰ ਹਿੰਦੁਸਤਾਨੀਆਂ ਵੱਲੋਂ ਦਿੱਤਾ ਜਾਣ ਵਾਲਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਵਾਨ ਕੀਤੇ ਗੁਰਮਤੇ ਦੇ ਰੂਪ ਵਿਚ ਹੋਵੇਗਾ। ਕਮਿਸ਼ਨਰ ਇਸ ਨਾਲ ਸਹਿਮਤ ਨਾ ਹੋਇਆ ਅਤੇ ਬਿਨਾਂ ਆਪਣੀ ਰਿਪੋਰਟ ਸੁਣਾਏ ਹੀ ਮੁੜ ਗਿਆ।ਸਰਕਾਰ ਨੇ ਅਗਲੀ ਚਾਲ ਇਹ ਖੇਡੀ ਕਿ ਬ੍ਰਿਟਿਸ਼ ਹਾਂਡੂਰਸ ਦੇ ਗਵਰਨਰ ਮਿਸਟਰ ਜਰਨਲ ਸਨੇਵ ਨੂੰ ਵੈਨਕੂਵਰ ਬੁਲਾ ਲਿਆ।ਹਿੰਦੁਸਤਾਨ ਵਿਚ ਨੌਕਰੀ ਕਰ ਚੁੱਕਾ ਮਿਸਟਰ ਸਨੇਵ ਪੰਜਾਬੀ ਅਤੇ ਉਰਦੂ ਬੋਲ ਅਤੇ ਸਮਝ ਲੈਂਦਾ ਸੀ ਇਸ ਲਈ ਸਰਕਾਰ ਸਮਝਦੀ ਸੀ ਕਿ ਉਹ ਹਿੰਦੁਸਤਾਨੀਆਂ ਨਾਲ ਵਿਅਕਤੀਗਤ ਮੁਲਾਕਾਤਾਂ ਕਰ ਕੇ ਉਹਨਾਂ ਨੂੰ ਬ੍ਰਿਟਿਸ਼ ਹਾਂਡੂਰਸ ਜਾਣ ਲਈ ਮਨਾ ਲਵੇਗਾ।ਮਿਸਟਰ ਸਨੇਵ ਨੇ ਕੁੱਝ ਦਿਨ ਮੇਲ ਮੁਲਾਕਾਤਾਂ ਕਰਨ ਉਪਰੰਤ ਇਹ ਰਿਪੋਰਟ ਦਿੱਤੀ ਕਿ ਹਿੰਦੁਸਤਾਨੀਆਂ ਵਿਰੁੱਧ ਲਾਏ ਜਾ ਰਹੇ ਦੋਸ਼ ਨਿਰਮੂਲ ਹਨ, ਉਹਨਾਂ ਵਿਚੋਂ ਕੋਈ ਵੀ ਵੈਨਕੂਵਰ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਜੇ ਉਹਨਾਂ ਨੂੰ ਧੱਕੇ ਨਾਲ ਬ੍ਰਿਟਿਸ਼ ਹਾਂਡੂਰਸ ਭੇਜ ਦਿੱਤਾ ਗਿਆ ਤਾਂ ਹਿੰਦੁਸਤਾਨ ਵਿਚ ਪੰਜਾਹ ਹਜ਼ਾਰ ਸਿੱਖ ਫੌਜ ਦੇ ਵਿਗੜ ਜਾਣ ਦਾ ਡਰ ਹੈ।
ਇਉਂ ਵੈਨਕੂਵਰ ਵਿਚ ਵਸਦੇ ਸਿੱਖਾਂ ਦੇ ਸਿਰਾਂ ਉੱਤੇ ਧੱਕੇ ਨਾਲ ਬ੍ਰਿਟਿਸ਼ ਹਾਂਡੂਰਸ ਭੇਜੇ ਜਾਣ ਦੀ ਲਟਕ ਰਹੀ ਤਲਵਾਰ ਦਾ ਡਰ ਖਤਮ ਹੋਇਆ।ਇਸ ਬਾਰੇ ਵੈਨਕੂਵਰ ਤੋਂ ਸ੍ਰੀ ਤਾਰਕਨਾਥ ਦਾਸ ਦੀ ਸੰਪਾਦਨਾ ਹੇਠ ਅੰਗਰੇਜ਼ੀ ਵਿਚ ਛਪਦੇ ‘ਦ ਫਰੀ ਹਿੰਦੁਸਤਾਨ’ ਦੇ ਜਨਵਰੀ-ਫਰਵਰੀ 1909 ਵਾਲੇ ਅੰਕ ਵਿਚ ਲਿਖਿਆ ਹੈ, ”ਹਿੰਦੁਸਤਾਨੀ ਸਰਕਾਰ ਅਤੇ ਮਿਸਟਰ ਮੌਰਲੇ ਵੱਲੋਂ ਉਕਸਾਏ ਜਾਣ ਉੱਤੇ ਕਨੇਡਾ ਸਰਕਾਰ ਨੇ ਸਿੱਖਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਹਾਂਡੂਰਸ ਭੇਜਣ ਦਾ ਯਤਨ ਕੀਤਾ।ਚੰਗੇ ਭਾਗੀਂ, ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਐੱਮ.ਏ., ਬੀ. ਐੱਲ. ਨੇ ਆ ਕੇ ਅਗਵਾਈ ਸੰਭਾਲੀ।ਇਕ ਸਿੱਖ ਅਤੇ ਇਕ ਜਮਾਂਦਰੂ ਆਗੂ ਵਜੋਂ ਗੁਣਵਾਨ ਪ੍ਰੋਫੈਸਰ ਨੇ ਸਹੀ ਹੌਸਲਾ ਵਿਖਾਇਆ ਅਤੇ ਆਪਣੇ ਸ਼ਰਧਾਲੂਆਂ ਨੂੰ ਹਾਲਾਤ ਦੀ ਸੋਝੀ ਕਰਵਾਈ।ਸਿੱਖਾਂ ਨੇ ਬ੍ਰਿਟਿਸ਼ ਕੋਲੰਬੀਆ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਮਰਦਾਂ ਵਾਂਗ ਆਪਣੇ ਹੱਕ ਲਈ ਡਟੇ ਅਤੇ ਹੱਕ ਪ੍ਰਾਪਤ ਕੀਤੇ।
”ਕਨੇਡੀਅਨ ਸਰਕਾਰ ਅਤੇ ਬਰਤਾਨਵੀ ਸੂਹੀਏ ਸਿੱਖਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ ਅਤੇ ਪ੍ਰੋਫੈਸਰ ਤੇਜਾ ਸਿੰਘ ਨੂੰ ਇਕ ਭੜਕਾਊ ਭਾਸ਼ਨ ਦੇਣ ਦੇ ਦੋਸ਼ ਵਿਚ ਵੈਨਕੂਵਰ, ਬੀ.ਸੀ. ਦੀ ਇਕ ਅਦਾਲਤ ਵਿਚ ਸੱਦਿਆ ਗਿਆ।”
ਇਸ ਜਿੱਤ ਨੇ ਬ੍ਰਿਟਿਸ਼ ਕੋਲੰਬੀਆ ਵਿਚ ਵਸਦੇ ਹਿੰਦੁਸਤਾਨੀਆਂ, ਵਿਸ਼ੇਸ਼ ਕਰ ਕੇ ਸਿੱਖਾਂ, ਦੀ ਏਕਤਾ ਨੂੰ ਮਜ਼ਬੂਤ ਕੀਤਾ ਅਤੇ ਉਹਨਾਂ ਨੂੰ ਸਰਕਾਰ ਖਿਲਾਫ ਮਜ਼ਬੂਤੀ ਨਾਲ ਲੜਨ ਦਾ ਬਲ ਬਖਸ਼ਿਆ ਜਿਸ ਨੇ ਗਦਰ ਪਾਰਟੀ ਦੇ ਨਿੰਮਣ ਪੁੰਗਰਨ ਵਿਚ ਵੱਡਾ ਯੋਗਦਾਨ ਪਾਇਆ।
ਕਨੇਡੀਅਨ ਪ੍ਰਵਾਸੀ ਮਹਿਕਮੇ ਵਿਚ ਹਿੰਦੁਸਤਾਨੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਤਾਇਨਾਤ ਮਿਸਟਰ ਹਾਪਕਿਨਸਨ ਨੇ ਪ੍ਰੋਫੈਸਰ ਤੇਜਾ ਸਿੰਘ ਵੱਲੋਂ ਉੱਤਰੀ ਅਮਰੀਕਾ ਵਿਚ ਵਸਦੇ ਹਿੰਦੁਸਤਾਨੀਆਂ ਨੂੰ ਜਾਗ੍ਰਿਤ ਕੀਤੇ ਜਾਣ ਵਾਸਤੇ ਕੀਤੇ ਜਾ ਰਹੇ ਕੰਮ ਦਾ ਮੁੱਲ ਅੰਕਣ ਕਰਦਿਆਂ ਕਮਿਸ਼ਨਰ ਹਰਕਿਨ ਨੂੰ ਲਿਖੇ ਪੱਤਰ ਮਿਤੀ 4 ਜਨਵਰੀ 1909 ਵਿਚ ਲਿਖਿਆ, ”ਤੇਜਾ ਸਿੰਘ ਹਿੰਦੁਸਤਾਨ ਤੋਂ ਆ ਕੇ ਬ੍ਰਿਟਿਸ਼ ਕਾਲੋਨੀ ਦੇ ਕਿਸੇ ਵੀ ਭਾਗ ਵਿਚ ਵਸੇ ਹਿੰਦੁਸਤਾਨੀਆਂ ਨਾਲ ਸੰਪਰਕ ਬਣਾਉਣ ਦੀ ਲਹਿਰ ਸ਼ੁਰੂ ਕਰ ਰਿਹਾ ਹੈ।ਉਸ ਦਾ ਮਨੋਰਥ ਹਿੰਦੁਸਤਾਨੀ ਜਨਤਾ ਅਤੇ ਆਗੂਆਂ ਨੂੰ ਹਿੰਦੁਸਤਾਨ ਤੋਂ ਬਾਹਰ ਉਹਨਾਂ ਦੇ ਭਾਈਚਾਰੇ ਦੇ ਸਨਮੁੱਖ ਮੁਸ਼ਕਲਾਂ ਤੋਂ ਜਾਣੂੰ ਰੱਖਣਾ ਹੈ।
ਇਹ ਉਹਨਾਂ ਅੰਦੋਲਨਕਾਰੀਆਂ ਦੀ ਇੱਛਾ ਅਨੁਸਾਰ ਹੈ ਜੋ ਸਮਝਦੇ ਹਨ ਕਿ ਹਿੰਦੁਸਤਾਨ ਤੋਂ ਬਾਹਰ ਦੇਸ਼ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਬਿਆਨ ਅੰਦੋਲਨ ਅਤੇ ਇਨਕਲਾਬੀ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਹੋਰ ਮਸਾਲੇ ਦਾ ਕੰਮ ਦੇਣਗੇ। “ਅੰਤ ਵਿਚ ਮੈਂ ਇਸ ਗੱਲ ਉੱਤੇ ਜ਼ੋਰ ਦੇਵਾਂਗਾ ਕਿ ਪੂਰਬੀ ਹਿੰਦੁਸਤਾਨੀ ਕੌਮ ਨਾਲ ਸੰਬੰਧਿਤ ਮਾਮਲਿਆਂ ਲਈ ਵੈਨਕੂਵਰ ਨੂੰ ਹੈਡ ਕੁਆਟਰ ਬਣਾਇਆ ਜਾ ਰਿਹਾ ਹੈ ਅਤੇ ਤੇਜਾ ਸਿੰਘ ਨੇ ਦਫਤਰੀ ਕੰਮ ਨੁੰ ਆਪਣੇ ਹੱਥ ਵਿਚ ਲੈ ਲਿਆ ਹੈ।ਉਹ ਅਮਰੀਕਾ ਵਿਚਲੇ ਦੇਸ਼ਵਾਸੀਆਂ ਦੇ ਸਲਾਹ ਮਸਵਰੇ ਨਾਲ ਚੱਲ ਰਿਹਾ ਹੈ।”
ਠੀਕ ਕਹਿੰਦੇ ਹਨ,
‘‘ਜਾਦੂ ਉਹ ਜੋ ਸਿਰ ਚੜ੍ਹ ਬੋਲੇ।”

Popular