-0.1 C
Vancouver
Saturday, January 18, 2025

‘ਅੱਧੇ ਸਿਰ ਦਰਦ’ ਦੀ ਪ੍ਰੇਸ਼ਾਨੀ ਤੋਂ ਬਚੋ

 

ਲੇਖਕ : ਆਨੰਦ ਕੁਮਾਰ ਅਨੰਤ
ਅੱਧੇ ਸਿਰ ਦਾ ਦਰਦ ਜਾਂ ਮਾਈਗ੍ਰੇਨ ਖ਼ਤਰਨਾਕ ਬਿਮਾਰੀ ਨਾ ਹੁੰਦੇ ਹੋਏ ਵੀ ਭਿਆਨਕ ਦੁਖਦਾਈ ਰੋਗ ਹੈ। ਆਧੁਨਿਕ ਇਲਾਜ ਪ੍ਰਣਾਲੀ ਦੇ ਪੱਖ ਤੋਂ ਇਸ ਰੋਗ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ ਦਿਮਾਗ਼ ਨੂੰ ਖੂਨ ਦੀ ਪੂਰਤੀ ਕਰਨ ਵਾਲੀ ਕੈਰੋਟਿਡ ਨਾਮੀ ਧਮਣੀ ਅਤੇ ਦਿਮਾਗ਼ ਵਿਚ ਸਥਿਤ ਸ਼ਾਖਾਵਾਂ ਵਿਚ ਇਕਦਮ ਫੈਲਾਅ ਆਉਣ ਨਾਲ ਖੂਨ ਸੰਚਾਰ ਦਾ ਵਧ ਜਾਣਾ।
ਦਿਮਾਗ਼ ਦੀਆਂ ਖੂਨ ਵਾਲੀਆਂ ਨਾੜੀਆਂ ਕਿਸੇ ਅਗਿਆਤ ਕਾਰਨ ਨਾਲ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਕੁਝ ਸਮੇਂ ਲਈ ਦਿਮਾਗ਼ ਦੇ ਵਿਸ਼ੇਸ਼ ਹਿੱਸੇ ਵਿਚ ਖੂਨ ਦੀ ਪੂਰਤੀ ਇਕਦਮ ਘੱਟ ਜਾਂਦੀ ਹੈ, ਇਸ ਲਈ ਮਾਈਗ੍ਰੇਨ ਦੇ ਸਮੇਂ ਵਿਚ ਕੁਝ ਸਮੇਂ ਲਈ ਰੋਗੀ ਦੀਆਂ ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ ਅਤੇ ਉਲਟੀਆਂ ਆਉਣ ਲਗਦੀਆਂ ਹਨ।
ਮਾਈਗ੍ਰੇਨ ਜਾਂ ਅੱਧੇ ਸਿਰ ਦਾ ਦਰਦ ਕਿਉਂ ਹੁੰਦਾ ਹੈ? ਇਸ ਦਾ ਨਿਸਚਿਤ ਕਾਰਨ ਹਾਲੇ ਤੱਕ ਪਤਾ ਨਹੀਂ ਲਗ ਸਕਿਆ। ਪਰ ਸਰੀਰ ਵਿਚ ਰੋਗਾਂ ਦਾ ਵਿਗੜ ਜਾਣਾ ਜਿਵੇਂ ਪੁਰਾਣਾ ਜ਼ੁਕਾਮ, ਮਲੇਰੀਆ ਅਤੇ ਦੰਦਾਂ ਦੀ ਸੜਨ ਆਦਿ ਦੇ ਕਾਰਨ ਨਾਲ ਵੀ ਅੱਧੇ ਸਿਰ ਦਾ ਦਰਦ ਹੋ ਜਾਂਦਾ ਹੈ।
ਸਿਹਤਮੰਦੀ ਦੇ ਕੁਦਰਤੀ ਨਿਯਮਾਂ ਦਾ ਪਾਲਣ ਨਾ ਕਰਨਾ, ਹਾਜ਼ਮੇ ਸੰਬੰਧੀ ਵਿਕਾਰ, ਅੰਤੜੀਆਂ ਵਿਚ ਸੋਜ਼, ਪੁਰਾਣੀ ਕਬਜ਼ ਆਦਿ ਨਾਲ ਸੰਬੰਧਿਤ ਰੋਗ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਔਰਤਾਂ ਵਿਚ ਮਾਸਿਕ ਧਰਮ ਸੰਬੰਧੀ ਵਿਕਾਰ, ਸਰੀਰ ਵਿਚ ਖੂਨ ਦੀ ਕਮੀ, ਉਨੀਂਦਰਾ, ਮਾਨਸਿਕ ਰੋਗ, ਗੁਰਦੇ ਸੰਬੰਧੀ ਰੋਗ, ਧੁੱਪ ਵਿਚ ਜ਼ਿਆਦਾ ਸਮੇਂ ਤੱਕ ਕੰਮ ਕਰਦੇ ਰਹਿਣਾ, ਰਾਤ ਨੂੰ ਤਰੇਲ ਵਿਚ ਸੌਣਾ, ਠੰਢੇ ਪਾਣੀ ਵਿਚ ਭਿੱਜ ਜਾਣਾ ਆਦਿ ਕਾਰਨ ਹੁੰਦੇ ਹਨ।
ਹਾਲ ਹੀ ਦੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਔਰਤਾਂ ਨਾਲ ਸਿਰ ਦਰਦ ਦਾ ਡੂੰਘਾ ਸੰਬੰਧ ਮਾਸਿਕ ਚੱਕਰ ਦਾ ਠੀਕ ਨਾ ਹੋਣਾ ਅਤੇ ਪ੍ਰਜਣਨ ਸੰਬੰਧੀ ਰੋਗਾਂ, ਮੁੱਖ ਤੌਰ ‘ਤੇ ਬੱਚੇਦਾਨੀ ਦੀ ਰਸੌਲੀ ਦੇ ਨਾਲ ਰਹਿੰਦਾ ਹੈ। ਮਾਸਿਕ ਚੱਕਰ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮਾਸਿਕ ਚੱਕਰ ਦਾ ਸਮਾਂ, ਦੋ ਇਸ ਤਰ੍ਹਾਂ ਦੀਆਂ ਵਿਸ਼ੇਸ਼ ਸਥਿਤੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਮਾਈਗ੍ਰੇਨ ਸ਼ੁਰੂ ਹੋ ਸਕਦਾ ਹੈ।
ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਅੱਧੇ ਸਿਰ ਦਰਦ ਦੇ ਬਹੁਤ ਸਾਰੇ ਮਾਮਲਿਆਂ ਪਿੱਛੇ ਵਿਅਕਤੀ ਵਲੋਂ ਖਾਧਾ ਗਿਆ ਬੇਢੰਗਾ ਅਤੇ ਬਦਹਜ਼ਮੀ ਵਾਲਾ ਭੋਜਨ ਹੀ ਜ਼ਿੰਮੇਦਾਰ ਹੁੰਦਾ ਹੈ। ਉਂਝ ਵੀ ਰੋਗ ਦੇ ਇਲਾਜ ਵਿਚ ਦਵਾਈਆਂ ਦੇ ਨਾਲ ਰੋਗੀ ਦੇ ਭੋਜਨ ਵਿਚ ਅਨੁਕੂਲ ਬਦਲਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕੁਝ ਖਾਣ ਵਾਲੇ ਪਦਾਰਥ ਤਾਂ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਵਿਚ ਇਸ ਤਰ੍ਹਾਂ ਕਈ ਰਸਾਇਣ ਜਾਂ ਤੱਤ ਪਾਏ ਜਾਂਦੇ ਹਨ ਜੋ ਜਾਂ ਤਾਂ ਦਰਦ ਦੀ ਤੇਜ਼ੀ ‘ਚ ਵਾਧਾ ਕਰ ਦਿੰਦੇ ਹਨ ਜਾਂ ਫਿਰ ਸਿਰ ਦਰਦ ਦੇ ਦੌਰੇ ਨੂੰ ਸੱਦਾ ਦੇ ਸਕਦੇ ਹਨ। ਇਸੇ ਤਰ੍ਹਾਂ ਕੁਝ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਵੀ ਹਨ ਜਿਨ੍ਹਾਂ ਵਿਚ ਕੁਦਰਤੀ ਰੂਪ ‘ਚ ਕਈ ਦਰਦਨਾਸ਼ਕ ਰਸਾਇਣ ਪਾਏ ਜਾਂਦੇ ਹਨ ਅਤੇ ਉਹ ਦਰਦ ਦੇ ਇਲਾਜ ਵਿਚ ਦਵਾਈ ਵਰਗਾ ਕੰਮ ਕਰਦੇ ਹਨ।
ਹਾਲ ਹੀ ਵਿਚ ਕੁਝ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਕਈ ਤਰ੍ਹਾਂ ਦੇ ਖੱਟੇ ਫਲ ਜਿਵੇਂ ਜਾਮਣ, ਚੈਰੀ, ਸਟ੍ਰਾਬੇਰੀ ਆਦਿ ਫਲ ਦਰਦ-ਨਾਸ਼ਕ ਦੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦਾ ਦਰਦਨਾਸ਼ਕ ਪ੍ਰਭਾਵ ਐਸਪ੍ਰਿਨ ਨਾਲ ਮਿਲਦਾ-ਜੁਲਦਾ ਹੈ। ਜੇਕਰ ਮਾਈਗ੍ਰੇਨ ਦਾ ਰੋਗੀ ਲਗਾਤਾਰ ਇਨ੍ਹਾਂ ਫਲਾਂ ਦੀ ਵਰਤੋਂ ਕਰਦਾ ਹੈ ਤਾਂ ਉਹ ਮਾਈਗ੍ਰੇਨ ਦੇ ਨਾਲ ਹੀ ਅਨੇਕ ਬਿਮਾਰੀਆਂ ਤੋਂ ਵੀ ਬਚਿਆ ਰਹਿ ਸਕਦਾ ਹੈ।
ਇਨ੍ਹਾਂ ਚੈਰੀਆਂ ਵਿਚ ਕੁਝ ਇਸ ਤਰ੍ਹਾਂ ਦੇ ਰਸਾਇਣ ਮੌਜੂਦ ਹੁੰਦੇ ਹਨ ਜੋ ਇਨ੍ਹਾਂ ਐਂਜਾਈਮਾਂ ‘ਤੇ ਹੱਲਾ ਬੋਲ ਕੇ ਉਨ੍ਹਾਂ ਨੂੰ ਖ਼ਤਮ ਕਰ ਦਿੰਦੇ ਹਨ ਜੋ ਸੋਜ਼ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੰਦੇ ਹਨ ਜਾਂ ਦਰਦ ਦੀ ਸੰਵੇਦਨਾ ਨੂੰ ਦਿਮਾਗ਼ ਵਲ ਪ੍ਰੇਰਿਤ ਕਰਨ ਲਗਦੇ ਹਨ। ਇਸ ਤਰ੍ਹਾਂ ਕਾਲਾ ਜਾਮਨ ਅਤੇ ਹੋਰ ਚੈਰੀਆਂ ਦਰਦ ਨੂੰ ਦਬਾਉਣ ਦਾ ਕੰਮ ਕਰਦੀਆਂ ਹਨ।
ਮਾਈਗ੍ਰੇਨ ਤੋਂ ਪੀੜਤ ਰੋਗੀਆਂ ਨੂੰ ਟਾਇਰਾਮਿਨ ਵਾਲੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ। ਇਹ ਰਸਾਇਣ ਦਿਮਾਗ਼ ਦੀਆਂ ਖੂਨ ਵਾਲੀਆਂ ਨਾੜੀਆਂ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਸਿਰ ਦਰਦ ਦਾ ਦੁਬਾਰਾ ਹਮਲਾ ਹੋ ਸਕਦਾ ਹੈ। ਟਾਇਰਾਮਿਨ ਚਾਕਲੇਟ, ਬੇਹਾ ਪਨੀਰ, ਲਾਲ ਰੰਗ ਦੀ ਸ਼ਰਾਬ ਅਤੇ ਮੁਰਗੇ ਦੇ ਮਾਸ ਵਿਚ ਕਾਫ਼ੀ ਮਾਤਰਾ ਵਿਚ ਮੌਜੂਦ ਰਹਿੰਦਾ ਹੈ। ‘ਮੋਨੋ ਸੋਡੀਅਮ ਗਲੂਟਾਮੇਟ’ ਭਾਵ ਐਮ.ਐਸ.ਜੀ. ਚਾਈਨਜ਼ ਪਦਾਰਥਾਂ ਅਤੇ ਬਹੁਤ ਸਾਰੇ ਕੁਦਰਤੀ ਭੋਜਨ ਪਦਾਰਥਾਂ ਵਿਚ ‘ਹਾਈਡ੍ਰੋਲਾਈਜਰਸ’ ਸਬਜ਼ੀਆਂ, ਪ੍ਰੋਟੀਨ ਦੇ ਨਾਂਅ ਨਾਲ ਪਾਇਆ ਜਾਂਦਾ ਹੈ। ਇਹ ਰਸਾਇਣ ਵੀ ਮਾਈਗ੍ਰੇਨ ਦੇ ਹਮਲੇ ਨੂੰ ਸੱਦਾ ਦੇ ਸਕਦਾ ਹੈ। ਇਸ ਤਰ੍ਹਾਂ ਮਾਈਗ੍ਰੇਨ ਤੋਂ ਪੀੜਤ ਰੋਗੀਆਂ ਨੂੰ ਦਵਾਈਆਂ ਦੇ ਨਾਲ-ਨਾਲ ਆਪਣੇ ਭੋਜਨ ਵਿਚ ਵੀ ਅਨੁਕੂਲ ਬਦਲਾਅ ਕਰ ਲੈਣੇ ਫ਼ਾਇਦੇਮੰਦ ਹੁੰਦੇ ਹਨ।

Related Articles

Latest Articles