Saturday, July 11, 2026

ਓਨਟਾਰੀਓ ’ਚ ਕੈਂਸਰ ਦੀ ਰੋਕਥਾਮ ਲਈ ਨਵੀਂ ਪਹਿਲਕਦਮੀ, ਸਕ੍ਰੀਨਿੰਗ ਦੀ ਉਮਰ 50 ਤੋਂ ਘਟਾ ਕੇ 45 ਸਾਲ ਕੀਤੀ

ਸਰੀ, (ਦਿਵਰੂਪ ਕੌਰ): ਓਨਟਾਰੀਓ ਕੈਨੇਡਾ ਦਾ ਦੂਜਾ ਅਜਿਹਾ ਸੂਬਾ ਬਣ ਗਿਆ ਹੈ ਜਿਸਨੇ ਰੁਟੀਨ ਕੋਲੋਰੈਕਟਲ ਕੈਂਸਰ ਸਕ੍ਰੀਨਿੰਗ ਦੀ ਉਮਰ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। 1 ਜੁਲਾਈ ਤੋਂ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਓਨਟਾਰੀਓ ਵਾਸੀ ਘਰ ਵਿੱਚ ਹੀ ਫੀਕਲ ਇਮਿਊਨੋਕੈਮੀਕਲ ਸਕ੍ਰੀਨਿੰਗ ਟੈਸਟ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ। ਇਹ ਟੈਸਟ ਮਲ ਵਿੱਚ ਖੂਨ ਦੇ ਨਿਸ਼ਾਨਾਂ ਦਾ ਪਤਾ ਲਗਾਉਂਦਾ ਹੈ। ਜੇਕਰ ਕਿਸੇ ਵਿਅਕਤੀ ਦਾ ਨਤੀਜਾ ਅਸਧਾਰਨ ਆਉਂਦਾ ਹੈ ਤਾਂ ਉਸਨੂੰ ਕੋਲੋਨੋਸਕੋਪੀ ਲਈ ਭੇਜਿਆ ਜਾ ਸਕਦਾ ਹੈ।
ਪ੍ਰਿੰਸ ਐਡਵਰਡ ਆਈਲੈਂਡ ਪਿਛਲੇ ਮਾਰਚ ਵਿੱਚ ਸਕ੍ਰੀਨਿੰਗ ਦੀ ਉਮਰ ਘਟਾਉਣ ਵਾਲਾ ਪਹਿਲਾ ਸੂਬਾ ਸੀ। ਕੋਲੋਰੈਕਟਲ ਕੈਂਸਰ ਕੈਨੇਡਾ ਦੇ ਪ੍ਰਧਾਨ ਬੈਰੀ ਸਟੀਨ ਦਾ ਕਹਿਣਾ ਹੈ ਕਿ ਨੌਜਵਾਨ ਬਾਲਗਾਂ ਵਿੱਚ ਕੋਲੋਰੈਕਟਲ ਕੈਂਸਰ ਵੱਧ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਇਸਦਾ ਪਤਾ ਲਗਾ ਕੇ ਇਲਾਜ ਕੀਤਾ ਜਾਵੇ ਤਾਂ ਇਸਨੂੰ ਰੋਕਿਆ ਜਾ ਸਕਦਾ ਹੈ। ਸਟੀਨ ਅਤੇ ਕੈਨੇਡੀਅਨ ਕੈਂਸਰ ਸੋਸਾਇਟੀ ਦੋਵੇਂ ਦੂਜੇ ਸੂਬਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਸ ਬਦਲਾਅ ਨਾਲ ਨਾ ਸਿਰਫ ਜਾਨਾਂ ਬਚਣਗੀਆਂ ਬਲਕਿ ਸਿਹਤ ਸੰਭਾਲ ਖਰਚਿਆਂ ਵਿੱਚ ਵੀ ਕਮੀ ਆਵੇਗੀ।
ਕੈਂਸਰ ਕੇਅਰ ਓਨਟਾਰੀਓ ਦੇ ਅਨੁਸਾਰ ਜੇਕਰ ਕੋਲੋਰੈਕਟਲ ਕੈਂਸਰ ਦਾ ਛੇਤੀ ਪਤਾ ਲੱਗ ਜਾਵੇ ਤਾਂ 10 ਵਿੱਚੋਂ 9 ਲੋਕਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਹੋਰ ਸੂਬੇ ਵਰਤਮਾਨ ਵਿੱਚ 50 ਤੋਂ 74 ਸਾਲ ਦੀ ਉਮਰ ਦੇ ਲੋਕਾਂ ਲਈ ਇਸ ਸਕ੍ਰੀਨਿੰਗ ਦੀ ਸਿਫਾਰਸ਼ ਕਰਦੇ ਹਨ। ਜਿਹੜੇ ਲੋਕ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ ਉਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ। ਉੱਚ ਜੋਖਮ ਦੀ ਸਥਿਤੀ ਉਦੋਂ ਮੰਨੀ ਜਾਂਦੀ ਹੈ ਜਦੋਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਹਿਲਾਂ ਕੈਂਸਰ ਹੋਇਆ ਹੋਵੇ। ਇਹਨਾਂ ਲੋਕਾਂ ਨੂੰ ਸਕ੍ਰੀਨਿੰਗ ਦੀ ਬਜਾਏ ਕੋਲੋਨੋਸਕੋਪੀ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਹ 40 ਸਾਲ ਦੀ ਉਮਰ ਵਿੱਚ ਇਹ ਸ਼ੁਰੂ ਕਰ ਸਕਦੇ ਹਨ। This report was written by Divroop Kaur as part of the Local Journalism Initiative.

Popular