Saturday, July 11, 2026

ਆਕਸਫੋਰਡ ਡਿਕਸ਼ਨਰੀ ਵਿੱਚ ਸ਼ਾਮਲ ਹੋਏ ਕੈਨੇਡੀਅਨ ਸ਼ਬਦ, ‘ਐਲਬੋਜ਼ ਅੱਪ’ ਨੂੰ ਮਿਲੀ ਅਧਿਕਾਰਤ ਮਾਨਤਾ

ਸਰੀ, (ਦਿਵਰੂਪ ਕੌਰ): ਕੈਨੇਡੀਅਨ ਲੋਕਾਂ ਦੀ ਭਾਵਨਾ ਅਤੇ ਦੇਸ਼ਭਗਤੀ ਦਾ ਪ੍ਰਤੀਕ ਬਣ ਚੁੱਕੇ ਕੁਝ ਵਿਸ਼ੇਸ਼ ਸ਼ਬਦਾਂ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਅਧਿਕਾਰਤ ਤੌਰ ‘ਤੇ ਸ਼ਾਮਲ ਕਰ ਲਿਆ ਹੈ। ਇਨ੍ਹਾਂ ਵਿੱਚ ਸਭ ਤੋਂ ਪ੍ਰਸਿੱਧ ਸ਼ਬਦ ‘ਐਲਬੋਜ਼ ਅੱਪ’ ਹੈ, ਜੋ ਕੈਨੇਡਾ ਵਿੱਚ ਸਵੈ-ਰੱਖਿਆ ਅਤੇ ਮੁਕਾਬਲਾ ਕਰਨ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਇਹ ਸ਼ਬਦ ਮਸ਼ਹੂਰ ਹਾਕੀ ਖਿਡਾਰੀ ਗੋਰਡੀ ਹਾਵੇ ਦੁਆਰਾ ਪ੍ਰਸਿੱਧ ਕੀਤਾ ਗਿਆ ਸੀ, ਜੋ ਖੇਡ ਮੈਦਾਨ ਵਿੱਚ ਆਪਣੇ ਹਮਲਾਵਰ ਅੰਦਾਜ਼ ਲਈ ਜਾਣੇ ਜਾਂਦੇ ਸਨ। ਪਿਛਲੇ ਸਾਲ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵਿਰੁੱਧ ਵਪਾਰਕ ਜੰਗ ਸ਼ੁਰੂ ਕੀਤੀ ਸੀ, ਤਾਂ ਇਹ ਸ਼ਬਦ ‘ਬਾਏ ਕੈਨੇਡੀਅਨ’ ਮੁਹਿੰਮ ਦੌਰਾਨ ਦੇਸ਼ਭਗਤੀ ਦੇ ਨਾਅਰੇ ਵਜੋਂ ਉੱਭਰਿਆ ਸੀ। ਡਿਕਸ਼ਨਰੀ ਅਨੁਸਾਰ ਇਸ ਸ਼ਬਦ ਦਾ ਅਰਥ ਆਪਣੀ ਰੱਖਿਆ ਲਈ ਹਮਲਾਵਰ ਤਰੀਕੇ ਨਾਲ ਤਿਆਰ ਰਹਿਣਾ ਹੈ।
ਇਸ ਦੇ ਨਾਲ ਹੀ ਕੈਨੇਡਾ ਦੀ ਮਨਪਸੰਦ ਖੇਡ ਕਰਲਿੰਗ ਵਿੱਚੋਂ ਨਿਕਲਿਆ ਸ਼ਬਦ ‘ਕੈਸ਼ਸਪੀਲ’ ਵੀ ਡਿਕਸ਼ਨਰੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸਦਾ ਮਤਲਬ ਨਕਦ ਇਨਾਮਾਂ ਵਾਲਾ ਮੁਕਾਬਲਾ ਹੁੰਦਾ ਹੈ। ਲਿਖਤੀ ਜਾਣਕਾਰੀ ਨੂੰ ਸੰਖੇਪ ਸੂਚੀ ਵਿੱਚ ਪੇਸ਼ ਕਰਨ ਲਈ ਵਰਤਿਆ ਜਾਣ ਵਾਲਾ ਕੈਨੇਡੀਅਨ ਸ਼ਬਦ ‘ਪੁਆਇੰਟ ਫਾਰਮ’ ਵੀ ਹੁਣ ਅਧਿਕਾਰਤ ਕੋਸ਼ ਦਾ ਹਿੱਸਾ ਬਣ ਗਿਆ ਹੈ।
ਇਸ ਤੋਂ ਇਲਾਵਾ, ਦੇਸੀ ਕ੍ਰੀ ਭਾਸ਼ਾ ਦਾ ਸ਼ਬਦ ‘ਕੋਕੁਮ’ ਵੀ ਸ਼ਾਮਲ ਕੀਤਾ ਗਿਆ ਹੈ, ਜਿਸਦਾ ਅਰਥ ਦਾਦੀ ਜਾਂ ਕਿਸੇ ਬਜ਼ੁਰਗ ਔਰਤ ਲਈ ਸਤਿਕਾਰਯੋਗ ਸੰਬੋਧਨ ਹੈ। ਉੱਤਰੀ ਅਮਰੀਕਾ ਵਿੱਚ ਪ੍ਰਸਿੱਧ ਦੋ ਹੋਰ ਸ਼ਬਦ ‘ਗਰੰਟ’ ਅਤੇ ‘ਕਿੱਟੀ-ਕੌਰਨਰ’ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ, ਜੋ ਕ੍ਰਮਵਾਰ ਇੱਕ ਵਿਸ਼ੇਸ਼ ਮਿੱਠੇ ਪਕਵਾਨ ਅਤੇ ਤਿਰਛੀ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। This report was written by Divroop Kaur as part of the Local Journalism Initiative.

Popular