ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਜਲਦੀ ਹੀ ਸਾਊਦੀ ਅਰਬ ਦਾ ਇੱਕ ਸਰਕਾਰੀ ਦੌਰਾ ਕਰਨਗੇ, ਜਿੱਥੇ ਉਹ ਉੱਥੋਂ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਇਹ ਦੌਰਾ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਸਹਾਇਕ ਸਿੱਧ ਹੋਵੇਗਾ।
ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਦੇ ਅੰਕਾਰਾ ਵਿੱਚ ਹੋਣ ਵਾਲੇ ਨਾਟੋ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਸ ਤੋਂ ਤੁਰੰਤ ਬਾਅਦ ਉਹ 8 ਤੋਂ 10 ਜੁਲਾਈ ਦਰਮਿਆਨ ਸਾਊਦੀ ਅਰਬ ਦੇ ਦੁਵੱਲੇ ਦੌਰੇ ‘ਤੇ ਰਹਿਣਗੇ। ਇਸ ਬੈਠਕ ਦੌਰਾਨ ਊਰਜਾ, ਖਣਿਜ, ਰੱਖਿਆ, ਬੁਨਿਆਦੀ ਢਾਂਚੇ ਅਤੇ ਨਿਵੇਸ਼ ਵਰਗੇ ਅਹਿਮ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪ੍ਰਧਾਨ ਮੰਤਰੀ ਕਾਰਨੀ ਵਿਚਕਾਰ ਪਹਿਲੀ ਆਮ੍ਹੋ-ਸਾਹਮਣੇ ਹੋਣ ਵਾਲੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਕੈਨੇਡਾ ਦੇ ਕਈ ਮੰਤਰੀਆਂ, ਜਿਨ੍ਹਾਂ ਵਿੱਚ ਜਨਵਰੀ ਵਿੱਚ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ, ਫਰਵਰੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਅਤੇ ਮਾਰਚ ਵਿੱਚ ਵਿਦੇਸ਼ ਮੰਤਰੀ ਅਨੀਤਾ ਅਨੰਦ ਸ਼ਾਮਲ ਸਨ, ਨੇ ਸਾਊਦੀ ਅਰਬ ਦਾ ਦੌਰਾ ਕਰਕੇ ਜ਼ਮੀਨ ਤਿਆਰ ਕੀਤੀ ਸੀ।
ਸਾਊਦੀ ਅਰਬ ਖਾੜੀ ਖੇਤਰ ਵਿੱਚ ਕੈਨੇਡਾ ਦਾ ਦੂਜਾ ਸਭ ਤੋਂ ਭਾਈਵਾਲ ਦੇਸ਼ ਹੈ, ਜਿਸ ਨਾਲ 2025 ਵਿੱਚ ਦੁਵੱਲਾ ਵਪਾਰ ਕੁੱਲ 3.5 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ। ਇਸ ਦੌਰੇ ਨੂੰ ਵਪਾਰਕ ਪੱਖੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ, ਹਾਲਾਂਕਿ ਕ੍ਰਾਊਨ ਪ੍ਰਿੰਸ ਪਿਛਲੇ ਸਮੇਂ ਵਿੱਚ ਪੱਤਰਕਾਰ ਜਮਾਲ ਖਸ਼ੋਗੀ ਦੇ ਮਾਮਲੇ ਕਾਰਨ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਰਹੇ ਹਨ। This report was written by Divroop Kaur as part of the Local Journalism Initiative.

