ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ ਅਤੇ ਮਾਹਰਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਇਹ ਹੀਟ ਵੇਵ ਪੂਰੇ ਹਫਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕੋਲ ਸਨਸਕ੍ਰੀਨ ਅਤੇ ਪੱਖੇ ਜ਼ਰੂਰ ਰੱਖਣ ਤਾਂ ਜੋ ਇਸ ਭਿਆਨਕ ਗਰਮੀ ਤੋਂ ਬਚਾਅ ਕੀਤਾ ਜਾ ਸਕੇ। ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਲਈ ਚੇਤਾਵਨੀ ਤਿਆਰੀਆਂ ਦੇ ਮੌਸਮ ਵਿਗਿਆਨੀ ਜੀਨ ਫਿਲਿਪ ਚੇਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਦਾ ਇਹ ਦੌਰ ਬਹੁਤ ਖਤਰਨਾਕ ਅਤੇ ਜਾਨਲੇਵਾ ਸਾਬਤ ਹੋ ਸਕਦਾ ਹੈ। ਉਹਨਾਂ ਨੇ ਸਥਿਤੀ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਗਰਮੀ ਦਾ ਦੌਰ 3 ਦਿਨਾਂ ਤੋਂ ਵੱਧ ਸਮੇਂ ਤੱਕ ਚੱਲਦਾ ਹੈ ਤਾਂ ਅਸੀਂ ਇਸ ਤੋਂ ਵੀ ਮਾੜੇ ਹਾਲਾਤ ਦੇਖੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਹੀਟ ਵੇਵ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਅਮਰੀਕਾ ਦੀ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਇਹ ਝੁਲਸਾਉਣ ਵਾਲਾ ਤਾਪਮਾਨ ਇੱਕ ਹੀਟ ਡੋਮ ਕਾਰਨ ਪੈਦਾ ਹੋਇਆ ਹੈ। ਹੀਟ ਡੋਮ ਉਸ ਸਮੇਂ ਬਣਦਾ ਹੈ ਜਦੋਂ ਉੱਪਰਲੇ ਵਾਯੂਮੰਡਲ ਵਿੱਚ ਉੱਚ ਦਬਾਅ ਵਾਲਾ ਇੱਕ ਵਿਸ਼ਾਲ ਖੇਤਰ ਗਰਮੀ ਅਤੇ ਨਮੀ ਨੂੰ ਆਪਣੇ ਅੰਦਰ ਕੈਦ ਕਰ ਲੈਂਦਾ ਹੈ। ਇਸ ਪ੍ਰਕਿਰਿਆ ਨਾਲ ਧਰਤੀ ਉੱਤੇ ਤਾਪਮਾਨ ਅਚਾਨਕ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਚੇਨੀਅਰ ਨੇ ਮੌਸਮ ਦੀ ਇਸ ਤਬਦੀਲੀ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਟੈਕਸਾਸ ਅਤੇ ਮੱਧ ਅਮਰੀਕਾ ਤੋਂ ਬਹੁਤ ਗਰਮ ਹਵਾਵਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਗਲਫ ਆਫ ਮੈਕਸੀਕੋ ਤੋਂ ਵੀ ਨਮੀ ਆ ਰਹੀ ਹੈ ਜੋ ਕਿ ਇਸ ਗਰਮੀ ਨੂੰ ਹੋਰ ਵਧਾ ਰਹੀ ਹੈ। ਉਹਨਾਂ ਮੁਤਾਬਕ ਇਹ ਦੱਖਣੀ ਓਨਟਾਰੀਓ ਦੇ ਨਾਲ ਨਾਲ ਦੱਖਣੀ ਕਿਊਬਿਕ ਵਿੱਚ ਹੀਟ ਵੇਵ ਪੈਦਾ ਹੋਣ ਦਾ ਇੱਕ ਆਮ ਕਾਰਨ ਹੈ। ਮੌਸਮ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਗਰਮੀ ਕਾਰਨ ਹੋਰ ਵੀ ਕਈ ਮੌਸਮੀ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਚੇਨੀਅਰ ਨੇ ਇਹ ਵੀ ਦੱਸਿਆ ਕਿ ਇਸ ਵੱਧ ਰਹੀ ਗਰਮੀ ਕਾਰਨ ਮੰਗਲਵਾਰ ਨੂੰ ਉੱਤਰੀ ਅਤੇ ਪੂਰਬੀ ਓਨਟਾਰੀਓ ਦੇ ਨਾਲ ਨਾਲ ਦੱਖਣੀ ਕਿਊਬਿਕ ਵਿੱਚ ਭਾਰੀ ਗਰਜ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਲੱਖਾਂ ਕੈਨੇਡੀਅਨ ਇਸ ਸਮੇਂ ਗਰਮੀ ਕਾਰਨ ਜਾਰੀ ਕੀਤੇ ਗਏ ਯੈਲੋ ਅਤੇ ਓਰੇਂਜ ਅਲਰਟ ਦੇ ਅਧੀਨ ਹਨ। ਓਨਟਾਰੀਓ, ਕਿਊਬਿਕ, ਅਲਬਰਟਾ, ਸਸਕੈਚਵਨ ਅਤੇ ਨਾਰਥਵੈਸਟ ਟੈਰੀਟਰੀਜ਼ ਵਿੱਚ ਮੌਸਮ ਸਬੰਧੀ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ। ਯੈਲੋ ਅਲਰਟ ਨੂੰ ਸਭ ਤੋਂ ਆਮ ਮੌਸਮੀ ਚੇਤਾਵਨੀ ਮੰਨਿਆ ਜਾਂਦਾ ਹੈ ਜੋ ਕਿ ਖਤਰਨਾਕ ਮੌਸਮ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਇਸ ਦੇ ਪ੍ਰਭਾਵ ਦਰਮਿਆਨੇ, ਸਥਾਨਕ ਅਤੇ ਥੋੜ੍ਹੇ ਸਮੇਂ ਲਈ ਹੋ ਸਕਦੇ ਹਨ ਪਰ ਇਸ ਨਾਲ ਨੁਕਸਾਨ, ਰੁਕਾਵਟ ਜਾਂ ਸਿਹਤ ਉੱਤੇ ਮਾੜੇ ਪ੍ਰਭਾਵ ਪੈ ਸਕਦੇ ਹਨ।

