ਸਰੀ ਸਿਟੀ ਵਲੋਂ 24 ਐਵਨਿਊ ਤੱਕ ਸੜਕ ਦਾ ਕੰਮ ਮੁਕੰਮਲ ਪਰ ਲੈਂਗਲੀ ਟਾਊਨਸ਼ਿਪ ਵਲੋਂ ਅਜੇ ਵੀ ਕੰਮ ਅਧੂਰਾ
ਸਰੀ, (ਸਿਮਰਨਜੀਤ ਸਿੰਘ): ਲੈਂਗਲੀ ਟਾਊਨਸ਼ਿਪ ਅਤੇ ਸਰੀ ਸ਼ਹਿਰ ਦਰਮਿਆਨ ਇਕ ਨਵੀਂ ਸੜਕ ਜੋੜਨ ਦੀ ਯੋਜਨਾ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਸਰੀ ਦੇ ਦੱਖਣੀ ਹਿੱਸੇ ਅਤੇ ਲੈਂਗਲੀ ਟਾਊਨਸ਼ਿਪ ਨੂੰ ਜੋੜਨ ਵਾਲੀ 24 ਐਵੇਨਿਊ ਦੀ ਨਵੀਂ ਸੜਕ ਸ਼ੁਰੂਆਤੀ ਦਿਨਾਂ ਵਿੱਚ ਹੀ ਨਹੀਂ ਖੁੱਲ ਸਕਦੀ, ਜੇਕਰ ਟਾਊਨਸ਼ਿਪ ਅਧਿਕਾਰੀ ਆਪਣੀ ਮਨ-ਮਨਾਈ ‘ਤੇ ਕਾਇਮ ਰਹਿੰਦੇ ਹਨ।
ਸਰੀ ਨੇ 24 ਐਵੇਨਿਊ ਦੇ ਨਵੇਂ ਹਿੱਸੇ ਨੂੰ ਪੂਰਾ ਕਰ ਲਿਆ ਹੈ, ਜੋ ਕਿ 196 ਸਟਰੀਟ ਤੱਕ ਪਹੁੰਚਦੀ ਹੈ, ਜਿੱਥੇ ਸਰੀ ਅਤੇ ਲੈਂਗਲੀ ਦੀ ਹੱਦ ਮੌਜੂਦ ਹੈ। ਸਰੀ ਦੇ ਪਾਸੇ ਇਹ ਸੜਕ ਚਾਰ ਲੇਨ ਦੀ ਬਣਾਈ ਗਈ ਹੈ, ਜਿਸ ‘ਚ ਲੇਨ ਡਿਵਾਈਡਰ ਅਤੇ ਨਵੇਂ ਫੁੱਟਪਾਥ ਸ਼ਾਮਲ ਹਨ। ਇਹ ਸੜਕ ਕੈਂਪਬਲ ਹਾਈਟਸ ਖੇਤਰ ਵਿੱਚੋਂ ਸਿੱਧੀ ਲੰਘਾਈ ਗਈ ਹੈ। ਦੂਜੇ ਪਾਸੇ, ਲੈਂਗਲੀ ਟਾਊਨਸ਼ਿਪ ਦੇ ਹਿੱਸੇ ‘ਚ ਇਹ ਸੜਕ ਸਿਰਫ਼ ਦੋ ਲੇਨ ਦੀ ਹੈ ਅਤੇ ਸੜਕ ਦੇ ਕਿਨਾਰੇ ਨਾ ਫੁੱਟਪਾਥ ਹੈ, ਨਾ ਸਾਈਕਲ ਲੇਨ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਰਿਹਾ ਹੈ। 196 ਸਟਰੀਟ, ਜੋ ਕਿ 28 ਐਵੇਨਿਊ ਤੱਕ ਜਾਂਦੀ ਹੈ, ਇਸ ‘ਤੇ ਪੀਲੇ ਰੰਗ ਦੀ ਮੱਧ ਰੇਖਾ ਵੀ ਨਹੀਂ ਹੈ। ਦੱਖਣ ਵੱਲ ਇਹ ਸੜਕ ਇੱਕ ਬੰਦ ਗਲੀ ‘ਤੇ ਖ਼ਤਮ ਹੁੰਦੀ ਹੈ।
23 ਦਸੰਬਰ ਨੂੰ ਲੈਂਗਲੀ ਟਾਊਨਸ਼ਿਪ ਨਿਵਾਸੀਆਂ ਨੂੰ ਇਕ ਪੱਤਰ ਭੇਜਿਆ ਜਿਸ ਵਿੱਚ ਸਰੀ ਦੀ ਕਾਰਵਾਈ ਦੀ ਸੂਚਨਾ ਦਿੱਤੀ ਗਈ। ਪੱਤਰ ਵਿੱਚ ਕਿਹਾ ਗਿਆ ਕਿ ਸਰੀ ਨੇ ਆਪਣੀ ਹੱਦ ਵਿੱਚ 24 ਐਵੇਨਿਊ ਤੱਕ ਕੰਮ ਪੂਰਾ ਕਰਕੇ ਇਸ ਨੂੰ ਨਵੇਂ ਸਾਲ ਵਿੱਚ ਪੂਰੀ ਤਰ੍ਹਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਇਸ ‘ਤੇ ਟਾਊਨਸ਼ਿਪ ਨੇ ਜਵਾਬੀ ਕਾਰਵਾਈ ਕਰਦਿਆਂ ਆਪਣੀ ਹੱਦ ਦੇ ਅੰਦਰ ਰੋਕਾਂ ਦੁਬਾਰਾ ਲਗਾਉਣ ਦੀ ਯੋਜਨਾ ਦੱਸੀ ਹੈ।
ਲੋਕਲ ਨਿਵਾਸੀਆਂ ਨੇ ਨਵੀਂ ਰੋਕਾਂ ਦੀ ਸਥਿਤੀ ‘ਤੇ ਨਾਰਾਜ਼ਗੀ ਜਤਾਈ ਹੈ। ਰੋਕਾਂ ਦੀ ਨਵੀਂ ਸਥਿਤੀ ਕਾਰਨ ਪੈਦਲ ਚਲਣ ਵਾਲੇ ਲੋਕਾਂ ਨੂੰ ਦੂਜੀ ਸਾਈਡ ‘ਤੇ ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਸਿਰਫ ਇਹ ਹੀ ਨਹੀਂ, ਬਜ਼ੁਰਗ ਨਿਵਾਸੀ ਜੋ ਵਾਕਰ ਜਾਂ ਲਾਠੀਆਂ ਦੀ ਮਦਦ ਨਾਲ ਚਲਦੇ ਹਨ, ਉਨ੍ਹਾਂ ਲਈ ਇਹ ਹੋਰ ਵੀ ਦਿੱਕਤ ਆ ਰਹੀ ਹੈ। ਇਕ ਨਿਵਾਸੀ ਨੇ ਕਿਹਾ ਕਿ ਸਥਿਤੀ ਬਹੁਤ ਖਤਰਨਾਕ ਹੈ, ਖਾਸ ਕਰਕੇ 196 ਸਟਰੀਟ ਅਤੇ 24 ਐਵੇਨਿਊ ਦੇ ਕਿਨਾਰੇ ਜਿਥੇ ਵੱਡੇ ਡੰਪ ਟਰੱਕ ਮੁੜਦੇ ਹਨ। ਇਹ ਸਥਿਤੀ ਸੜਕ ‘ਤੇ ਚਲਦੇ ਲੋਕਾਂ ਲਈ ਵੱਡਾ ਖ਼ਤਰਾ ਪੈਦਾ ਕਰ ਰਹੀ ਹੈ। ਹਾਲਾਂਕਿ ਲੈਂਗਲੀ ਟਾਊਨਸ਼ਿਪ ਨੇ ਇਸ ਮਸਲੇ ਨੂੰ ਲੈ ਕੇ ਸਰੀ ਸ਼ਹਿਰ ਨਾਲ ਸੰਪਰਕ ਕੀਤਾ ਹੈ, ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਉਨ੍ਹਾਂ ਨੂੰ ਹਾਲੇ ਕੋਈ ਜਵਾਬ ਨਹੀਂ ਮਿਲਿਆ। ਹੁਣ ਇਹ ਦੇਖਣਾ ਹੋਵੇਗਾ ਕਿ ਦੋਨੋਂ ਪਾਸੇ ਕੀ ਸਮਝੌਤਾ ਹੁੰਦਾ ਹੈ ਅਤੇ ਸੜਕ ਖੋਲ੍ਹਣ ਲਈ ਕੀ ਕਦਮ ਚੁੱਕੇ ਜਾਂਦੇ ਹਨ।