Saturday, July 11, 2026

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰਕ ਸਮਝੌਤੇ ਨੂੰ ਲੈ ਕੇ ਖਿੱਚੋਤਾਣ ਬਰਕਰਾਰ

ਸਰੀ, (ਦਿਵਰੂਪ ਕੌਰ): ਅਮਰੀਕਾ ਦੇ ਵਪਾਰਕ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਮੌਜੂਦਾ ਸਰੂਪ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਪਾਰ ਸਮਝੌਤੇ ਦਾ ਨਵੀਨੀਕਰਨ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸਬੰਧੀ ਆਪਸੀ ਗੱਲਬਾਤ ਜਾਰੀ ਰਹੇਗੀ, ਉਦੋਂ ਤੱਕ ਇਹ ਵਪਾਰਕ ਸਮਝੌਤਾ ਅਸਲ ਰੂਪ ਵਿੱਚ ਲਾਗੂ ਰਹੇਗਾ।
ਆਪਣੇ ਅਧਿਕਾਰਤ ਬਿਆਨ ਵਿੱਚ ਗ੍ਰੀਅਰ ਨੇ ਕਿਹਾ ਕਿ ਅਮਰੀਕਾ ਇਸ ਸਮਝੌਤੇ ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਇਨ੍ਹਾਂ ਦੇਸ਼ਾਂ ਨਾਲ ਆਪਣੇ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਕੈਨੇਡਾ ਅਤੇ ਮੈਕਸੀਕੋ ਨਾਲ ਲਗਾਤਾਰ ਰਾਬਤਾ ਕਾਇਮ ਰੱਖੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਨ੍ਹਾਂ ਮੁੱਦਿਆਂ ਦਾ ਕੋਈ ਸਥਾਈ ਹੱਲ ਨਹੀਂ ਨਿਕਲਦਾ ਜਾਂ ਸਮਝੌਤਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਦੋਂ ਤੱਕ ਇਹ ਵਿਵਸਥਾ ਲਾਗੂ ਰਹੇਗੀ।
ਇਸ ਫੈਸਲੇ ਤੋਂ ਬਾਅਦ ਹੁਣ ਅਗਲੇ 10 ਸਾਲਾਂ ਤੱਕ ਚੱਲਣ ਵਾਲੀ ਸਾਲਾਨਾ ਸਮੀਖਿਆ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੇਕਰ ਇਸ ਨਿਰਧਾਰਤ ਸਮੇਂ ਦੌਰਾਨ ਕਿਸੇ ਸਾਂਝੀ ਸਹਿਮਤੀ ਜਾਂ ਵਿਸਤਾਰ ‘ਤੇ ਫੈਸਲਾ ਨਹੀਂ ਹੁੰਦਾ, ਤਾਂ ਇਹ ਸਮਝੌਤਾ ਆਪਣੇ ਆਪ ਖਤਮ ਹੋ ਜਾਵੇਗਾ।
ਇਸ ਤੋਂ ਪਹਿਲਾਂ ਗ੍ਰੀਅਰ ਨੇ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਮੈਕਸੀਕੋ ਦੇ ਅਰਥਚਾਰੇ ਦੇ ਸਕੱਤਰ ਮਾਰਸੇਲੋ ਏਬਰਾਰਡ ਨਾਲ ਇਸ ਵਪਾਰਕ ਸਮਝੌਤੇ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਇੱਕ ਵਰਚੁਅਲ ਮੀਟਿੰਗ ਕੀਤੀ ਸੀ। ਇਸ ਸਮਝੌਤੇ, ਜਿਸ ਨੂੰ ਮੁੱਖ ਤੌਰ ‘ਤੇ ਸੀ.ਯੂ.ਐਸ.ਐਮ.ਏ. ਵਜੋਂ ਜਾਣਿਆ ਜਾਂਦਾ ਹੈ, ਦੇ ਤਿੰਨਾਂ ਭਾਈਵਾਲਾਂ ਲਈ ਇਹ ਸੰਕੇਤ ਦੇਣ ਦੀ ਆਖਰੀ ਮਿਤੀ ਸੀ ਕਿ ਕੀ ਉਹ ਇਸ ਸੌਦੇ ਦਾ ਨਵੀਨੀਕਰਨ ਕਰਨਾ ਚਾਹੁੰਦੇ ਹਨ ਜਾਂ ਨਹੀਂ। ਕੈਨੇਡਾ ਅਤੇ ਮੈਕਸੀਕੋ ਨੇ ਪਹਿਲਾਂ ਇਸ ਸਮਝੌਤੇ ਨੂੰ 16 ਸਾਲਾਂ ਲਈ ਵਧਾਉਣ ਦੀ ਇੱਛਾ ਪ੍ਰਗਟਾਈ ਸੀ। ਡੋਮਿਨਿਕ ਲੇਬਲੈਂਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਆਪਸੀ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਅਤੇ ਇਹ ਯਕੀਨੀ ਬਣਾਉਣ ਦੇ ਤਰੀਕਿਆਂ ਦੀ ਪਛਾਣ ਕਰਨ ‘ਤੇ ਸਹਿਮਤ ਹੋਏ ਹਾਂ ਕਿ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਵਪਾਰ ਅਤੇ ਨਿਵੇਸ਼ ਦਾ ਢਾਂਚਾ ਉੱਤਰੀ ਅਮਰੀਕਾ ਦੀ ਖੁਸ਼ਹਾਲੀ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਦਾ ਰਹੇ। ਕੈਨੇਡਾ ਲਈ ਇਸ ਵਿੱਚ ਕੈਨੇਡੀਅਨ ਸਟੀਲ, ਐਲੂਮੀਨੀਅਮ, ਆਟੋ ਅਤੇ ਲੱਕੜ ‘ਤੇ ਲਗਾਏ ਗਏ ਟੈਰਿਫਾਂ ਨੂੰ ਹੱਲ ਕਰਨ ਲਈ ਅਮਰੀਕਾ ਨਾਲ ਗੰਭੀਰ ਚਰਚਾ ਕਰਨਾ ਸ਼ਾਮਲ ਹੈ। This report was written by Divroop Kaur as part of the Local Journalism Initiative.

Popular