Saturday, July 11, 2026

ਔਟਵਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚਾਲੇ ਰਿਸੋਰਸ ਇਨਫਰਾਸਟਰਕਚਰ ਲਈ ਮਲਟੀਬਿਲੀਅਨ ਡਾਲਰ ਦਾ ਸਮਝੌਤਾ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੈਡਰਲ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਾਲੇ ਰਿਸੋਰਸ ਇਨਫਰਾਸਟਰਕਚਰ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਮਲਟੀਬਿਲੀਅਨ ਡਾਲਰ ਦਾ ਸਮਝੌਤਾ ਸਿਰੇ ਚੜ੍ਹਿਆ ਹੈ। ਇਸ ਕਰਾਰ ਦੇ ਤਹਿਤ ਦੋਵਾਂ ਸਰਕਾਰਾਂ ਨੇ ਆਪਸੀ ਸਹਿਮਤੀ ਨਾਲ ਕਈ ਅਹਿਮ ਫੈਸਲੇ ਲਏ ਹਨ। ਇਸ ਸਮਝੌਤੇ ਦੀ ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਨਾਰਥ ਕੋਸਟ ਆਇਲ ਟੈਂਕਰਾਂ ਉੱਤੇ ਲੱਗੀ ਪਾਬੰਦੀ ਪਹਿਲਾਂ ਵਾਂਗ ਹੀ ਲਾਗੂ ਰਹੇਗੀ। ਇਸ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ ਤਾਂ ਜੋ ਸਮੁੰਦਰੀ ਜੀਵਾਂ ਅਤੇ ਤੱਟਵਰਤੀ ਇਲਾਕਿਆਂ ਨੂੰ ਕਿਸੇ ਸੰਭਾਵੀ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਸ ਇਤਿਹਾਸਕ ਸਮਝੌਤੇ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਨੂੰ ਉਦਯੋਗ ਅਤੇ ਆਵਾਜਾਈ ਦੇ ਖੇਤਰਾਂ ਲਈ ਫੈਡਰਲ ਸਰਕਾਰ ਵੱਲੋਂ ਭਾਰੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਫੈਡਰਲ ਮਦਦ ਨਾਲ ਸੂਬੇ ਅੰਦਰ ਆਵਾਜਾਈ ਪ੍ਰਣਾਲੀ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਰਫਤਾਰ ਮਿਲੇਗੀ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਿਲਣ ਵਾਲੀ ਇਹ ਮਦਦ ਸੂਬੇ ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਵੇਗੀ। ਫੈਡਰਲ ਸਰਕਾਰ ਵੱਲੋਂ ਮਿਲਣ ਵਾਲੇ ਇਸ ਫੰਡ ਦੀ ਵਰਤੋਂ ਸੂਬੇ ਦੇ ਕਈ ਅਹਿਮ ਪ੍ਰੋਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਕੀਤੀ ਜਾਵੇਗੀ ਜਿਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ।
ਇਸ ਫੈਡਰਲ ਸਹਾਇਤਾ ਦੇ ਬਦਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਵੀ ਇੱਕ ਅਹਿਮ ਵਾਅਦਾ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਉਹ ਭਵਿੱਖ ਵਿੱਚ ਫੈਡਰਲ ਪਾਈਪਲਾਈਨ ਪ੍ਰੋਜੈਕਟਾਂ ਖਿਲਾਫ ਕੋਈ ਵੀ ਕਾਨੂੰਨੀ ਚੁਣੌਤੀ ਪੇਸ਼ ਨਹੀਂ ਕਰੇਗੀ। ਇਸ ਸਹਿਮਤੀ ਨਾਲ ਫੈਡਰਲ ਸਰਕਾਰ ਦੇ ਪਾਈਪਲਾਈਨ ਪ੍ਰੋਜੈਕਟਾਂ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਉਨ੍ਹਾਂ ਵਿੱਚ ਆਉਣ ਵਾਲੀਆਂ ਕਾਨੂੰਨੀ ਅੜਚਨਾਂ ਖਤਮ ਹੋ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੀਬੀਸੀ ਦੇ ਪ੍ਰੋਗਰਾਮ ਪਾਵਰ ਐਂਡ ਪੋਲੀਟਿਕਸ ਵਿੱਚ ਹਿੱਸਾ ਲੈਂਦਿਆਂ ਇਸ ਸਮਝੌਤੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਇਸ ਸਮਝੌਤੇ ਨੂੰ ਸੂਬੇ ਅਤੇ ਦੇਸ਼ ਦੋਵਾਂ ਦੇ ਆਰਥਿਕ ਹਿੱਤਾਂ ਲਈ ਬਹੁਤ ਲਾਹੇਵੰਦ ਦੱਸਿਆ ਹੈ। This report was written by Divroop Kaur as part of the Local Journalism Initiative.

Popular