Saturday, July 11, 2026

ਕੈਨੇਡਾ ਦਾ ਇਤਿਹਾਸਕ ਵਰਲਡ ਕੱਪ ਸਫ਼ਰ ਖ਼ਤਮ, ਮੋਰੋਕੋ ਨੇ 3-0 ਨਾਲ ਦਿੱਤੀ ਮਾਤ

ਸਰੀ, (ਦਿਵਰੂਪ ਕੌਰ): ਕੈਨੇਡਾ ਦਾ ਇਤਿਹਾਸਕ ਵਰਲਡ ਕੱਪ ਸਫ਼ਰ ਸ਼ਨੀਵਾਰ ਨੂੰ ਹਿਊਸਟਨ ਟੈਕਸਾਸ ਵਿੱਚ ਰਾਊਂਡ ਆਫ਼ 16 ਮੁਕਾਬਲੇ ਵਿੱਚ ਮੋਰੋਕੋ ਹੱਥੋਂ 3-0 ਦੀ ਹਾਰ ਨਾਲ ਖ਼ਤਮ ਹੋ ਗਿਆ। ਕੈਨੇਡੀਅਨ ਪੁਰਸ਼ ਟੀਮ ਇਸ ਟੂਰਨਾਮੈਂਟ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਰੈਂਕ ਵਾਲੇ ਵਿਰੋਧੀ ਖਿਲਾਫ਼ ਖੇਡ ਰਹੀ ਸੀ।

ਫੀਫਾ ਰੈਂਕਿੰਗ ਵਿੱਚ 6ਵੇਂ ਸਥਾਨ ਉੱਤੇ ਕਾਬਜ਼ ਮੋਰੋਕੋ ਨੇ ਲਗਾਤਾਰ 33 ਮੈਚ ਜਿੱਤਣ ਦੇ ਰਿਕਾਰਡ ਨਾਲ ਇਸ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਸੀ। ਮੋਰੋਕੋ ਨੇ ਆਪਣੇ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ ਅਤੇ ਟਾਰਗੇਟ ਉੱਤੇ ਲੱਗੇ 4 ਸ਼ਾਟਸ ਵਿੱਚੋਂ 3 ਗੋਲ ਕੀਤੇ। ਗਰੁੱਪ C ਤੋਂ ਅੱਗੇ ਵਧਣ ਦੇ ਨਾਲ ਇਹ 3ਜੀ ਵਾਰ ਹੈ ਜਦੋਂ ਕਿਸੇ ਅਫਰੀਕੀ ਦੇਸ਼ ਨੇ ਫੀਫਾ ਵਰਲਡ ਕੱਪ ਦੇ ਨਾਕਆਊਟ ਪੜਾਅ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਮੋਰੋਕੋ ਦਾ ਆਖਰੀ ਮੁਕਾਬਲਾ 1 ਦਸੰਬਰ 2022 ਨੂੰ ਦੋਹਾ ਵਿੱਚ ਹੋਇਆ ਸੀ ਜਿੱਥੇ ਮੋਰੋਕੋ ਨੇ 2-1 ਨਾਲ ਜਿੱਤ ਦਰਜ ਕੀਤੀ ਸੀ।

ਹਾਰ ਦੇ ਬਾਵਜੂਦ ਕੈਨੇਡੀਅਨ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਮੈਚ ਦੇ ਜ਼ਿਆਦਾਤਰ ਹਿੱਸੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ ਬਿਹਤਰ ਟੀਮ ਸੀ ਪਰ ਅਹਿਮ ਮੌਕਿਆਂ ਉੱਤੇ ਚੂਕ ਕਾਰਨ ਨਤੀਜਾ ਉਨ੍ਹਾਂ ਦੇ ਪੱਖ ਵਿੱਚ ਨਹੀਂ ਰਿਹਾ। ਮਾਰਸ਼ ਨੇ ਆਪਣੇ ਖਿਡਾਰੀਆਂ ਦੀ ਖੇਡ ਸ਼ੈਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਉੱਤੇ ਮਾਣ ਜਤਾਇਆ।

ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਟੀਮ ਨੂੰ ਉਨ੍ਹਾਂ ਦੇ ਇਤਿਹਾਸਕ ਸਫ਼ਰ ਲਈ ਵਧਾਈ ਦਿੱਤੀ ਅਤੇ ਇਸ ਨੂੰ ਭਵਿੱਖ ਲਈ ਇੱਕ ਚੰਗਾ ਸੰਕੇਤ ਦੱਸਿਆ। ਕੈਨੇਡਾ ਸੌਕਰ ਅਨੁਸਾਰ ਭਾਵੇਂ ਇਹ ਵਰਲਡ ਕੱਪ ਸਫ਼ਰ ਮੁੱਕ ਗਿਆ ਹੈ ਪਰ ਕੈਨੇਡਾ ਦਾ ਫੁੱਟਬਾਲ ਸਫ਼ਰ ਹਾਲੇ ਸ਼ੁਰੂ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀਮ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਉਹ ਇਤਿਹਾਸ ਰਚਣਾ ਜਾਰੀ ਰੱਖਣਗੇ ਅਤੇ ਅਜਿਹੀ ਹਾਲਤ ਵਿੱਚ ਆਖਰੀ ਵਿਸਲ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੁੰਦਾ।

Popular