ਸਰੀ, (ਸਿਮਰਨਜੀਤ ਸਿੰਘ): ਸਰੀ ਬੋਰਡ ਆਫ਼ ਟਰੇਡ ਦੀ ਨਵੀਂ ਰੁਜ਼ਗਾਰ ਬਾਜ਼ਾਰ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜਿੱਥੇ ਸਰੀ ਮੈਟਰੋ ਵੈਨਕੂਵਰ ਦੇ ਸਭ ਤੋਂ ਵੱਡੇ ਲੇਬਰ ਫੋਰਸ ਵਾਲੇ ਸ਼ਹਿਰ ਵਜੋਂ ਉਭਰ ਰਿਹਾ ਹੈ, ਉੱਥੇ ਕਲਾ ਅਤੇ ਮਨੋਰੰਜਨ ਸੈਕਟਰ ਵਿੱਚ ਰੁਜ਼ਗਾਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
2024 ਦੌਰਾਨ, ਕਲਾ, ਖੇਡਾਂ, ਮਨੋਰੰਜਨ ਅਤੇ ਸਪੋਰਟਸ ਸੈਕਟਰ ਵਿੱਚ ਸਰੀ ਵਿੱਚ ਰੁਜ਼ਗਾਰ 25.1% ਘਟ ਗਿਆ ਹੈ। ਇਸ ਗਿਰਾਵਟ ਦੇ ਪ੍ਰਭਾਵਾਂ ਨੂੰ ਗੰਭੀਰ ਮੰਨਦੇ ਹੋਏ ਬੋਰਡ ਦੇ ਬੁਲਾਰੇ ਜਸਰੂਪ ਗੋਸਲ ਨੇ ਕਿਹਾ, “ਇਹ ਗਿਰਾਵਟ ਚਿੰਤਾਜਨਕ ਹੈ। ਇਹ ਰੁਜ਼ਗਾਰ ਸਰੀ ਦੀ ਜੀਵਨਯੋਗਤਾ ਲਈ ਬਹੁਤ ਅਹਿਮ ਹਨ। ਇਹ ਉਦਯੋਗ ਨਾ ਸਿਰਫ਼ ਆਰਥਿਕ ਤਰੱਕੀ ਲਈ ਮਹੱਤਵਪੂਰਨ ਹਨ, ਸਗੋਂ ਸਮਾਜਿਕ, ਵਿਭਿੰਨਤਾ ਅਤੇ ਸਮਾਜਿਕ ਸਬੰਧ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇੱਕ ਜਿੰਦਾ ਦਿਲ ਸੱਭਿਆਚਾਰਕ ਦਰਸ਼ਕ, ਕਰਮਚਾਰੀਆਂ ਨੂੰ ਆਕਰਸ਼ਿਤ ਕਰਦਾ ਹੈ, ਜੀਵਨ ਦੀ ਗੁਣਵੱਤਾ ਨੂੰ ਵਧਾਉਂਦਾ ਹੈ, ਅਤੇ ਸ਼ਹਿਰ ਨੂੰ ਵਪਾਰਾਂ ਅਤੇ ਪੇਸ਼ਾਵਰਾਂ ਲਈ ਬਿਹਤਰ ਬਣਾਉਂਦਾ ਹੈ।”
ਦੂਜੇ ਪਾਸੇ ਜਿੱਥੇ ਕਲਾ ਅਤੇ ਮਨੋਰੰਜਨ ਸੈਕਟਰ ਵਿੱਚ ਰੁਜ਼ਗਾਰ ਵਿੱਚ ਗਿਰਾਵਟ ਹੋਈ ਹੈ, ਉੱਥੇ ਕੁਝ ਹੋਰ ਖੇਤਰਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ:
ਟ੍ਰੇਡ, ਟ੍ਰਾਂਸਪੋਰਟ ਅਤੇ ਔਜ਼ਾਰ ਚਲਾਉਣ ਵਾਲੇ ਸੈਕਟਰ ਵਿੱਚ 11,589 ਨਵੀਂ ਨੌਕਰੀਆਂ ਦੇ ਨਾਲ 19.6% ਵਾਧਾ ਵੇਖਣ ਨੂੰ ਮਿਲਿਆ ਹੈ। ਮੈਨੂਫੈਕਚਰਿੰਗ ਅਤੇ ਯੂਟਿਲਿਟੀਜ਼ ਵਿੱਚ 4,000 ਨਵੀਆਂ ਨੌਕਰੀਆਂ ਦੇ ਨਾਲ 32.1% ਵਾਧਾ ਵੇਖਣ ਨੂੰ ਮਿਲਿਆ ਹੈ।ਬਿਜ਼ਨਸ, ਵਿੱਤ ਅਤੇ ਪ੍ਰਸ਼ਾਸਨ ਵਿੱਚ 2,952 ਨਵੀਆਂ ਨੌਕਰੀਆਂ ਦੇ ਨਾਲ 6.4% ਅਤੇ ਕੁਦਰਤੀ ਅਤੇ ਐਪਲਾਈਡ ਸਾਇੰਸਜ਼ ਖੇਤਰ ਵਿੱਚ 1,800 ਤੋਂ ਵੱਧ ਨੌਕਰੀਆਂ ਦੇ ਨਾਲ 8.8% ਵਾਧਾ ਵੇਖਣ ਨੂੰ ਮਿਲਿਆ ਹੈ।
ਬੋਰਡ ਦੀ ਦਸੰਬਰ 2024 ਲੇਬਰ ਮਾਰਕਿਟ ਇੰਟੈਲੀਜੈਂਸ ਰਿਪੋਰਟ ਵਿੱਚ 2011 ਤੋਂ ਲੈ ਕੇ ਹੁਣ ਤੱਕ ਸਰੀ ਦੇ ਲੇਬਰ ਫੋਰਸ ਦੇ ਰੁਝਾਨਾਂ ਦੀ ਵਿਸ਼ੇਸ਼ ਝਲਕ ਸ਼ਾਮਲ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ”ਲੇਬਰ ਫੋਰਸ” ਦਾ ਮਤਲਬ ਹੈ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗੈਰ-ਸੰਸਥਾਤਮਕ ਨਾਗਰਿਕ, ਚਾਹੇ ਉਹ ਨੌਕਰੀ ਕਰ ਰਹੇ ਹੋਣ ਜਾਂ ਨਾ।
ਨਵੰਬਰ ਵਿੱਚ, ਸਰੀ ਦੀ ਬੇਰੁਜ਼ਗਾਰੀ ਦੀ ਦਰ ਬੀ.ਸੀ. ਦੇ ਔਸਤ 6.8% ਨਾਲੋਂ ਕੁਝ ਵੱਧ ਸੀ। ਕਲਾ ਅਤੇ ਮਨੋਰੰਜਨ ਸੈਕਟਰ ਵਿੱਚ ਰੁਜ਼ਗਾਰ ਦੀ ਗਿਰਾਵਟ ਸਿਰਫ਼ ਇੱਕ ਆਰਥਿਕ ਚੁਣੌਤੀ ਨਹੀਂ ਹੈ, ਸਗੋਂ ਸਰੀ ਦੀ ਸਮਾਜਿਕ ਅਤੇ ਸੱਭਿਆਚਾਰਕ ਜ਼ਿੰਦਗੀ ਲਈ ਵੀ ਇੱਕ ਵੱਡਾ ਸਵਾਲ ਚਿੰਨ੍ਹ ਖੜਾ ਕਰਦੀ ਹੈ। ਇਸ ਨੂੰ ਮੁੜ ਸੁਧਾਰਨ ਲਈ ਸਥਾਨਕ ਪ੍ਰਸ਼ਾਸਨ ਅਤੇ ਉਦਯੋਗਾਂ ਨੂੰ ਸਾਂਝੇ ਤੌਰ ‘ਤੇ ਯਤਨ ਕਰਨ ਦੀ ਲੋੜ ਹੈ।