-0.3 C
Vancouver
Saturday, January 18, 2025

ਕੈਨੇਡਾ ਵਿੱਚ ਪਹਿਲੇ ਸਾਬਤ ਸੂਰਤ ਸਿੱਖ ਕੈਪਟਨ ਬਣੇ ਹਸਨਦੀਪ ਸਿੰਘ ਖੁਰਲ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿੱਚ ਇੱਕ ਨਵਾਂ ਇਤਿਹਾਸ ਰਚਦੇ ਹੋਏ ਹਸਨਦੀਪ ਸਿੰਘ ਖੁਰਲ ਪਹਿਲੇ ਸਾਬਤ ਸੂਰਤ ਸਿੱਖ ਕੈਪਟਨ ਬਣੇ ਹਨ। ਉਨ੍ਹਾਂ ਦਾ ਇਹ ਯਾਤਰਾ ਸਿਰਫ਼ ਉਡਾਨ ਦੇ ਸੁਪਨੇ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਸਿੱਖ ਪਹਿਚਾਣ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਇਮ ਰੱਖਣ ਦਾ ਇੱਕ ਮਿਸਾਲੀ ਉਦਾਹਰਨ ਬਣ ਗਈ ਹੈ।
ਹਸਨਦੀਪ ਸਿੰਘ ਖੁਰਲ ਕਹਿੰਦੇ ਹਨ, ”ਜਦੋਂ ਮੈਂ ਸਕੂਲ ਵਿਚ ਪੜ੍ਹਦਾ ਸੀ, ਜਦ ਵੱਡੇ ਜਹਾਜ਼ ਅਸਮਾਨ ਵਿੱਚ ਉੱਡਦੇ ਦੇਖਦਾ, ਤਾਂ ਇਹ ਸਵਾਲ ਮਨ ਵਿੱਚ ਉੱਠਦਾ ਕਿ ਇਹ ਜਹਾਜ਼ ਕੌਣ ਅਤੇ ਕਿਵੇਂ ਚਲਾਉਂਦਾ ਹੋਵੇਗਾ। ਇਸ ਸਮੇਂ ਹੀ ਮੈਂ ਪਾਇਲਟ ਬਣਨ ਦਾ ਫੈਸਲਾ ਕੀਤਾ।”
ਪੰਜਾਬ ਦੇ ਮਿੱਟੀ ਨਾਲ ਜੁੜੇ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਕੈਨੇਡਾ ਦਾ ਰੁਖ਼ ਕੀਤਾ। ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਐਵੀਏਸ਼ਨ ਦੀ ਪੜ੍ਹਾਈ ਕਰਦੇ ਹੋਏ, ਹਸਨਦੀਪ ਨੇ ਕਮਰਸ਼ੀਅਲ ਪਾਇਲਟ ਦਾ ਲਾਇਸੰਸ ਪ੍ਰਾਪਤ ਕੀਤਾ।
ਪਾਇਲਟ ਦੀ ਨੌਕਰੀ ਵਿੱਚ ਇੱਕ ਵੱਡੀ ਚੁਣੌਤੀ ਉਸ ਸਮੇਂ ਆਈ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਵੱਡੇ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਸਿਰਫ਼ ਕਲੀਨਸ਼ੇਵ ਜਾਂ ਥੋੜ੍ਹੀ ਬਹੁਤ ਦਾੜ੍ਹੀ ਵਾਲੇ ਪਾਇਲਟਾਂ ਨੂੰ ਪਾਇਲਟ ਬਨਾਉਂਦੀਆਂ ਹਨ। ਦਲੀਲ ਦਿੱਤੀ ਗਈ ਕਿ ਆਕਸੀਜਨ ਮਾਸਕ ਲੰਮੀ ਦਾੜ੍ਹੀ ਵਾਲਿਆਂ ਨੂੰ ਫਿੱਟ ਨਹੀਂ ਆਉਂਦਾ।
ਇਸੇ ਦੌਰਾਨ ਹਸਨਦੀਪ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਉਹ ਡੈਲਟਾ ਦੇ ਪੈਸੇਫਿਕ ਫਲਾਇੰਗ ਕਲੱਬ ਵਿੱਚ ਕਲਾਸ 2 ਫਲਾਈਟ ਇੰਸਟਰੱਕਟਰ ਬਣੇ। 2019 ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਕੀਤੀ ਗਈ ਖੋਜ ਨੇ ਸਾਬਤ ਕੀਤਾ ਕਿ ਲੰਮੀ ਦਾੜ੍ਹੀ ਵਾਲੇ ਪਾਇਲਟ ਵੀ ਆਕਸੀਜਨ ਮਾਸਕ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ।
ਕੋਰੋਨਾ ਮਹਾਂਮਾਰੀ ਦੇ ਸਮੇਂ ਨਵੰਬਰ 2022 ਵਿੱਚ, ਹਸਨਦੀਪ ਸਿੰਘ ਵੈਸਟ ਜੈੱਟ ਏਨਕੋਰ ਏਅਰਲਾਈਨ ਵਿੱਚ ਪਾਇਲਟ ਬਣੇ। ਉਹਨਾਂ ਦੀ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਆਧਾਰ ‘ਤੇ, ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕੈਪਟਨ ਦੇ ਔਹੁਦੇ ‘ਤੇ ਤਰੱਕੀ ਦਿੱਤੀ ਗਈ। ਹਸਨਦੀਪ ਸਿਰਫ ਪਾਇਲਟ ਹੀ ਨਹੀਂ, ਬਲਕਿ ਬਾਸਕਟਬਾਲ ਦੇ ਉਤਕ੍ਰਿਸ਼ਟ ਖਿਡਾਰੀ ਵੀ ਰਹੇ ਹਨ। ਉਹ ਵਾਈ.ਐਮ.ਸੀ.ਏ. ਬਾਸਕਟਬਾਲ ਟੀਮ ਦੇ ਕੋਚ ਵਜੋਂ ਵੀ ਆਪਣੀ ਸੇਵਾਵਾਂ ਦੇ ਚੁੱਕੇ ਹਨ।
ਹਸਨਦੀਪ ਸਿੰਘ ਖੁਰਲ ਦਾ ਇਹ ਸਫਰ ਸਿੱਖ ਪਹਿਚਾਣ ਅਤੇ ਹਿੰਮਤ ਦੀ ਕਮਾਲ ਦੀ ਮਿਸਾਲ ਹੈ। ਉਹਨਾ ਦਾ ਕਹਿਣਾ ਹੈ, ”ਜਦੋਂ ਆਪਾ ਆਪਣੇ ਮੂਲਾਂ ਨਾਲ ਜੁੜੇ ਰਹੀਏ, ਤਾਂ ਕੋਈ ਵੀ ਚੁਣੌਤੀ ਸਾਨੂੰ ਹਾਰ ਨਹੀਂ ਸਕਦੀ।”
ਹਸਨਦੀਪ ਦੀ ਇਹ ਪ੍ਰਾਪਤੀ ਸਿੱਖ ਭਾਈਚਾਰੇ ਲਈ ਮਾਣ ਦਾ ਵਿਸ਼ਾ ਹੈ ਅਤੇ ਉਹਨਾਂ ਦੇ ਜਜ਼ਬੇ ਨੇ ਸਾਬਤ ਕਰ ਦਿੱਤਾ ਕਿ ਸਪਨੇ ਦੇਖਣ ਦੇ ਨਾਲ-ਨਾਲ ਹਿੰਮਤ ਅਤੇ ਮਿਹਨਤ ਨਾਲ ਉਹਨਾਂ ਨੂੰ ਹਕੀਕਤ ਵਿਚ ਬਦਲਿਆ ਜਾ ਸਕਦਾ ਹੈ।

Related Articles

Latest Articles