ਲੌਸ ਏਂਜਲਸ: ਅਮਰੀਕਾ ਦੇ ਲੌਸ ਏਂਜਲਸ ਖੇਤਰ ਵਿਚ ਬੁੱਧਵਾਰ ਤੜਕੇ ਸ਼ੁਰੂ ਹੋਈਆਂ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਰਿਪੋਰਟਾਂ ਅਨੁਸਾਰ, 1,000 ਤੋਂ ਵੱਧ ਇਮਾਰਤਾਂ ਅੱਗ ਕਾਰਨ ਬਰਬਾਦ ਹੋ ਚੁੱਕੀਆਂ ਹਨ ਅਤੇ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਲੌਸ ਏਂਜਲਸ ਖੇਤਰ ਵਿਚ ਘੱਟੋ ਘੱਟ ਚਾਰ ਵੱਖਰੀਆਂ ਜੰਗਲੀ ਅੱਗਾਂ ਨੇ ਪੈਸਿਫ਼ਿਕ ਤੱਟ ਤੋਂ ਪੈਸਾਡੇਨਾ ਤੱਕ ਦੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਫਾਈਟਰਜ਼ ਦੀਆਂ ਕੋਸ਼ਿਸ਼ਾਂ ਵੀ ਇਸਨੂੰ ਰੋਕਣ ਵਿੱਚ ਅਸਫਲ ਰਹੀਆਂ। ਹਜ਼ਾਰਾਂ ਫਾਇਰਫਾਈਟਰਜ਼ ਅੱਗ ‘ਤੇ ਕਾਬੂ ਪਾਉਣ ਲਈ ਜੁਝ ਰਹੇ ਹਨ, ਜਦਕਿ ਸਥਾਨਕ ਫਾਇਰ ਵਿਭਾਗ ਨੇ ਔਫ਼-ਡਿਊਟੀ ਅਧਿਕਾਰੀਆਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ।
ਫਾਇਰ ਚੀਫ਼ ਐਂਥਨੀ ਮੈਰੋਨ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਹਨ। ਅੱਗ ਦੀਆਂ ਲਪਟਾਂ ਨੇ ਕੁਝ ਪਲਾਂ ਵਿੱਚ ਹੀ ਆਲੀਸ਼ਾਨ ਬੰਗਲਿਆਂ ਨੂੰ ਖੰਡਰਾਂ ਵਿੱਚ ਬਦਲ ਦਿੱਤਾ। ਧੂੰਏ ਨਾਲ ਭਰੇ ਸੁਰਖ ਅਸਮਾਨ ਨੇ ਇਸ ਤਬਾਹੀ ਦੇ ਦ੍ਰਿਸ਼ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ।
ਇਲਾਕੇ ਦੇ ਘੱਟੋ ਘੱਟ 70,000 ਨਿਵਾਸੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਹੈ। ਕਈ ਹਾਲੀਵੁੱਡ ਹਸਤੀਆਂ, ਜਿਵੇਂ ਕਿ ਮਾਰਕ ਹੈਮਿਲ, ਮੈਂਡੀ ਮੂਰ ਅਤੇ ਜੇਮਜ਼ ਵੁਡਜ਼, ਵੀ ਇਸ ਅੱਗ ਕਾਰਨ ਪ੍ਰਭਾਵਿਤ ਹੋਏ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਘਰ ਵੀ ਉਨ੍ਹਾਂ ਇਲਾਕਿਆਂ ਵਿਚ ਹੈ, ਜਿੱਥੇ ਲੋਕਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ ਇਹ ਅੱਗ ਹਵਾਵਾਂ ਦੇ ਤੀਬਰ ਰੁਖ਼ ਨਾਲ ਵਧਦੀ ਗਈ। ਤਕਰੀਬਨ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਵਾਵਾਂ ਨੇ ਅੱਗ ਨੂੰ ਹੋਰ ਭੜਕਾਉਣ ਵਿੱਚ ਯੋਗਦਾਨ ਪਾਇਆ। ਫ਼ਾਇਰ ਵਿਭਾਗ ਨੇ ਦੱਸਿਆ ਕਿ ਹਵਾਵਾਂ ਕਾਰਨ ਜਹਾਜ਼ਾਂ ਰਾਹੀਂ ਅੱਗ ਬੁਝਾਉਣ ਵਾਲੀ ਕਾਰਵਾਈ ਮੁਸ਼ਕਿਲ ਹੋ ਗਈ ਹੈ।
ਵੈਸਟਰਨ ਫਾਇਰ ਚੀਫ ਅਸੋਸੀਏਸ਼ਨ ਦੇ ਅਨੁਸਾਰ ਕਲਾਈਮੇਟ ਚੇਂਜ ਅਤੇ ਘੱਟ ਰਹੀ ਬਾਰਿਸ਼ ਜੰਗਲੀ ਅੱਗ ਦੇ ਸੀਜ਼ਨ ਨੂੰ ਲੰਮਾ ਕਰ ਰਹੇ ਹਨ। ਅਕਸਰ ਬਾਰਿਸ਼ ਦੇਰੀ ਨਾਲ ਹੁੰਦੀ ਹੈ, ਜਿਸ ਕਾਰਨ ਜਨਵਰੀ ਦੇ ਮਹੀਨੇ ਵਿੱਚ ਵੀ ਅੱਗ ਦੇ ਹਾਦਸੇ ਵਾਪਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਰਿਵਰਸਾਈਡ ਕਾਊਂਟੀ ਦੀ ਯਾਤਰਾ ਰੱਦ ਕਰਨੀ ਪਈ, ਜਿੱਥੇ ਉਹ ਦੋ ਨਵੇਂ ਰਾਸ਼ਟਰੀ ਸਮਾਰਕਾਂ ਦੀ ਸਥਾਪਨਾ ਦਾ ਐਲਾਨ ਕਰਨ ਵਾਲੇ ਸਨ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਕੈਲੀਫੋਰਨੀਆ ਨੂੰ ਅੱਗ ਬੁਝਾਉਣ ਲਈ ਵਾਧੂ ਮਦਦ ਦੇਣ ਲਈ ਗ੍ਰਾਂਟ ਜਾਰੀ ਕੀਤੀ ਹੈ। ਲੌਸ ਏਂਜਲਸ ਵਿੱਚ ਚੱਲ ਰਹੀ ਇਸ ਤਬਾਹੀ ਨੇ ਕਲਾਈਮੇਟ ਚੇਂਜ ਦੇ ਗੰਭੀਰ ਪ੍ਰਭਾਵਾਂ ਅਤੇ ਜੰਗਲੀ ਅੱਗ ਲਈ ਜਰੂਰੀ ਤਿਆਰੀਆਂ ਦੀ ਕਮੀ ਨੂੰ ਬੇਨਕਾਬ ਕੀਤਾ ਹੈ। ਅਧਿਕਾਰੀਆਂ ਦੁਆਰਾ ਹਾਲਾਤਾਂ ਨੂੰ ਕਾਬੂ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ।