ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਕੈਨਿਯਨ ਖੇਤਰ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਨੇ ਫਾਇਰਫਾਈਟਰਾਂ ਲਈ ਗੰਭੀਰ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਕੋਸਟਲ ਫਾਇਰ ਸੈਂਟਰ ਦੀ ਅਧਿਕਾਰੀ ਜੂਲੀਆ ਕਰਾਂਚੀ ਨੇ ਦੱਸਿਆ ਕਿ ਬੋਸਟਨ ਬਾਰ ਅਤੇ ਬੂਥਰੋਇਡ ਦੇ ਵਿਚਕਾਰ ਟਰਾਂਸ ਕੈਨੇਡਾ ਹਾਈਵੇਅ ਦੇ ਪੂਰਬ ਵੱਲ ਬਲ ਰਹੀ ਏਨਸਲੀ ਕਰੀਕ ਜੰਗਲੀ ਅੱਗ ਹੁਣ ਲਗਭਗ 8800 ਹੈਕਟੇਅਰ ਤੱਕ ਫੈਲ ਚੁੱਕੀ ਹੈ। ਇਸਦੇ ਨਾਲ ਹੀ ਨੇੜੇ ਹੀ ਲੱਗੀ ਬਰੰਜ਼ਵਿਕ ਕਰੀਕ ਅੱਗ ਦਾ ਦਾਇਰਾ ਵੀ 2600 ਹੈਕਟੇਅਰ ਤੱਕ ਪਹੁੰਚ ਗਿਆ ਹੈ। ਮੰਗਲਵਾਰ ਦਾ ਦਿਨ ਬਚਾਅ ਟੀਮਾਂ ਲਈ ਬਹੁਤ ਔਖਾ ਰਿਹਾ ਕਿਉਂਕਿ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਅੱਗ ਤੇਜ਼ੀ ਨਾਲ ਵਧ ਰਹੀ ਹੈ। ਇਸ ਭਿਆਨਕ ਅੱਗ ਨੇ ਸਥਾਨਕ ਲੋਕਾਂ ਅਤੇ ਕਾਰੋਬਾਰਾਂ ਦਾ ਭਾਰੀ ਨੁਕਸਾਨ ਕੀਤਾ ਹੈ। ਬੂਥਰੋਇਡ ਦੇ ਉੱਤਰ ਵਿੱਚ ਸਥਿਤ ਮਸ਼ਹੂਰ ਬਲੂ ਲੇਕ ਰਿਜ਼ੋਰਟ ਦੇ ਕਈ ਹਿੱਸੇ ਸੜ ਕੇ ਸੁਆਹ ਹੋ ਗਏ ਹਨ। ਰਿਜ਼ੋਰਟ ਦੇ ਮਾਲਕ ਸ਼ੇਨ ਫਿੰਡਲੇ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਆਪਣੇ ਦਫ਼ਤਰ ਵਿੱਚ ਲੱਗੇ ਵੈਬਕੈਮ ਰਾਹੀਂ ਆਪਣੀਆਂ ਇਮਾਰਤਾਂ ਨੂੰ ਸੜਦੇ ਹੋਏ ਦੇਖਿਆ। ਉਨ੍ਹਾਂ ਕਿਹਾ ਕਿ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀਆਂ ਇਸ ਗਰਮੀਆਂ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਗਈਆਂ ਹਨ।

