ਸਰੀ, (ਦਿਵਰੂਪ ਕੌਰ): ਫਰਾਂਸ ਵਿੱਚ ਇੱਕ ਹੋਰ ਮਿਊਜ਼ੀਅਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਮਸ਼ਹੂਰ ਫ੍ਰੈਂਚ ਗਲਾਸਮੇਕਰ ਲਾਲੀਕ ਦੇ ਅਜਾਇਬ ਘਰ ਵਿੱਚੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਹਨ। ਇਹ ਘਟਨਾ ਐਤਵਾਰ ਸਵੇਰੇ ਵਾਪਰੀ ਅਤੇ ਇਸਨੇ ਕੁਝ ਮਹੀਨੇ ਪਹਿਲਾਂ ਲੂਵਰ ਮਿਊਜ਼ੀਅਮ ਵਿੱਚ ਦਿਨ-ਦਿਹਾੜੇ ਹੋਈ 100 ਮਿਲੀਅਨ ਅਮਰੀਕੀ ਡਾਲਰ ਦੀ ਚੋਰੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉੱਤਰ-ਪੂਰਬੀ ਫਰਾਂਸ ਦੇ ਵਿੰਗੇਨ-ਸੁਰ-ਮੋਰਡਰ ਖੇਤਰ ਵਿੱਚ ਸਥਿਤ ਇਸ ਮਿਊਜ਼ੀਅਮ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਸੰਨ੍ਹ ਲਗਾਈ ਗਈ।
ਰਿਪੋਰਟਾਂ ਮੁਤਾਬਕ ਚੋਰ ਸਿੱਧੇ ਗਹਿਣਿਆਂ ਵਾਲੇ ਕਮਰੇ ਵੱਲ ਗਏ ਅਤੇ ਸਿਰਫ 11 ਮਿੰਟਾਂ ਦੇ ਅੰਦਰ-ਅੰਦਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਦੌਰਾਨ ਲਗਭਗ 20 ਕੀਮਤੀ ਗਹਿਣੇ ਚੋਰੀ ਹੋਏ ਹਨ ਜਿਨ੍ਹਾਂ ਦੀ ਕੀਮਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਪਰ ਇਹ ਨੁਕਸਾਨ 4 ਮਿਲੀਅਨ ਯੂਰੋ ਦੇ ਕਰੀਬ ਹੋਣ ਦਾ ਅਨੁਮਾਨ ਹੈ। ਮਾਸਕ ਪਹਿਨੇ ਹੋਏ ਚੋਰਾਂ ਨੇ ਛੇ ਡਿਸਪਲੇ ਕੇਸ ਤੋੜੇ ਸਨ। ਸ਼ੀਸ਼ੇ ਬਣਾਉਣ ਵਾਲੇ ਮਸ਼ਹੂਰ ਕਲਾਕਾਰ ਰੇਨੇ ਲਾਲੀਕ ਨੂੰ ਸਮਰਪਿਤ ਇਸ ਅਜਾਇਬ ਘਰ ਪ੍ਰਬੰਧਨ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਹੈ ਕਿ ਚੋਰੀ ਕਾਰਨ ਮਿਊਜ਼ੀਅਮ ਕਈ ਦਿਨਾਂ ਤੱਕ ਬੰਦ ਰਹੇਗਾ।
ਸਥਾਨਕ ਮੇਅਰ ਕ੍ਰਿਸ਼ਚੀਅਨ ਡੋਰਸ਼ਨਰ ਨੇ ਦੱਸਿਆ ਕਿ ਚੋਰ ਸਿਰਫ ਗਹਿਣਿਆਂ ਵਾਲੇ ਕਮਰੇ ਵਿੱਚ ਹੀ ਦਾਖਲ ਹੋਏ ਸਨ। ਉਨ੍ਹਾਂ ਨੇ ਸੁਰੱਖਿਆ ਏਜੰਸੀ ਦੀ ਭਾਰੀ ਅਸਫਲਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਲਾਰਮ ਵੱਜਣ ਦੇ ਬਾਵਜੂਦ ਸੁਰੱਖਿਆ ਕੰਪਨੀ ਨੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਅਤੇ ਪੁਲਿਸ ਨੂੰ ਵੀ ਸੂਚਿਤ ਨਹੀਂ ਕੀਤਾ। ਮਿਊਜ਼ੀਅਮ ਨੇ ਆਪਣੇ ਫੇਸਬੁੱਕ ਪੇਜ ‘ਤੇ ਚੋਰੀ ਹੋਈਆਂ ਵਸਤੂਆਂ ਦੀ ਸੂਚੀ ਸਾਂਝੀ ਕੀਤੀ ਹੈ, ਜਿਸ ਵਿੱਚ 1898-1900 ਦੌਰਾਨ ਬਣਿਆ ਖੁੱਲ੍ਹੇ ਖੰਭਾਂ ਵਾਲਾ ਇੱਕ ਖਾਸ ਪੈਂਡੈਂਟ ਵੀ ਸ਼ਾਮਲ ਹੈ।
ਫਰਾਂਸ ਵਿੱਚ ਮਿਊਜ਼ੀਅਮਾਂ ਵਿੱਚ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਤੂਬਰ ਮਹੀਨੇ ਲੈਂਗਰੇਸ ਦੇ ਡੇਨਿਸ ਡਿਡੇਰੋਟ ਹਾਊਸ ਆਫ ਐਨਲਾਈਟਨਮੈਂਟ ਮਿਊਜ਼ੀਅਮ ਵਿੱਚੋਂ ਵੀ ਚੋਰਾਂ ਨੇ 2000 ਦੇ ਕਰੀਬ ਸੋਨੇ ਅਤੇ ਚਾਂਦੀ ਦੇ ਸਿੱਕੇ ਚੋਰੀ ਕਰ ਲਏ ਸਨ, ਜਿਨ੍ਹਾਂ ਦੀ ਕੀਮਤ ਲਗਭਗ 147,000 ਕੈਨੇਡੀਅਨ ਡਾਲਰ ਸੀ। ਇਸ ਤੋਂ ਇਲਾਵਾ ਲੂਵਰ ਮਿਊਜ਼ੀਅਮ ਦੀ ਚੋਰੀ ਵਿੱਚ ਭਾਵੇਂ ਕੁਝ ਸ਼ੱਕੀ ਫੜੇ ਗਏ ਸਨ, ਪਰ ਚੋਰੀ ਹੋਇਆ 88 ਮਿਲੀਅਨ ਯੂਰੋ ਦਾ ਖਜ਼ਾਨਾ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ ਹੈ।

