10.4 C
Vancouver
Saturday, November 23, 2024

ਦੁਨੀਆ ਦੇ ਤੀਜੇ ਸਭ ਤੋਂ ਵੱਧ ਕਰਜ਼ਾਈ ਹੋਏ ਕੈਨੇਡੀਅਨ ਪਰਿਵਾਰ

ਸਰੀ, (ਸਿਮਰਨਜੀਤ ਸਿੰਘ): ਕੈਨੇਡੀਅਨ ਪਰਵਾਰਾਂ ਸਿਰ ਚੜ੍ਹੇ ਕਰਜ਼ੇ ਨਾਲ ਸਬੰਧਤ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡੀਅਨ ਪਰਵਾਰ ਦੁਨੀਆਂ ਦੇ ਤੀਜੇ ਸਭ ਤੋਂ ਵੱਧ ਕਰਜ਼ਈ ਪਰਵਾਰ ਬਣ ਚੁੱਕੇ ਹਨ। ਕਈ ਕੈਨੇਡੀਅਨ ਪਰਵਾਰਾਂ ਦੀ ਆਮਦਨ ਦਾ 20 ਫੀਸਦੀ ਹਿੱਸਾ ਵਿਆਜ ਦੀ ਅਦਾਇਗੀ ‘ਤੇ ਖਰਚ ਹੋ ਰਿਹਾ ਹੈ।

‘ਡੇਜ਼ਾਰਡਿਨ’ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ 60 ਫੀਸਦੀ ਆਬਾਦੀ ਤਿੰਨ ਘੱਟ ਆਮਦਨ ਵਾਲੇ ਵਰਗਾਂ ‘ਤੇ ਆਧਾਰਤ ਹੈ ਜਿਨ੍ਹਾਂ ਦੇ ਸਿਰ ‘ਤੇ ਕੁਲ ਕਰਜ਼ੇ ਦੀ 45 ਫੀਸਦੀ ਰਕਮ ਚੜ੍ਹੀ ਹੋਈ ਹੈ ਜਦਕਿ ਕੈਨੇਡੀਅਨ ਪਰਵਾਰਾਂ ਦੀ ਕੁਲ ਆਮਦਨ ਵਿਚ ਇਨ੍ਹਾਂ ਤਿੰਨ ਵਰਗਾਂ ਦੀ ਹਿੱਸੇਦਾਰੀ ਸਿਰਫ 35 ਫੀਸਦੀ ਬਣਦੀ ਹੈ।

ਭਾਵੇਂ ਜ਼ਿਆਦਾਤਰ ਕਰਜ਼ਾ ਅਮੀਰ ਕੈਨੇਡੀਅਨਜ਼ ਨੇ ਲਿਆ ਹੋਇਆ ਪਰ ਉਨ੍ਹਾਂ ਕੋਲ ਆਪਣੀ ਜਾਇਦਾਦ ਅਤੇ ਨਿਵੇਸ਼ ਵੀ ਬਹੁਤ ਜ਼ਿਆਦਾ ਹੈ। ਰਿਪੋਰਟ ਅਨੁਸਾਰ ਅਮੀਰ ਲੋਕਾਂ ਨੇ 2023 ਵਿਚ ਔਸਤ ਆਧਾਰ ‘ਤੇ 35 ਹਜ਼ਾਰ ਡਾਲਰ ਸਾਲਾਨਾ ਦੀ ਬੱਚਤ ਕੀਤੀ ਜਦਕਿ ਦੂਜੇ ਪਾਸੇ ਆਮ ਲੋਕਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ। ਵਿਆਜ ਦਰਾਂ ਦੇ ਨਾਲ-ਨਾਲ ਮਹਿੰਗਾਈ ਵਿਚ ਵਾਧੇ ਨੇ ਦੂਹਰੀ ਮਾਰ ਮਾਰੀ ਅਤੇ ਆਮ ਲੋਕਾਂ ਨੂੰ ਜ਼ਿੰਦਗੀ ਅੱਗੇ ਵਧਾਉਣ ਲਈ ਵੱਧ ਖਰਚਾ ਕਰਨਾ ਪੈ ਰਿਹਾ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਇਕ ਚੌਥਾਈ ਫੀਸਦੀ ਕਟੌਤੀ ਦਾ ਵੀ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਿਲਆ ਅਤੇ ਫਿਲਹਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਦੌਰ ਜਾਰੀ ਹੈ।

ਬੈਂਕ ਆਫ ਕੈਨੇਡਾ ਵੱਲੋਂ ਭਵਿੱਖ ਵਿਚ ਵਿਆਜ ਦਰਾਂ ਘਟਾਉਣ ਦਾ ਕਦਮ ਕੁਝ ਰਾਹਤ ਦੇ ਸਕਦਾ ਹੈ ਪਰ ਫਿਰ ਵੀ ਆਮਦਨ ਵਿਚ ਵਾਧਾ ਹੀ ਕਰਜ਼ੇ ਦੀ ਅਦਾਇਗੀ ਦਾ ਇਕੋ ਇਕ ਰਾਹ ਹੋਵੇਗਾ। ਕਰਜ਼ਾ ਲਾਹੁਣ ਦੇ ਯਤਨਾਂ ਦੌਰਾਨ ਅਮੀਰਾਂ ਅਤੇ ਗਰੀਬਾਂ ਵਿਚਲਾ ਪਾੜਾ ਹੋਰ ਵਧ ਗਿਆ ਹੈ ਅਤੇ ਸਿਰਫ 35 ਫੀਸਦੀ ਆਮਦਨ ‘ਤੇ ਚੱਲ ਰਹੀ 60 ਫੀਸਦੀ ਆਬਾਦੀ ਭਵਿੱਖ ਦੇ ਵਿੱਤੀ ਝਟਕੇ ਬਰਦਾਸ਼ਤ ਨਹੀਂ ਕਰ ਸਕੇਗੀ। ਇਸੇ ਦੌਰਾਨ ਕੌਮਾਂਤਰੀ ਮੁਦਰਾ ਕੋਸ਼ ਦੇ ਅੰਕੜੇ ਦੱਸ ਰਹੇ ਹਨ ਕਿ ਕੈਨੇਡਾ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ। ਦੁਨੀਆਂ ਦੀਆਂ ਅੱਠ ਪ੍ਰਮੁੱਖ ਕਰੰਸੀਆਂ ਵਿਚ ਕੈਨੇਡੀਅਨ ਡਾਲਰ ਪੰਜਵੇਂ ਸਥਾਨ ‘ਤੇ ਚੱਲ ਰਿਹਾ ਹੈ ਅਤੇ ਯੂ.ਐਸ. ਡਾਲਰ ਸਿਖਰ ‘ਤੇ ਕਾਇਮ ਹੈ। ਦੂਜੀ ਸਭ ਤੋਂ ਅਹਿਮ ਕਰੰਸੀ ਯੂਰੋ ਅਤੇ ਤੀਜੀ ਜਾਪਾਨ ਯੈਨ ਮੰਨੀ ਗਈ ਹੈ। ਚੌਥਾ ਸਥਾਨ ਬਰਤਾਨੀਆ ਦੇ ਪਾਊਂਡ ਨੂੰ ਮਿਿਲਆ ਹੈ। ਚਾਇਨੀਜ਼, ਆਸਟ੍ਰੇਲੀਅਨ ਅਤੇ ਸਵਿਸ ਕਰੰਸੀ ਕੈਨੇਡੀਅਨ ਡਾਲਰ ਤੋਂ ਪਿੱਛੇ ਚੱਲ ਰਹੀਆਂ ਹਨ।

Related Articles

Latest Articles