1.4 C
Vancouver
Saturday, January 18, 2025

ਜ਼ਹਿਰੀਲੇ ਪਾਣੀਆਂ ਖ਼ਿਲਾਫ਼ ਲੋਕ ਲਹਿਰ ਵਿੱਢਣ ਦੀ ਲੋੜ

 

ਲੇਖਕ : ਵਿਜੈ ਬੰਬੇਲੀ
ਸੰਪਰਕ: 94634-39075
ਪਾਣੀ ਵਿੱਚ ਅਣਇੱਛਤ ਅਤੇ ਨੁਕਸਾਨਦੇਹ ਪਦਾਰਥਾਂ ਦੀ ਮੌਜੂਦਗੀ ਨੂੰ ਜਲ ਪ੍ਰਦੂਸ਼ਣ ਆਖਿਆ ਜਾਂਦਾ ਹੈ। ਮੁੱਖ ਰੂਪ ਵਿਚ ਕਾਰਖਾਨਿਆਂ ਦੇ ਜ਼ਹਿਰੀਲੇ ਨਿਕਾਸ, ਪੈਟਰੋ-ਕੈਮੀਕਲਜ਼, ਕੀਟਨਾਸ਼ਕ/ਨਦੀਨਨਾਸ਼ਕ ਤੇ ਕੂੜਾ-ਕਚਰਾ ਦਾ ਵਰਨਣ ਕੀਤਾ ਜਾ ਸਕਦਾ ਹੈ। ਗੰਦਗੀ ਪਹਿਲਾਂ ਵੀ ਨਦੀਆਂ/ਝੀਲਾਂ ਵਿਚ ਰਲਦੀ ਸੀ ਪਰ ਉਹ ਰਵਾਇਤੀ, ਥੋੜ੍ਹੀ ਮਾਤਰਾ ਵਿਚ ਅਤੇ ਘੱਟ ਜ਼ਹਿਰੀਲੀ ਹੁੰਦੀ ਸੀ। ਕੁਦਰਤੀ ਕਾਰਕ ਇਸ ਗੰਦਗੀ ਨੂੰ ਸਮੇਟਣ, ਗਾਲਣ ਅਤੇ ਮੁੜ ਚੱਕਰ ਵਿਚ ਲਿਆਉਣ ਦੇ ਸਮਰੱਥ ਹੁੰਦੇ ਸਨ। ਹੁਣ ਰਹਿੰਦ-ਖੂੰਹਦ ਵਿਚ ਸਿੰਥੈਟਿਕ ਪਦਾਰਥਾਂ ਦੀ ਭਰਮਾਰ ਹੈ। ਕੁਦਰਤੀ ਕਾਰਜ ਇਨ੍ਹਾਂ ਨਾ-ਮੁਰਾਦ ਵਸਤਾਂ ਨੂੰ ਕਾਬੂ ਰੱਖਣ ਦੀ ਯੋਗਤਾ ਨਹੀਂ ਰੱਖਦੇ। ਭਲਾ ਪਾਰੇ, ਧਾਤਾਂ, ਪਲਾਸਟਿਕ ਅਤੇ ਪੈਟਰੋ-ਕੈਮੀਕਲਜ਼ ਨੂੰ ਕੌਣ ਗਾਲੇਗਾ?
ਇਸ ਗੰਦਗੀ ਕਾਰਨ ਹੀ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖ਼ਿਰੀ ਸੁਆਸ ਲੈ ਰਹੀ ਹੈ। ਜੰਮੂ ਕਸ਼ਮੀਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਜੇ ਸ੍ਰੀਨਗਰ ਵਿਚੋਂ ਡੱਲ ਮਨਫ਼ੀ ਕਰ ਦਿੱਤੀ ਜਾਵੇ ਤਾਂ ਬਾਕੀ ਬਚਦਾ ਹੀ ਕੀ ਹੈ? ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਉੜੀਸਾ ਦੀ ਝਿਲਕਾ ਝੀਲ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ ਹਾਲਾਂਕਿ ਉੱਥੇ ਮਹੱਤਵਪੂਰਨ ਜਲ ਸੈਨਾ ਅੱਡਾ ਹੈ। ਇਹੀ ਹਾਲ ਕੂਮ ਨਦੀ ਅਤੇ ਹੈਦਰਾਬਾਦ ਤੇ ਸਿੰਕਦਰਾਬਾਦ ਨੂੰ ਵੰਡਦੇ ਹੁਸੈਨ ਸਾਗਰ ਦਾ ਹੈ। ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਨਦੀ ਦੇ ਕੰਢੇ ਉੱਪਰ 98 ਸ਼ਹਿਰ ਤੇ ਕਸਬੇ ਹਨ। ਇਸ ਦੀ 2 525 ਕਿਲੋਮੀਟਰ ਲੰਬਾਈ ਵਿਚ ਲਗਭਗ 29 ਅਰਬ ਘਣ ਮੀਟਰ ਗੰਦਾ ਪਾਣੀ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਿਵਸਥਾ ਹੈ, ਬਾਕੀ ਸ਼ਹਿਰਾਂ ਦਾ ਮਲ-ਮੂਤਰ ਤੇ ਕਚਰਾ ਸਿੱਧਾ ਨਦੀ ਵਿਚ ਸੁੱਟਿਆ ਜਾ ਰਿਹਾ ਹੈ। ਜਮਨਾ ‘ਚ ਹਰ ਰੋਜ਼ 200 ਮਿਲੀਅਨ ਲਿਟਰ ਅਣਸੋਧਿਆ ਸੀਵਰੇਜ ਰਲ ਜਾਂਦਾ ਹੈ। ਦਿੱਲੀ ਦੀ ਗੰਦਗੀ ਜਮਨਾ ਰਾਹੀਂ ਗੰਗਾ ਤੱਕ ਪੁੱਜਦੀ ਹੈ। ਸਭ ਤੋਂ ਵੱਧ ਗੰਦਗੀ ਕਾਨਪੁਰ, ਵਾਰਾਨਸੀ ਤੇ ਕੋਲਕਾਤਾ ਦੇ ਸ਼ਹਿਰ ਸੁੱਟ ਰਹੇ ਹਨ। ਕਾਨਪੁਰ ਦੇ ਚਮੜਾ ਉਦਯੋਗਾਂ ਦਾ ਸਾਰਾ ਰੋੜ੍ਹ ਇਸ ਵਿਚ ਹੀ ਡਿੱਗ ਰਿਹਾ ਹੈ।
ਸ਼ਹਿਰਾਂ ਅਤੇ ਸਨਅਤੀ ਖੇਤਰਾਂ ਦੇ ਬਿਨਾਂ ਸੋਧੇ ਜਲ ਨਿਕਾਸ ਨੇ ਸਤਲੁਜ ਨੂੰ ਵੀ ਬੇਹੱਦ ਮਲੀਨ ਅਤੇ ਜ਼ਹਿਰੀਲਾ ਕਰ ਦਿੱਤਾ ਹੈ। ਇਸ ਦੇ ਚੌਗਿਰਦੇ ਅਤੇ ਖਪਤ-ਖਿੱਤੇ ਦਾ ਸਮੁੱਚਾ ਜਲ-ਥਲੀ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਤਲੁਜ, ਭਾਖੜਾ ਡੈਮ ਅਤੇ ਪਾਕਿਸਤਾਨ ਦਰਮਿਆਨ 277 ਕਿਲੋਮੀਟਰ ਦੂਰੀ ਤੈਅ ਕਰਦਾ ਹੈ। ਵੱਖ-ਵੱਖ ਸ਼ਹਿਰਾਂ ਦਾ ਘਰੇਲੂ ਅਤੇ ਸਨਅਤੀ ਪਾਣੀ ਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿਚ ਪੈਂਦਾ ਹੈ। ਬੁੱਢੇ ਨਾਲੇ ਸਮੇਤ ਇਸ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਵਿਚ ਪੂਰਬੀ ਅਤੇ ਪੱਛਮੀ ਵੇਈਂ ਵੀ ਸ਼ਾਮਲ ਹਨ। ਇਕ ਅਧਿਐਨ ਅਨੁਸਾਰ, ”ਫੈਕਟਰੀਆਂ ਸਭ ਤੋਂ ਵੱਧ ਜਲ ਨੂੰ ਦੂਸ਼ਿਤ ਕਰਦੀਆਂ ਹਨ ਜਿਹੜੀਆਂ ਬਿਨਾਂ ਸੋਧਿਆ ਜਲ ਨਿਕਾਸ ਕਰਦੀਆਂ ਹਨ। ਰੰਗਾਈ, ਨਿੱਕਲ, ਸ਼ਰਾਬ ਤੇ ਕਾਗਜ਼ ਮਿੱਲਾਂ ਅਤੇ ਉੱਨ ਤੇ ਜੀਨ ਕਲਚਰ 100 ਕਿਲੋ ਮਾਲ ਮਗਰ 400 ਤੋਂ 800 ਲਿਟਰ ਗੰਧਲਾ/ਜ਼ਹਿਰੀਲਾ ਪਾਣੀ ਛੱਡਦੀਆਂ ਹਨ। ਲੁਧਿਆਣਾ ਸ਼ਹਿਰ ਅਤੇ ਫ਼ੈਕਟਰੀਆਂ ਦੇ ਗੰਦਾ ਤੇ ਜ਼ਹਿਰੀਲਾ ਪਾਣੀ (ਜੋ ਬੁੱਢੇ ਨਾਲੇ ਵਿਚ ਪੈਂਦਾ ਹੈ) ਵਿਚ ਤੰਦਰੁਸਤ ਮੱਛੀਆਂ ਛੱਡ ਕੇ ਦੇਖੋ, ਤੁਰੰਤ ਮਰ ਜਾਣਗੀਆਂ। ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਕੂੜੇ-ਕਰਕਟ ਇਕੱਠਾ ਹੋਇਆ ਪਿਆ ਹੈ। ਮੌਸਮੀ ਜਲ ਵਹਿਣ ਵੀ ਸੁਰੱਖਿਅਤ ਨਹੀਂ ਰਹੇ, ਇਹ ਲਾਗਲੇ ਸ਼ਹਿਰਾਂ ਦਾ ਸੀਵਰੇਜ ਅਤੇ ਕਚਰੇ ਦੇ ਡੰਪ ਬਣ ਗਏ ਹਨ। ਹੁਣ ਸਾਗਰ ਵੀ ਸੁਰੱਖਿਅਤ ਨਹੀਂ ਰਹੇ। ਪੱਛਮੀ ਦੇਸ਼ਾਂ ਵਿਚ ਹਰ ਸਾਲ ਔਸਤਨ 30 ਕਰੋੜ ਟਨ ਕਚਰਾ ਪੈਦਾ ਹੁੰਦਾ ਹੈ। ਬਹੁਤਾ ‘ਵਿਕਾਸਸ਼ੀਲ’ ਮੁਲਕਾਂ ਦੇ ਪੱਲੇ ਪਾ ਦਿੱਤਾ ਜਾਂਦਾ ਹੈ। ਹੁਣ ਕਚਰੇ ਦੀ ਸਮੱਸਿਆ ਸਥਾਨਕ ਲੱਛਣਾਂ ਵਾਲੀ ਨਹੀਂ ਰਹੀ। ਗੰਗਾ ‘ਚ ਰਲਿਆ ਗੰਦਾ ਮਲਬਾ ਬੰਗਾਲ ਦੀ ਖਾੜੀ ਨੂੰ ਮਲੀਨ ਕਰ ਦਿੰਦਾ ਹੈ। ਇਸ ਤੋਂ ਬਾਅਦ ਹਿੰਦ ਮਹਾਸਾਗਰ ਅਤੇ ਮਗਰੋਂ ਮਹਾਸਾਗਰ ਭ੍ਰਿਸ਼ਟੇ ਜਾਂਦੇ ਹਨ। ਇਹੀ ਹਾਲ ਤਾ-ਮੁਲਕਾਂ ਅਤੇ ਸਾਗਰਾਂ ਦਾ ਹੈ। ਵਾਤਾਵਰਨੀ ਸੰਗਠਨ ਓਆਰਆਰਸੀਏ (ਓਰਕਾ) ਅਨੁਸਾਰ, ”ਸਮੁੰਦਰ ਵਿਚੋਂ ਭੋਜਨ ਲਈ ਫੜੀ ਇੱਕ ਟਨ ਮੱਛੀ ਦੇ ਬਦਲੇ ਉਸ ਵਿੱਚ ਤਿੰਨ ਟਨ ਰਹਿੰਦ-ਖੂੰਹਦ ਸੁੱਟ ਦਿੱਤਾ ਜਾਂਦਾ ਹੈ। ਕੂੜਾ ਕਰਕਟ ਵਿਚ 42 ਪ੍ਰਤੀਸ਼ਤ ਪਲਾਸਟਿਕ ਹੁੰਦਾ ਹੈ ਜਿਹੜਾ ਗਲਣ ਲਈ ਚਾਰ ਸਦੀਆਂ ਲੈਂਦਾ ਹੈ।૴ ਇਸ ਸਮੱਸਿਆ ਲਈ ਸਮਾਜ ਦੇ ਕਿਸੇ ਇੱਕ ਵਰਗ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਭਾਈਚਾਰਕ ਸਮੱਸਿਆ ਹੈ ਅਤੇ ਪੂਰੇ ਭਾਈਚਾਰੇ ਵੱਲੋਂ ਮਿਲ ਕੇ ਹੀ ਹੱਲ ਕੀਤੀ ਜਾ ਸਕਦੀ ਹੈ।”
ਮਲ-ਮੂਤਰ ਤੋਂ ਇਲਾਵਾ ਹਰ ਭਾਰਤੀ ਪਰਿਵਾਰ ਰੋਜ਼ਾਨਾ ਔਸਤਨ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਦੇਸ਼ ਵਿਚ ਇਸ ਸਮੇਂ ਕਰੀਬ 20 ਕਰੋੜ ਟੱਬਰ ਹਨ; ਭਾਵ, ਅਸੀਂ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਪੈਦਾ ਕਰ ਰਹੇ ਹਾਂ; 40 ਅਰਥ ਟੋਕਰੇ ਸਾਲਾਨਾ। ਇਹ ਕਚਰਾ ਨਿਸ਼ਚਿਤ ਥਾਵਾਂ ਦੀ ਬਜਾਇ ਜਿੱਥੇ ਜੀ ਆਏ, ਖਲਾਰ ਦਿੱਤਾ ਜਾਂਦਾ ਹੈ। ਮਗਰੋਂ ਇਹ ਜਲ ਕੁੰਡਾਂ ਤੇ ਵਹਿਣਾਂ, ਫਿਰ ਸਾਗਰਾਂ ਦਾ ਹਿੱਸਾ ਬਣ ਜਾਂਦਾ ਹੈ। ਬੇਲਗਾਮ ਹਾਈਬ੍ਰਿਡ ਅਤੇ ਰਸਾਇਣਕ ਖੇਤੀ ਨੇ ਵੀ ਮਿੱਟੀ ਤੇ ਜਲ ਸੋਮਿਆਂ ਦੇ ਜੜ੍ਹੀਂ ਅੱਕ ਦਿੱਤਾ ਹੈ। ਜਦੋਂ ਜ਼ਹਿਰ ਜਲ ਤੱਗੀਆਂ, ਵਹਿਣਾਂ ਤੇ ਜਲ ਕੁੰਡਾਂ ਵਿਚ ਰਲਦੇ ਹਨ ਤਾਂ ਥਲ ਮੰਡਲ ਅਤੇ ਪ੍ਰਾਣੀ ਮੰਡਲ ਵੀ ਨਸ਼ਟ ਹੋਣ ਲਗਦਾ ਹੈ। ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਵਿਚ ਭਲਾ ਕੀ ਵਾਪਰਿਆ ਸੀ? ਮਾਲਾਧਾਰੂ ਪਿੰਡ ਕੋਲੋਂ ਛੋਟੀ ਜਿਹੀ ਚੱਪਾ ਡੀਬਾਗੂ ਨਦੀ ਲੰਘਦੀ ਹੈ। ਇਸ ਪਿੰਡ ਦੀ ਵੱਸੋਂ ਮਸੀਂ ਇੱਕ ਹਜ਼ਾਰ ਸੀ।
ਲੋਕਾਂ ਦੀ ਸਭ ਤੋਂ ਵੱਡੀ ਜਾਇਦਾਦ ਉਨ੍ਹਾਂ ਦੇ ਪਸ਼ੂ ਹੀ ਸਨ। 80ਵੇਂ ਦਹਾਕੇ ਵਿਚ ਇਸ ਪਿੰਡ ਦੇ ਲੋਕਾਂ ਉੱਪਰ ਆਫ਼ਤ ਆ ਡਿੱਗੀ। ਪਸ਼ੂਆਂ ਨੂੰ ਖੂਨੀ ਮਰੋੜ ਲਗ ਗਏ, ਦੇਖਦਿਆਂ-ਦੇਖਦਿਆਂ ਉਹ ਫੁੜਕਣ ਲੱਗੇ। ਪਸ਼ੂ ਮਾਹਿਰ ਪਿੰਡ ਵਿਚ ਪੁੱਜੇ, ਘੋਖਿਆ ਤੇ ਚਿਤਾਵਨੀ ਦਿੱਤੀ, ”ਜਿਸ ਨਦੀ ਤੋਂ ਪਸ਼ੂ ਪਾਣੀ ਪੀ ਰਹੇ ਸਨ, ਉਹ ਨਦੀ ਵਿਹੁਲੀ ਹੋ ਚੁੱਕੀ ਸੀ। ਅੱਜ ਪਸ਼ੂ ਮਰ ਗਏ, ਕੱਲ੍ਹ ਨੂੰ ਮਨੁੱਖ ਦੀ ਵਾਰੀ ਹੈ।”
ਇੱਕ ਕਥਾ ਹੋਰ ਸੁਣ ਲਓ: ਪੱਛਮੀ ਮਹਾਰਾਸ਼ਟਰ ਵਿਕਾਸ ਨਿਗਮ, ਅਹਿਮਦ ਨਗਰ ਨੇੜੇ ਚੇਤਾਲੀ ਪਿੰਡ ਵਿਚ ਡਿਸਟਿਲਰੀ ਚਲਾਉਂਦਾ ਹੈ। ਇਸ ਨੇ ਚੇਤਾਲੀ ਨੂੰ ਤਬਾਹੀ ‘ਤੇ ਲੈ ਆਂਦਾ। ਖੂਹਾਂ ਦਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਰੁੱਖ ਸੁੱਕ ਗਏ, ਮੱਛੀਆਂ ਤੇ ਪੰਛੀ ਮਰ ਅਤੇ ਭੂਮੀ ਖਾਰੀ ਤੇ ਅਣ-ਉਪਜਾਊ ਬਣ ਗਈ। ਸ਼ਰਾਬ ਨੇ ਪਰਿਵਾਰਾਂ ਦਾ ਚੈਨ ਨਿਗਲ ਲਿਆ। ਅਫਸੋਸ! ਕਿਸੇ ਦੇ ਵੀ ਭੂਪਾਲ ਤੇ ਮਾਲਾਪਾਡ ਤ੍ਰਾਸਦੀ ਅਤੇ ਹੁਣ ਚੇਤਾਲੀ ਦਾ ਦਰਦ ਚੇਤਿਆਂ ‘ਚ ਨਹੀਂ। ਹਾਂ, ਜਦੋਂ ਇੱਕ ਚੀਨੀ ਅਤੇ ਦੂਜੇ ਸ਼ਰਾਬ ਦੇ ਕਾਰਖਾਨੇ ਨੇ ਗੋਮਤੀ ਨਦੀ ਦੇ ਪਾਣੀ ਨੂੰ ਵਰਤਣ ਵਾਲਾ ਨਹੀਂ ਸੀ ਰਹਿਣ ਦਿੱਤਾ ਤਾਂ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੇ ਵਿਦਰੋਹ ਕਰ ਦਿੱਤਾ ਸੀ। ਛੱਤੀਸਗੜ੍ਹ ਵਿਚ ਸ਼ਰਾਬ ਕਾਰਖਾਨੇ ਨੇ ਜਦੋਂ ਖੂਹਾਂ ਤੇ ਖੇਤਾਂ ਨੂੰ ਜ਼ਹਿਰੀਲਾ ਬਣਾ ਦਿੱਤਾ ਤਾਂ ਲੋਕ ਭੜਕ ਪਏ। ਸਰਕਾਰ ਨੂੰ ‘ਤਰੱਦਦ’ ਕਰਨੇ ਪਏ ਪਰ ਇਹ ਚੇਤਨਾ ਹੋਰ ਕਿੰਨੇ ਕੁ ਥਾਂ ਹੈ? ਫ਼ਰਜ਼ਾਂ ਅਤੇ ਨੈਤਿਕਤਾ ਤੋਂ ਮੂੰਹ ਮੋੜੀ ਬੈਠੇ ਹਾਕਮ ‘ਸ਼ਰਾਬ ਦੀ ਕਮਾਈ’ ਨਾਲ ਰਾਜ ਚਲਾਉਣਾ ਚਾਹੁੰਦੇ ਹਨ। ਸ਼ਰਾਬ ਦੇ ਕਾਰਖਾਨਿਆਂ ਵਿਚੋਂ ਨਿਕਲੀ ਤਰਲ ਗੰਦਗੀ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ?
ਇਕ ਸਾਧਾਰਨ ਡਿਸਟਲਿਰੀ ਜਿਹੜੀ ਪ੍ਰਤੀ ਦਿਨ 40000 ਲਿਟਰ ਸ਼ਰਾਬ ਬਣਾਉਂਦੀ ਹੈ, ਇਸ ਵਿਹੁਲੇ ਲਾਹਣ ਦੀ 4 ਤੋਂ 6 ਲੱਖ ਲਿਟਰ ਮਾਤਰਾ ਪੈਦਾ ਕਰ ਦਿੰਦੀ ਹੈ। ਇਹੀ ਹਾਲ ਕਾਗਜ਼ ਮਿੱਲਾਂ ਦਾ ਹੈ। ਵਾਤਾਵਰਨੀ ਸੁਰੱਖਿਅਤਾ ਨਿਯਮ ਇਸ ਰੋੜ੍ਹ ਨੂੰ ਪਾਣੀ ਵਿਚ ਰੋੜ੍ਹਨ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀ ਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ ਪਰ ਸਾਡੇ ਕਾਰਖਾਨੇ ਇਹ ਮਾਤਰਾ 50000 ਮਿਲੀਗ੍ਰਾਮ ਪ੍ਰਤੀ ਲਿਟਰ ਨਾਲ ਡੋਲ੍ਹ ਰਹੇ ਹਨ। ‘ਰਸਾਇਣੀ ਆਕਸੀਜਨ ਮੰਗ’ ਦੀ ਆਗਿਆ 250 ਮਿਲੀਗ੍ਰਾਮ ਪ੍ਰਤੀ ਲਿਟਰ ਹੈ। ਪਤਾ ਇਨ੍ਹਾਂ ਦੀ ਰੋੜ੍ਹ ਦਰ ਕੀ ਹੈ? 85000 ਮਿਲੀਗ੍ਰਾਮ ਪ੍ਰਤੀ ਲਿਟਰ।૴ ਤੇ ਕਾਰਖਾਨੇ ਫਿਰ ਵੀ ਚੱਲ ਰਹੇ ਹਨ। ਸ਼ਹਿਰੀ ਨਿਕਾਸ ਅਤੇ ਕਾਗਜ਼ ਤੇ ਸ਼ਰਾਬ ਮਿੱਲਾਂ ਕਾਰਨ ਜਲ ਵਹਿਣਾਂ ਤੇ ਸੋਮਿਆਂ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ ਦੀ ਵਧਦੀ ਮਾਤਰਾ ਨਾਲ ਬਿਆਸ ਦਰਿਆ ਅਤੇ ਜੁੜਵੇਂ ਖੇਤਰਾਂ ਦਾ ਜਲ ਵੀ ਦੂਸ਼ਿਤ ਹੋ ਰਿਹਾ ਹੈ। ਇਹੋ ਹਾਲ ਆਉਂਦੇ ਕੁਝ ਵਰ੍ਹਿਆਂ ਤੱਕ ਭਾਰਤ ਦੀਆਂ ਸਾਰੀਆਂ ਨਦੀਆਂ ਦਾ ਹੋ ਜਾਵੇਗਾ।
ਜਾਪਾਨ ਦੀ ਮਿਨਾਮਾਤਾ ਖਾੜੀ ਨੇੜੇ ਮਛੇਰਿਆਂ ਦੀ ਨਿੱਕੀ ਜਿਹੀ ਬਸਤੀ ਸੀ। ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿਚੋਂ ਮੱਛੀਆਂ ਫੜੀਆਂ ਤੇ ਮੰਡੀ ਵਿਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕ ਭੈ-ਭੀਤ ਹੋ ਗਏ। ਮੱਛੀਆਂ ਵਿਚ ਉਹ ਜ਼ਹਿਰੀਲਾ ਪਾਰਾ ਸੀ ਜਿਹੜਾ ਮਿਨਾਮਾਤਾ ਕੰਢੇ ਲੱਗੇ ਕਾਰਖਾਨਿਆਂ ਨੇ ਸਾਗਰ ਵਿੱਚ ਗੰਦਗੀ ਵਜੋਂ ਡੋਲ੍ਹਿਆ ਸੀ। ਚੌਗਿਰਦਾ ਮਾਹਿਰ ਡਾ. ਡੇਵਿਡ ਸੁਜ਼ੂਕੀ ਦਿਲਚਸਪ ਵਰਨਣ ਕਰਦੇ ਹਨ, ”40ਵਿਆਂ ਵਿੱਚ ਜਦੋਂ ਅਜੇ ਉਹ ਜਵਾਨੀ ਵਿੱਚ ਪੈਰ ਧਰ ਰਹੇ ਸਨ ਤਾਂ ਓਨਤੇਰੀਓ ਦੀ ਝੀਲ ‘ਤੇ ਕੱਪ ਲੈ ਕੇ ਚਲੇ ਜਾਂਦੇ ਤੇ ਸਵੱਛ ਪਾਣੀ ਪੀ ਲਿਆ ਕਰਦੇ ਸਨ। ਇਹ ਝੀਲ ਆਸਟਰੇਲੀਆ ਵਿੱਚ ਹੈ। ਮੈਂ ਅਤੇ ਮੇਰੇ ਹਾਣੀ ਹੁਣ ਚੌਗਿਰਦਾ ਬਿਲਕੁਲ ਹੀ ਬਦਲਿਆ ਹੋਇਆ ਦੇਖਦੇ ਹਾਂ। ਹੁਣ ਇਸ ਝੀਲ ਕੰਢੇ ਚਿਤਾਵਨੀ ਬੋਰਡ ਲਾਏ ਹੋਏ ਹਨ। ਸੁਜ਼ੂਕੀ ਨੇ ਚਿਤਾਵਨੀ ਦਿੱਤੀ ਹੈ, ”ਪਹਿਲਾਂ ਇਹ ਆਖ ਕੇ ਖਹਿੜਾ ਛੁਡਾ ਲਿਆ ਜਾਂਦਾ ਸੀ ਕਿ ਤਰੱਕੀ ਵਾਸਤੇ ਇੰਨੀ ਕੁ ਕੀਮਤ ਤਾਂ ਤਾਰਨੀ ਹੀ ਪਵੇਗੀ ਪਰ ਹੁਣ ਇਹ ਆਖਿਆ ਨਹੀਂ ਸਰਨਾ; ਜਲ ਪ੍ਰਦੂਸ਼ਣ ਰੋਕਣ ਲਈ ਲੋਕ ਲਹਿਰ ਵਿੱਢਣੀ ਪਵੇਗੀ, ਨਹੀਂ ਤਾਂ ਮਾਰੇ ਜਾਓਗੇ।”

Related Articles

Latest Articles