Thursday, August 13, 2026

ਸਰੀ ਸ਼ਹਿਰ ਨੇ ਹਾਊਸਿੰਗ ਐਕਸ਼ਨ ਪਲਾਨ ਤਹਿਤ ਮਿੱਥੇ ਟੀਚੇ ਨੂੰ ਸਮੇਂ ਤੋਂ ਪਹਿਲਾਂ ਕੀਤਾ ਪੂਰਾ : ਬਰੈਂਡਾ

ਮੇਅਰ ਬਰੈਂਡਾ ਲੌਕ ਵੱਲੋਂ ਸਰੀ ਵਿੱਚ 13844 ਨਵੀਆਂ ਰਿਹਾਇਸ਼ੀ ਇਕਾਈਆਂ ਦੀ ਪ੍ਰਵਾਨਗੀ ਦਾ ਐਲਾਨ

ਸਰੀ, (ਦਿਵਰੂਪ ਕੌਰ): ਸਰੀ ਸ਼ਹਿਰ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹਨਾਂ ਨੇ ਆਪਣੇ ਰਿਹਾਇਸ਼ੀ ਟੀਚਿਆਂ ਨੂੰ ਪਾਰ ਕਰ ਲਿਆ ਹੈ। ਪਿਛਲੇ ਢਾਈ ਸਾਲਾਂ ਦੌਰਾਨ ਸ਼ਹਿਰ ਨੇ 13844 ਨਵੀਆਂ ਰਿਹਾਇਸ਼ੀ ਇਕਾਈਆਂ ਜਾਰੀ ਕੀਤੀਆਂ ਹਨ ਅਤੇ ਉਹ ਆਪਣੇ ਹਾਊਸਿੰਗ ਐਕਸ਼ਨ ਪਲਾਨ ਵਿੱਚ ਦਰਸਾਈਆਂ ਗਈਆਂ ਸਾਰੀਆਂ ਪਹਿਲਕਦਮੀਆਂ ਨੂੰ ਪੂਰਾ ਕਰਨ ਦੇ ਰਾਹ ਉੱਤੇ ਹਨ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੇ ਕਾਗਜ਼ੀ ਕਾਰਵਾਈ ਨੂੰ ਘਟਾਉਣ ਅਤੇ ਪ੍ਰਕਿਰਿਆਵਾਂ ਨੂੰ ਆਧੁਨਿਕ ਬਣਾਉਣ ਲਈ ਬਹੁਤ ਸਾਰਥਕ ਕਦਮ ਚੁੱਕੇ ਹਨ ਜਿਸ ਨਾਲ ਸਰੀ ਵਿੱਚ ਰਿਹਾਇਸ਼ ਦਾ ਨਿਰਮਾਣ ਆਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜਦੋਂ ਬਜ਼ਾਰ ਦੀਆਂ ਸਥਿਤੀਆਂ ਮੁਸ਼ਕਲ ਬਣੀਆਂ ਹੋਈਆਂ ਹਨ ਉਸ ਸਮੇਂ ਵੀ ਸਰੀ ਨੇ ਨਿਵਾਸੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਨ ਲਈ ਹਾਊਸਿੰਗ ਸੈਕਟਰ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ ਹੈ। ਮੇਅਰ ਨੇ ਇਸ ਨਿਰੰਤਰ ਸਹਿਯੋਗ ਲਈ ਫੈਡਰਲ ਸਰਕਾਰ ਅਤੇ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਸਰੀ ਦੇ ਹਾਊਸਿੰਗ ਐਕਸ਼ਨ ਪਲਾਨ ਨੇ ਸਾਲ 2026 ਦੇ ਅੰਤ ਤੱਕ ਤਿੰਨ ਸਾਲਾਂ ਵਿੱਚ 13000 ਨਵੀਆਂ ਰਿਹਾਇਸ਼ੀ ਇਕਾਈਆਂ ਦਾ ਟੀਚਾ ਮਿੱਥਿਆ ਸੀ ਜੋ ਸ਼ਹਿਰ ਦੀ ਰਿਹਾਇਸ਼ੀ ਸਪਲਾਈ ਵਿੱਚ 27.8 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸ਼ਹਿਰ ਨੇ ਇਸ ਟੀਚੇ ਨੂੰ ਸਮਾਂ ਸੀਮਾ ਤੋਂ ਛੇ ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਯੋਜਨਾ ਨੂੰ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲੇਟਰ ਫੰਡ ਵੱਲੋਂ 100.7 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਹੈ। ਸ਼ਹਿਰ ਨੇ ਯੋਜਨਾ ਦੀਆਂ ਨੌਂ ਪਹਿਲਕਦਮੀਆਂ ਵਿੱਚੋਂ ਛੇ ਨੂੰ ਪੂਰਾ ਕਰ ਲਿਆ ਹੈ ਜਦਕਿ ਬਾਕੀ ਤਿੰਨ ਇਸ ਸਾਲ ਦੇ ਅੰਤ ਤੱਕ ਪੂਰੀਆਂ ਹੋਣ ਦੀ ਉਮੀਦ ਹੈ। ਇਹਨਾਂ ਸੁਧਾਰਾਂ ਨੇ ਵਿਕਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ। ਪ੍ਰਸ਼ਾਸਨ ਵੱਲੋਂ ਵਿਕਾਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਨਵੇਂ ਅਧਿਕਾਰਤ ਕਮਿਊਨਿਟੀ ਪਲਾਨ ਦੇ ਨਾਲ ਆਂਢ ਗੁਆਂਢ ਦੀਆਂ ਸੰਕਲਪ ਯੋਜਨਾਵਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਕਮਿਊਨਿਟੀ ਸਹੂਲਤਾਂ ਦਾ ਸਮਰਥਨ ਕਰਨ ਲਈ ਅਮੈਨਿਟੀ ਕੌਸਟ ਚਾਰਜਿਜ਼ ਅਤੇ ਬੋਨਸ ਡੈਨਸਿਟੀ ਲਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਲਡਿੰਗ ਪਰਮਿਟ ਦੀਆਂ ਸਾਰੀਆਂ ਅਰਜ਼ੀਆਂ ਨੂੰ ਪੂਰੀ ਤਰ੍ਹਾਂ ਡਿਜੀਟਲ ਸਮੀਖਿਆ ਪ੍ਰਕਿਰਿਆ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਰੀ ਸੈਂਟਰ ਤੋਂ ਸੰਸਦ ਮੈਂਬਰ ਰਣਦੀਪ ਸਰਾਂਏ ਨੇ ਫੈਡਰਲ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਮੰਤਰੀ ਵੱਲੋਂ ਬੋਲਦਿਆਂ ਕਿਹਾ ਕਿ ਸਰੀ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚੋਂ ਇੱਕ ਹੈ ਅਤੇ ਲੋਕਾਂ ਨੂੰ ਅਜਿਹੇ ਘਰਾਂ ਦੀ ਲੋੜ ਹੈ ਜੋ ਉਹਨਾਂ ਦੇ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਦੇ ਨੇੜੇ ਹੋਣ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਸਰੀ ਸ਼ਹਿਰ ਦਾ ਸਮਰਥਨ ਕਰਨ ਉੱਤੇ ਮਾਣ ਹੈ ਕਿਉਂਕਿ ਇਸਨੇ ਸਮੇਂ ਤੋਂ ਪਹਿਲਾਂ ਹੀ ਆਪਣਾ ਟੀਚਾ ਪਾਰ ਕਰ ਲਿਆ ਹੈ। ਸ਼ਹਿਰ ਨੇ ਆਪਣੇ ਸੂਬਾਈ ਰਿਹਾਇਸ਼ੀ ਟੀਚੇ ਨੂੰ ਵੀ ਪਾਰ ਕਰ ਲਿਆ ਹੈ ਅਤੇ 1 ਜੁਲਾਈ 2025 ਤੋਂ 30 ਜੂਨ 2026 ਤੱਕ 5307 ਨਵੀਆਂ ਰਿਹਾਇਸ਼ੀ ਇਕਾਈਆਂ ਲਈ ਅੰਤਿਮ ਪ੍ਰਵਾਨਗੀ ਜਾਰੀ ਕੀਤੀ ਹੈ ਜੋ ਕਿ 4639 ਇਕਾਈਆਂ ਦੇ ਟੀਚੇ ਤੋਂ 14.4 ਫੀਸਦੀ ਵੱਧ ਹੈ। This report was written by Divroop Kaur as part of the Local Journalism Initiative.

Popular