ਬੇਲੋੜੀ ਬਿਆਨਬਾਜ਼ੀ ਛੱਡ ਕੈਨੇਡਾ-ਅਮਰੀਕਾ ਨੂੰ ਇਕੱਠੇ ਕੰਮ ਕਰਨ ਦੀ ਲੋੜ: ਡੇਵਿਡ ਈਬੀ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਉਹ ਕੈਨੇਡਾ ਦੇ ਹੋਰ ਮੁੱਖ ਮੰਤਰੀਆਂ ਦੇ ਨਾਲ ਵਾਸ਼ਿੰਗਟਨ ਡੀ.ਸੀ. ਜਾਣਗੇ। ਇਸ ਯਾਤਰਾ ਦਾ ਉਦੇਸ਼ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸਤਾਵਿਤ ਟੈਰੀਫ਼ਾਂ ਦੇ ਖ਼ਤਰੇ ਨੂੰ ਰੋਕਣ ਲਈ ਅਮਰੀਕੀ ਅਧਿਕਾਰੀਆਂ ਨੂੰ ਸਮਝਾਉਣਾ ਹੈ।
ਕਿਉਂਕਿ ਟਰੰਪ ਦਾ ਕਹਿਣਾ ਹੈ ਕਿ ਉਹ ਕਨੇਡਾ ਅਤੇ ਮੈਕਸਿਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 25 ਫ਼ੀਸਦੀ ਟੈਰੀਫ਼ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਪ੍ਰੀਮੀਅਰ ਈਬੀ ਨੇ ਕਿਹਾ, “ਮੈਂ ਕੈਨੇਡਾ ਦੇ ਹੋਰ ਮੁੱਖ ਮੰਤਰੀਆਂ ਨਾਲ ਵਾਸ਼ਿੰਗਟਨ ਜਾ ਰਿਹਾ ਹਾਂ ਤਾਂ ਜੋ ਅਮਰੀਕੀ ਅਧਿਕਾਰੀਆਂ ਨੂੰ ਇਹ ਸਮਝਾਇਆ ਜਾ ਸਕੇ ਕਿ ਟਰੰਪ ਵੱਲੋਂ ਪ੍ਰਸਤਾਵਿਤ ਟੈਰੀਫ਼ਾਂ ਨਾਲ ਅਮਰੀਕੀ ਨਾਗਰਿਕਾਂ ਲਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਵੇਗਾ।
ਉਸਨੇ ਇਹ ਵੀ ਕਿਹਾ ਕਿ ਲੱਕੜ ‘ਤੇ ਲਾਗੂ ਕੀਤੇ ਜਾਣ ਵਾਲੇ ਵਾਧੂ ਟੈਰੀਫ਼ਾਂ ਦੇ ਕਾਰਨ ਅਮਰੀਕੀਆਂ ਨੂੰ ਘਰ ਬਣਾਉਣ ਲਈ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਨੂੰ ਜਾਣ ਵਾਲੀ ਬਿਜਲੀ ਦੀ ਕੀਮਤ ਵੀ ਬਹੁਤ ਵਧ ਜਾਵੇਗੀ। ਇਸ ਦਾ ਅਸਰ ਰਿਹਾਇਸ਼ੀ ਅਤੇ ਵਪਾਰਕ ਗ੍ਰਾਹਕਾਂ ਦੋਵਾਂ ‘ਤੇ ਪਵੇਗਾ।
ਮੁੱਖ ਮੰਤਰੀ ਨੇ ਟੇਕ ਸ਼ਹਿਰ ਦੇ ਸਿਮਲਟਰ ਦੀ ਵਿਸ਼ੇਸ਼ਤਾ ਬਾਰੇ ਵੀ ਗੱਲ ਕੀਤੀ। ਉਸਨੇ ਕਿਹਾ, “ਟੇਕ ਸਿਮਲਟਰ ਵਿਸ਼ੇਸ਼ ਧਾਤ ਪ੍ਰਦਾਨ ਕਰਦਾ ਹੈ ਜੋ ਰਾਤ ਨੂੰ ਵੇਖਣ ਵਾਲੀਆਂ ਦੂਰਬੀਨਾਂ ਅਤੇ ਹੋਰ ਇਲੈਕਟ੍ਰੌਨਿਕ ਜੰਤਰਾਂ ਲਈ ਜ਼ਰੂਰੀ ਹੈ। ਚੀਨ ਨੇ ਹਾਲ ਹੀ ਵਿੱਚ ਇਹ ਧਾਤ ਅਮਰੀਕਾ ਨੂੰ ਰਫ਼ਤ ਕਰਨੀ ਬੰਦ ਕਰ ਦਿੱਤੀ ਹੈ। ਅਜੇ ਇਹ ਧਾਤ ਚੀਨ ਤੋਂ ਨਹੀਂ ਮਿਲਦੀ, ਤਾਂ ਫਿਰ ਕਿਤੇ ਵੀ ਨਹੀਂ ਮਿਲੇਗੀ।”
ਉਸਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਅਤੇ ਆਰਥਿਕ ਸਬੰਧ ਬਹੁਤ ਕਰੀਬੀ ਹਨ। ਇਹ ਦੋਵੇਂ ਪਾਸੇ ਲਈ ਲਾਭਕਾਰੀ ਹਨ, ਅਤੇ ਅਮਰੀਕਾ ਵਿੱਚ ਟੈਰੀਫ਼ਾਂ ਲਾਗੂ ਕਰਨਾ ਦੋਵੇਂ ਦੇਸ਼ਾਂ ਲਈ ਨੁਕਸਾਨਦਾਇਕ ਹੋਵੇਗਾ।
ਮੰਗਲਵਾਰ ਨੂੰ, ਟਰੰਪ ਨੇ ਫਲੋਰਿਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕੈਨੇਡਾ ਨੂੰ ਇੱਕ ਰਾਜ ਬਣਾਉਣ ਲਈ ਆਰਥਿਕ ਤਾਕਤ ਵਰਤਣ ਲਈ ਦਰਵਾਜ਼ੇ ਖੁਲ੍ਹੇ ਹਨ। ਇਸ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਈਬੀ ਨੇ ਕਿਹਾ, “ਕੈਨੇਡੀਅਨ ਆਪਣੇ ਆਪ ‘ਤੇ ਗਰਵ ਕਰਦੇ ਹਨ। ਮੈਨੂੰ ਕੈਨੇਡੀਅਨ ਹੋਣ ‘ਤੇ ਮਾਣ ਹੈ। ਅਸੀਂ 51ਵਾਂ ਰਾਜ ਨਹੀਂ ਬਣ ਰਹੇ। ਕੈਨੇਡਾ ਅਤੇ ਅਮਰੀਕਾ ਦੋ ਵੱਖਰੇ ਦੇਸ਼ ਹਨ ਜਿਨ੍ਹਾਂ ਦੀਆਂ ਆਪਣੀਆਂ ਤਰਜੀਹਾਂ ਹਨ, ਪਰ ਸਾਡੇ ਦਰਮਿਆਨ ਦੋਸਤੀ ਅਤੇ ਗੁਆਢੀ ਰਿਸ਼ਤੇ ਬੇਮਿਸਾਲ ਹਨ।” ਉਸਨੇ ਅੰਤ ਵਿੱਚ ਕਿਹਾ ਕਿ ਦੋਵੇਂ ਪਾਸੇ ਸਹਿਯੋਗ ਅਤੇ ਸਲਾਹ-ਮਸ਼ਵਰੇ ਰਾਹੀਂ ਹੀ ਤਰੱਕੀ ਸੰਭਵ ਹੈ। This report was written by Simranjit Singh as part of the Local Journalism Initiative.