Thursday, August 13, 2026

ਪੋਰਟ ਮੂਡੀ ਵਿੱਚ ਇਲੈਕਟ੍ਰਿਕ ਵਾਹਨ ਫਾਸਟ ਚਾਰਜਰਾਂ ਦੀ ਭੰਨਤੋੜ: ਲੱਖਾਂ ਦਾ ਨੁਕਸਾਨ

ਸਰੀ, (ਦਿਵਰੂਪ ਕੌਰ): ਚੋਰਾਂ ਨੇ ਚੋਰੀ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਹੈ, ਜਿੱਥੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਤੋਂ ਉੱਚ ਗੁਣਵੱਤਾ ਵਾਲੀਆਂ ਕਾਪਰ ਕੇਬਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਤੜਕੇ ਪੋਰਟ ਮੂਡੀ ਰੀਕ੍ਰਿਏਸ਼ਨ ਸੈਂਟਰ ਵਿਖੇ ਲੱਗੇ ਚਾਰਜਰਾਂ ‘ਤੇ ਚੋਰਾਂ ਨੇ ਧਾਵਾ ਬੋਲਿਆ। ਪੋਰਟ ਮੂਡੀ ਪੁਲਿਸ ਵਿਭਾਗ ਦੇ ਕਾਂਸਟੇਬਲ ਸੈਮ ਜ਼ੈਕਰਾਈਅਸ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੈਂਸਰਾਂ ਨੇ ਕੇਬਲ ਕੱਟੇ ਜਾਣ ਦਾ ਅਲਰਟ ਦਿੱਤਾ, ਪਰ ਪੁਲਿਸ ਦੇ ਪਹੁੰਚਣ ਤੱਕ ਉੱਥੇ ਕੋਈ ਸ਼ੱਕੀ ਮੌਜੂਦ ਨਹੀਂ ਸੀ। ਇਸ ਘਟਨਾ ਵਿੱਚ ਬੀ.ਸੀ. ਹਾਈਡ੍ਰੋ ਦੇ 6 ਫਾਸਟ ਚਾਰਜਰ ਨੁਕਸਾਨੇ ਗਏ ਹਨ।
ਬੀ.ਸੀ. ਹਾਈਡ੍ਰੋ ਦੀ ਬੁਲਾਰਾ ਸੁਜ਼ੀ ਰੀਡਰ ਨੇ ਦੱਸਿਆ ਕਿ ਚੋਰ ਕੇਬਲ ਦੇ ਅੰਦਰਲੇ ਤਾਂਬੇ ਨੂੰ ਨਿਸ਼ਾਨਾ ਬਣਾ ਰਹੇ ਹਨ। ਚੋਰ ਤਾਂਬੇ ਤੋਂ ਲਗਭਗ 170 ਤੋਂ 200 ਡਾਲਰ ਕਮਾਉਂਦੇ ਹਨ, ਪਰ ਇਸ ਨਾਲ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀ.ਸੀ. ਹਾਈਡ੍ਰੋ ਅਨੁਸਾਰ ਫਾਸਟ ਚਾਰਜਰ ਜ਼ਿਆਦਾ ਨਿਸ਼ਾਨੇ ‘ਤੇ ਹੁੰਦੇ ਹਨ ਕਿਉਂਕਿ ਇਨ੍ਹਾਂ ਦੀਆਂ ਕੇਬਲਾਂ ਵਿੱਚ ਆਮ ਘਰੇਲੂ ਚਾਰਜਰਾਂ ਨਾਲੋਂ ਜ਼ਿਆਦਾ ਤਾਂਬਾ ਹੁੰਦਾ ਹੈ। ਚੋਰਾਂ ਵੱਲੋਂ ਖਾਸ ਸੰਦਾਂ ਦੀ ਵਰਤੋਂ ਕਰਕੇ ਬਹੁਤ ਤੇਜ਼ੀ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਹਾਲਾਂਕਿ ਨੁਕਸਾਨੇ ਗਏ ਚਾਰਜਰਾਂ ਨੂੰ ਮੁੜ ਚਾਲੂ ਕਰਨਾ ਇੰਨਾ ਆਸਾਨ ਨਹੀਂ ਹੈ। ਬੀ.ਸੀ. ਹਾਈਡ੍ਰੋ ਦਾ ਲਕਸ਼ ਨੁਕਸਾਨੇ ਗਏ ਸਟੇਸ਼ਨਾਂ ਨੂੰ 24 ਘੰਟਿਆਂ ਦੇ ਅੰਦਰ ਮੁੜ ਚਾਲੂ ਕਰਨ ਦਾ ਹੁੰਦਾ ਹੈ, ਪਰ ਇਨ੍ਹਾਂ ਦੀ ਮੁਰੰਮਤ ਕਾਫੀ ਮਹਿੰਗੀ ਹੈ। ਅਕਤੂਬਰ ਤੋਂ ਹੁਣ ਤੱਕ ਬੀ.ਸੀ. ਵਿੱਚ 22 ਥਾਵਾਂ ‘ਤੇ 44 ਫਾਸਟ ਚਾਰਜਰ ਕੇਬਲ ਚੋਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ‘ਤੇ ਲਗਭਗ 1 ਮਿਲੀਅਨ ਡਾਲਰ ਦਾ ਖਰਚਾ ਆਇਆ ਹੈ। ਬੀ.ਸੀ. ਹਾਈਡ੍ਰੋ ਨੇ ਚੋਰਾਂ ਨੂੰ ਰੋਕਣ ਲਈ 22 ਵਾਧੂ ਕੈਮਰੇ, ਵਧੀਆ ਲਾਈਟਾਂ ਅਤੇ 100 ਦੇ ਕਰੀਬ ਸੁਰੱਖਿਆ ਕੇਬਲ ਸ਼ੀਲਡਾਂ ਲਗਾ ਕੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਲੋਕਾਂ ਤੋਂ ਵੀ ਮਦਦ ਦੀ ਮੰਗ ਕੀਤੀ ਹੈ। This report was written by Divroop Kaur as part of the Local Journalism Initiative.

Popular