ਸਰੀ, (ਦਿਵਰੂਪ ਕੌਰ): ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਸਰੀ ਦੇ ਗੁਰੂ ਨਾਨਕ ਸੀਨੀਅਰ ਸਿਟੀਜ਼ਨ ਸੈਂਟਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ ਦੀਆਂ 4 ਪੁਸਤਕਾਂ ਅਤੇ ਅਮਰੀਕਾ ਤੋਂ ਗੁਣਤਾਸ ਕੌਰ ਦੀ ਤਿਆਰ ਕੀਤੀ ਪੈਂਤੀ ਅੱਖਰੀ ਕਿਤਾਬ ਲੋਕ ਅਰਪਣ ਕੀਤੀ ਗਈ। ਡਾ. ਗਿੱਲ ਦੀਆਂ 2 ਕਿਤਾਬਾਂ ਪੰਜਾਬੀ ਅਤੇ 2 ਅੰਗਰੇਜ਼ੀ ਵਿੱਚ ਹਨ। ਸਮਾਗਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਤਲਵੰਡੀ ਨੇ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ਉੱਲਾ ਖਾਨ ਸਮੇਤ ਕਈ ਵਿਦਵਾਨਾਂ ਨੇ ਵਿਚਾਰ ਰੱਖੇ। ਬੁਲਾਰਿਆਂ ਨੇ ਨੌਜਵਾਨਾਂ ਨੂੰ ਪੰਜਾਬੀ ਬੋਲੀ ਅਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਾ. ਕੁਲਵੰਤ ਸਿੰਘ ਥਿੰਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

