ਸਰੀ, (ਦਿਵਰੂਪ ਕੌਰ): ਯੂਰਪੀ ਫੁੱਟਬਾਲ ਸੰਸਥਾ ਯੂਈਐਫਏ ਦੇ 55 ਮੈਂਬਰ ਦੇਸ਼ਾਂ ਨੇ ਫੀਫਾ ਪ੍ਰਧਾਨ ਜਿਆਨੀ ਇਨਫਾਂਟੀਨੋ ਦੀ ਵਿਸ਼ਵ ਕੱਪ ਵਿੱਚ ਨਿੱਜੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਵੇਚਣ ਦੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਯੋਜਨਾ ਦੇ ਵਿਰੋਧ ਵਜੋਂ ਯੂਰਪੀ ਦੇਸ਼ਾਂ ਨੇ ਫੀਫਾ ਦੇ ਸਾਰੇ ਮੁਕਾਬਲਿਆਂ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਹ ਅਹਿਮ ਫ਼ੈਸਲਾ ਇੱਕ ਐਮਰਜੈਂਸੀ ਆਨਲਾਈਨ ਮੀਟਿੰਗ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਯੂਈਐਫਏ ਦੇ ਸਾਰੇ 55 ਮੈਂਬਰ ਸ਼ਾਮਲ ਹੋਏ।
ਯੂਈਐਫਏ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ ਫੁੱਟਬਾਲ ਦੀ ਸੰਪਤੀ ਹੈ ਅਤੇ ਇਸ ਨੂੰ ਵੇਚਿਆ ਨਹੀਂ ਜਾ ਸਕਦਾ। ਸੰਸਥਾ ਨੇ ਕਿਹਾ ਕਿ ਜਦੋਂ ਤੱਕ ਯੂਰਪ ਦੀ ਆਵਾਜ਼ ਹੈ ਵਿਸ਼ਵ ਕੱਪ ਵਿਕਾਊ ਨਹੀਂ ਹੋਵੇਗਾ। ਯੂਈਐਫਏ ਦਾ ਮੰਨਣਾ ਹੈ ਕਿ ਜੇ ਨਿੱਜੀ ਨਿਵੇਸ਼ਕ ਫੀਫਾ ਮੁਕਾਬਲਿਆਂ ਵਿੱਚ ਹਿੱਸੇਦਾਰ ਬਣਦੇ ਹਨ ਤਾਂ ਖੇਡ ਉੱਤੇ ਵਪਾਰਕ ਦਬਾਅ ਵਧੇਗਾ ਅਤੇ ਫੁੱਟਬਾਲ ਦਾ ਚਰਿੱਤਰ ਸਦਾ ਲਈ ਬਦਲ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੀਫਾ ਨੇ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਇੱਕ ਨਵੀਂ 20 ਅਰਬ ਅਮਰੀਕੀ ਡਾਲਰ ਦੀ ਸਹਾਇਕ ਕੰਪਨੀ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਇਸ ਕੰਪਨੀ ਵਿੱਚ 20 ਫ਼ੀ ਸਦੀ ਹਿੱਸੇਦਾਰੀ ਨਿੱਜੀ ਨਿਵੇਸ਼ਕਾਂ ਨੂੰ ਦਿੱਤੀ ਜਾਵੇਗੀ। ਇਸ ਯੋਜਨਾ ਦੇ ਬਦਲੇ ਫੀਫਾ ਦੇ ਹਰ ਮੈਂਬਰ ਫੈਡਰਲ ਨੂੰ 2 ਕਰੋੜ ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਉੱਤੇ ਸਤੰਬਰ ਦੇ ਮੱਧ ਤੱਕ ਫ਼ੈਸਲਾ ਕਰਨਾ ਹੈ।
ਦੂਜੇ ਪਾਸੇ ਫੀਫਾ ਪ੍ਰਧਾਨ ਜਿਆਨੀ ਇਨਫਾਂਟੀਨੋ ਨੇ ਇਸ ਯੋਜਨਾ ਨੂੰ ਵਿਸ਼ਵ ਭਰ ਵਿੱਚ ਫੁੱਟਬਾਲ ਦੇ ਵਿਕਾਸ ਲਈ ਵਾਧੂ ਫੰਡ ਇਕੱਠੇ ਕਰਨ ਦਾ ਸਾਧਨ ਦੱਸਿਆ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਨਿਵੇਸ਼ ਨਾਲ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਮਦਦ ਮਿਲੇਗੀ ਪਰ ਯੂਰਪੀ ਦੇਸ਼ ਇਸ ਯੋਜਨਾ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਹਨ। This report was written by Divroop Kaur as part of the Local Journalism Initiative.

