ਸਰੀ, (ਦਿਵਰੂਪ ਕੌਰ): ਟਰਾਂਸਪੋਰਟ ਮੰਤਰੀ ਸਟੀਵਨ ਮੈਕਕੀਨਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਓਟਵਾ ਦੁਆਰਾ ਵਾਇਆ ਰੇਲ ਦੇ ਲੋਕੋਮੋਟਿਵ ਬੇੜੇ ਨੂੰ ਬਦਲਣ ਅਤੇ ਇੱਕ ਨਵਾਂ ਟ੍ਰੇਨ ਅਸੈਂਬਲੀ ਪਲਾਂਟ ਬਣਾਉਣ ਲਈ 1.9 ਬਿਲੀਅਨ ਡਾਲਰ ਦਾ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਕੈਨੇਡੀਅਨ ਯਾਤਰੀਆਂ ਨੂੰ ਬਿਹਤਰ ਰੇਲ ਸੇਵਾ ਮਿਲਣ ਦੀ ਪੂਰੀ ਉਮੀਦ ਹੈ। ਫੈਡਰਲ ਸਰਕਾਰ ਦੀ ਵਾਇਆਰੇਲ ਦੇ 45 ਪੁਰਾਣੇ ਲੋਕੋਮੋਟਿਵਾਂ ਨੂੰ ਬਦਲਣ ਲਈ 1.6 ਬਿਲੀਅਨ ਡਾਲਰ ਅਤੇ ਮਾਂਟਰੀਅਲ ਵਿੱਚ ਨਵਾਂ ਅਸੈਂਬਲੀ ਅਤੇ ਰੱਖ-ਰਖਾਅ ਪਲਾਂਟ ਬਣਾਉਣ ਲਈ 357 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਹੈ।
ਮਾਂਟਰੀਅਲ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਲੋਕੋਮੋਟਿਵ ਅਸੈਂਬਲੀ ਦੀ ਕੈਨੇਡਾ ਵਿੱਚ ਵਾਪਸੀ ਹੋ ਰਹੀ ਹੈ। ਇਹ ਨਵੀਆਂ ਟਰੇਨਾਂ ਸਵਿਟਜ਼ਰਲੈਂਡ ਦੀ ਕੰਪਨੀ ਸਟੈਡਲਰ ਦੁਆਰ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਪਹਿਲੀਆਂ ਨੌਂ ਟਰੇਨਾਂ ਸਪੇਨ ਵਿੱਚ ਬਣਾਈਆਂ ਜਾਣਗੀਆਂ, ਜਦੋਂ ਕਿ ਬਾਕੀ 36 ਟਰੇਨਾਂ ਕੈਨੇਡਾ ਵਿੱਚ ਤਿਆਰ ਕੀਤੀਆਂ ਜਾਣਗੀਆਂ ਜਿੱਥੇ ਕੈਨੇਡੀਅਨ ਕਾਮੇ ਆਪਣੇ ਸਪੇਨੀ ਸਾਥੀਆਂ ਤੋਂ ਇਨ੍ਹਾਂ ਨੂੰ ਜੋੜਨਾ ਸਿੱਖਣਗੇ। ਇਹ ਲੋਕੋਮੋਟਿਵ ਉੱਤਰੀ ਅਮਰੀਕਾ ਵਿੱਚ ਪਹਿਲੀਆਂ ਹਾਈਬ੍ਰਿਡ ਟਰੇਨਾਂ ਹੋਣ ਦੀ ਉਮੀਦ ਹੈ।
ਵਾਇਆਰੇਲ ਦੇ ਸੀਈਓ ਮੈਥਿਊ ਪੈਕੇਟ ਨੇ ਕਿਹਾ ਕਿ ਪੁਰਾਣਾ ਬੇੜਾ ਆਪਣੇ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਲੈ ਕੇ ਆਉਂਦਾ ਹੈ ਅਤੇ ਅੱਜ ਦਾ ਇਹ ਐਲਾਨ ਸਾਨੂੰ ਸਾਡੇ ਯਾਤਰੀਆਂ ਲਈ ਬਿਹਤਰ ਕੰਮ ਕਰਨ ਵਾਸਤੇ ਲੋੜੀਂਦੇ ਸਾਧਨ ਪ੍ਰਦਾਨ ਕਰਦਾ ਹੈ। ਇਹ ਨਵਾਂ ਹਾਈਬ੍ਰਿਡ ਲੋਕੋਮੋਟਿਵ ਸਾਨੂੰ ਬਿਹਤਰ ਪ੍ਰਦਰਸ਼ਨ ਅਤੇ ਭਰੋਸੇਯੋਗਤਾ ਪ੍ਰਦਾਨ ਕਰੇਗਾ, ਜਿਸ ਨਾਲ ਸਾਡੇ ਨਿਕਾਸ ਅਤੇ ਬਾਲਣ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੰਪਨੀ ਨੂੰ ਪੁਰਾਣੇ ਬੇੜੇ ਦੇ ਰੱਖ-ਰਖਾਅ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਨ੍ਹਾਂ ਨੇ “ਅਤਿਅੰਤ ਮੌਸਮ” ਦਾ ਹਵਾਲਾ ਦਿੱਤਾ। ਉਨ੍ਹਾਂ ਮਿਸਾਲ ਦਿੱਤੀ ਕਿ ਸਰਦੀਆਂ ਵਿੱਚ ਲੰਡਨ, ਓਨਟਾਰੀਓ ਤੋਂ ਤਾਪਮਾਨ 10 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਜਦੋਂ ਟਰੇਨ ਕਿਊਬਕ ਸਿਟੀ ਪਹੁੰਚਦੀ ਹੈ ਤਾਂ ਉੱਥੇ ਤਾਪਮਾਨ ਮਾਈਨਸ 35 ਡਿਗਰੀ ਹੋ ਜਾਂਦਾ ਹੈ।
ਸਟੈਡਲਰ ਦੇ ਉਦਯੋਗਿਕ ਉਪ ਪ੍ਰਧਾਨ ਮਿਗੁਏਲ ਸੇਰਡਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀਆਂ ਟਰੇਨਾਂ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਵੀ ਆਸਾਨੀ ਨਾਲ ਕੰਮ ਕਰ ਸਕਦੀਆਂ ਹਨ। ਨਵੀਆਂ ਟਰੇਨਾਂ ਪੂਰੇ ਦੇਸ਼ ਵਿੱਚ ਵਾਇਆਰੇਲ ਦੇ ਬੇੜੇ ਦੀ ਥਾਂ ਲੈਣਗੀਆਂ, ਸਿਵਾਏ ਵਿੰਡਸਰ-ਕਿਊਬਕ ਸਿਟੀ ਕਾਰੀਡੋਰ ਦੇ, ਜਿੱਥੇ ਫੈਡਰਲ ਸਰਕਾਰ ਅਲਟੋ ਹਾਈ-ਸਪੀਡ ਰੇਲ ਲਾਈਨ ਦੀ ਯੋਜਨਾ ਬਣਾ ਰਹੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ 1,200 ਨਵੀਆਂ ਪੂਰੇ ਸਮੇਂ ਦੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਹਾਈਬ੍ਰਿਡ ਟਰੇਨਾਂ ਕੈਨੇਡਾ ਵਿੱਚ ਬਣੀਆਂ ਬੈਟਰੀਆਂ ਨਾਲ ਤਿਆਰ ਕੀਤੀਆਂ ਜਾਣਗੀਆਂ। ਪਹਿਲੀਆਂ ਟਰੇਨਾਂ ਦੇ 2031 ਤੱਕ ਸੇਵਾ ਵਿੱਚ ਆਉਣ ਦੀ ਉਮੀਦ ਹੈ। This report was written by Divroop Kaur as part of the Local Journalism Initiative.

