Thursday, August 13, 2026

ਨੌਜਵਾਨ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਰਕਸੇਫ ਬੀ.ਸੀ. ਦੀ ਐਡਵਾਈਜ਼ਰੀ

ਸਰੀ, (ਦਿਵਰੂਪ ਕੌਰ): ਗਰਮੀਆਂ ਦੇ ਮਹੀਨਿਆਂ ਦੌਰਾਨ ਬਹੁਤ ਸਾਰੇ ਮਾਲਕਾਂ ਵੱਲੋਂ ਮੌਸਮੀ ਕਾਮਿਆਂ ਦੀ ਭਰਤੀ ਕੀਤੀ ਜਾਂਦੀ ਹੈ ਜਿਸਨੂੰ ਧਿਆਨ ਵਿੱਚ ਰੱਖਦਿਆਂ ਵਰਕਸੇਫ ਬੀਸੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਮਾਲਕਾਂ ਨੂੰ ਯਾਦ ਦਿਵਾਇਆ ਹੈ ਕਿ ਨੌਜਵਾਨ ਅਤੇ ਨਵੇਂ ਕਾਮੇ ਆਪਣੀ ਨੌਕਰੀ ਦੇ ਪਹਿਲੇ ਮਹੀਨਿਆਂ ਦੌਰਾਨ ਕੰਮ ਵਾਲੀ ਥਾਂ ਉੱਤੇ ਜ਼ਖਮੀ ਹੋਣ ਦੇ ਵਧੇਰੇ ਜ਼ੋਖਮ ਵਿੱਚ ਹੁੰਦੇ ਹਨ। ਅੰਕੜਿਆਂ ਮੁਤਾਬਕ ਸਾਲ 2025 ਵਿੱਚ ਵਰਕਸੇਫ ਬੀਸੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਦੌਰਾਨ ਜ਼ਖਮੀ ਹੋਏ ਨੌਜਵਾਨ ਕਾਮਿਆਂ ਦੇ 7,000 ਤੋਂ ਵੱਧ ਕਲੇਮ ਮਨਜ਼ੂਰ ਕੀਤੇ ਸਨ। ਇਸਤੋਂ ਇਲਾਵਾ 2021 ਤੋਂ ਲੈ ਕੇ 2025 ਦਰਮਿਆਨ ਕੰਮ ਵਾਲੀ ਥਾਂ ਉੱਤੇ ਵਾਪਰੇ ਹਾਦਸਿਆਂ ਕਾਰਨ 18 ਨੌਜਵਾਨ ਕਾਮਿਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਵਰਕਸੇਫ ਬੀਸੀ ਦੀ ਖੋਜ ਲਗਾਤਾਰ ਦਰਸਾਉਂਦੀ ਹੈ ਕਿ ਭਾਵੇਂ ਨੌਜਵਾਨ ਕਾਮੇ ਸੁਰੱਖਿਆ ਨੂੰ ਮਹੱਤਵ ਦਿੰਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤੇ ਅਸੁਰੱਖਿਅਤ ਕੰਮ ਬਾਰੇ ਬੋਲਣ ਤੋਂ ਝਿਜਕਦੇ ਹਨ।
ਨਵੀਂ ਖੋਜ ਦੱਸਦੀ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਾਮੇ ਆਪਣੀ ਨੌਕਰੀ ਦੀ ਸੁਰੱਖਿਆ ਬਾਰੇ ਚਿੰਤਤ ਹੁੰਦੇ ਹਨ ਅਤੇ ਮੌਕੇ ਉੱਤੇ ਸਵਾਲ ਚੁੱਕਣ ਵਿੱਚ ਆਤਮਵਿਸ਼ਵਾਸ ਦੀ ਘਾਟ ਮਹਿਸੂਸ ਕਰਦੇ ਹਨ। ਵਰਕਸੇਫ ਬੀਸੀ ਦੇ ਪ੍ਰੀਵੈਨਸ਼ਨ ਸਰਵਿਸਿਜ਼ ਦੇ ਮੁਖੀ ਟੌਡ ਮੈਕਡੋਨਲਡ ਅਨੁਸਾਰ ਨੌਜਵਾਨ ਕਾਮੇ ਅਕਸਰ ਪਛਾਣ ਲੈਂਦੇ ਹਨ ਜਦੋਂ ਕੁਝ ਠੀਕ ਨਹੀਂ ਹੁੰਦਾ ਪਰ ਉਹ ਕੁਝ ਕਹਿਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ। ਹਰ ਕਾਮੇ ਨੂੰ ਕੰਮ ਵਾਲੀ ਥਾਂ ਦੇ ਖਤਰਿਆਂ ਬਾਰੇ ਜਾਣਨ ਅਤੇ ਅਸੁਰੱਖਿਅਤ ਕੰਮ ਤੋਂ ਇਨਕਾਰ ਕਰਨ ਦਾ ਪੂਰਾ ਹੱਕ ਹੈ। ਵਰਕਸੇਫ ਬੀਸੀ ਨੇ ਨੌਜਵਾਨ ਕਾਮਿਆਂ ਨੂੰ ਕਿਸੇ ਅਣਜਾਣ ਜਾਂ ਅਸੁਰੱਖਿਅਤ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸੁਪਰਵਾਈਜ਼ਰ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿੱਚ ਦੱਸਿਆ ਗਿਆ ਹੈ ਕਿ ਸਵਾਲਾਂ ਦੇ ਜਵਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਜ਼ ਤੋਂ ਲੱਭਣ ਦੀ ਬਜਾਏ ਆਪਣੇ ਮਾਲਕ ਤੋਂ ਪੁੱਛਣੇ ਚਾਹੀਦੇ ਹਨ।
ਕਾਨੂੰਨ ਅਨੁਸਾਰ ਮਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਕਾਮਿਆਂ ਨੂੰ ਨੌਕਰੀ ਸਬੰਧੀ ਢੁੱਕਵੀਂ ਸਿਖਲਾਈ ਅਤੇ ਜਾਣਕਾਰੀ ਪ੍ਰਦਾਨ ਕਰਨ। ਇਸਦੇ ਨਾਲ ਹੀ ਮਾਲਕਾਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਜੋ ਕਾਮੇ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰ ਸਕਣ। ਟੌਡ ਮੈਕਡੋਨਲਡ ਨੇ ਕਿਹਾ ਕਿ ਹਰੇਕ ਕਾਮੇ ਦੀ ਸਮਰੱਥਾ ਵੱਖਰੀ ਹੁੰਦੀ ਹੈ ਇਸ ਲਈ ਸਾਰਿਆਂ ਉੱਤੇ ਇੱਕੋ ਜਿਹਾ ਨਿਯਮ ਲਾਗੂ ਨਹੀਂ ਕੀਤਾ ਜਾ ਸਕਦਾ। ਜੇਕਰ ਕਿਸੇ ਕਾਮੇ ਨੂੰ ਲੱਗਦਾ ਹੈ ਕਿ ਉਸਦੀਆਂ ਚਿੰਤਾਵਾਂ ਨੂੰ ਹੱਲ ਨਹੀਂ ਕੀਤਾ ਗਿਆ ਤਾਂ ਉਹ ਵਰਕਸੇਫ ਬੀਸੀ ਦੀ ਲਾਈਨ 1-888-621-7233 ਉੱਤੇ ਕਾਲ ਕਰਕੇ ਆਪਣੀ ਗੱਲ ਰੱਖ ਸਕਦਾ ਹੈ। This report was written by Divroop Kaur as part of the Local Journalism Initiative.

Popular