-0.1 C
Vancouver
Sunday, February 2, 2025

ਹਿਮਾਚਲ ਦੇ ਕਾਂਗਰਸ ਦੇ ਵਿਧਾਇਕ ਦਾ ਝੂਠਾ ਬਿਆਨ ਹਿਮਾਚਲ ਵਿਚ ਨਸ਼ੇ ਲਈ ਪੰਜਾਬ ਨੂੰ ਦੱਸਿਆ ਜ਼ਿੰਮੇਵਾਰ

 

ਚੰਂਡੀਗੜ੍ਹ, (ਰਜਿੰਦਰ ਸਿੰਘ ਪੁਰੇਵਾਲ):ਧਰਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਚੰਦਰਸ਼ੇਖਰ ਨੇ ਹਿਮਾਚਲ ਪ੍ਰਦੇਸ਼ ਵਿੱਚ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਲਤ ‘ਤੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿ ਗੁਆਂਢੀ ਸੂਬੇ ਪੰਜਾਬ ਦੀਆਂ ਕਈ ਤਾਕਤਾਂ ਹਿਮਾਚਲ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਿੱਚ ਸ਼ਾਮਲ ਹਨ। ਇਹ ਤਾਕਤਾਂ ਨਹੀਂ ਚਾਹੁੰਦੀਆਂ ਕਿ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਅੱਗੇ ਵਧਣ।ਉਸਦਾ ਕਹਿਣਾ ਹੈ ਕਿ ਪੰਜਾਬ ਨੇ ਆਪਣੀ ਸਾਰੀ ਤਾਕਤ ਹਿਮਾਚਲ ਪ੍ਰਦੇਸ਼ ਨੂੰ ਬਰਬਾਦ ਕਰਨ ਵਿੱਚ ਲਗਾ ਦਿੱਤੀ ਹੈ। ਹਿਮਾਚਲ ਦੇ ਮਨਸੂਬੇ ਜੋ ਵੀ ਹੋਣ, ਅਸੀਂ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿਆਂਗੇ। ਸੂਬੇ ਦੀ ਸੁੱਖੂ ਸਰਕਾਰ ਇਨ੍ਹਾਂ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਤਿਆਰ ਹੈ। ਹੁਣ ਗੁਆਂਢੀ ਰਾਜਾਂ ਤੋਂ ਹਿਮਾਚਲ ਵਿੱਚ ਫੈਲ ਰਹੇ ਨਸ਼ੇ ਦੇ ਇਨ੍ਹਾਂ ਜੜ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਗੱਲ ਸੱਚ ਹੈ ਕਿ ਭਾਰਤ ਦੇ ਕਈ ਸੂਬਿਆਂ ਵਿਚ ਨਸ਼ੇ ਦੀ ਆਦਤ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਅਛੂਤਾ ਨਹੀਂ ਰਿਹਾ।ਪਰ ਪੰਜਾਬ ਉਪਰ ਅਜਿਹੇ ਦੋਸ਼ ਲਗਾਉਣੇ ਗਲਤ ਹਨ।ਹਿਮਾਚਲ ਵਿਚ ਨਸ਼ੀਲੀ ਡਰੱਗ ਤਾਂ ਦਵਾਈ ਕੰਪਨੀਆਂ ਵਿਚ ਵੀ ਬਣ ਰਹੀ ਹੈ।ਪਰ ਹਿਮਾਚਲ ਸਰਕਾਰ ਨੇ ਇਸ ਵਲ ਧਿਆਨ ਕਿਉਂ ਨਹੀਂ ਦਿੱਤਾ।ਗਿਆਰਾਂ ਮਈ 2024 ਦੀ ਜੱਗਬਾਣੀ ਅਖਬਾਰ ਵਿਚ ਖਬਰ ਛੱਪੀ ਸੀ ਕਿ ਪੰਜਾਬ ਡੀਜੀਪੀ ਗੌਰਵ ਯਾਦਵ ਅਨੁਸਾਰ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਨੇ ਇਕ ਗਰੋਹ ਦੇ ਮੁੱਖ ਆਗੂ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਉੱਤਰੀ ਭਾਰਤ ਦੇ ਪੰਜ ਰਾਜਾਂ ਵਿੱਚ ਨਸ਼ਿਆਂ ਦਾ ਕਾਰੋਬਾਰ ਅਤੇ ਨੈੱਟਵਰਕ ਚਲਾ ਰਿਹਾ ਸੀ।ਇਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਖੇਪ ਪੁਲਿਸ ਦੀ ਨੱਕ ਹੇਠ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਸਥਿਤ ਇੱਕ ਫਾਰਮਾਸਿਊਟੀਕਲ ਫੈਕਟਰੀ ਤੋਂ ਪੰਜ ਰਾਜਾਂ ਵਿੱਚ ਪਹੁੰਚਾਈ ਗਈ ਸੀ। ਇਸ ਵਿੱਚ ਫਾਰਮਾ ਫੈਕਟਰੀ ਦੇ ਮੁਲਾਜ਼ਮਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਪੁਲਿਸ ਨੇ ਗਿਰੋਹ ਕੋਲੋਂ 70.42 ਲੱਖ ਨਸ਼ੀਲੀਆਂ ਗੋਲੀਆਂ, 725 ਕਿਲੋ ਟਰਾਮਾਡੋਲ ਪਾਊਡਰ ਅਤੇ 2.37 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।ਡੀਜੀਪੀ ਅਨੁਸਾਰ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਵਿਰੁੱਧ ਕਾਰਵਾਈ ਦੌਰਾਨ 47.32 ਨਸ਼ੀਲੇ ਕੈਪਸੂਲ ਅਤੇ 725.5 ਕਿਲੋ ਨਸ਼ੀਲਾ ਟਰਾਮਾਡੋਲ ਪਾਊਡਰ – ਜੋ ਕਿ 1.5 ਕਰੋੜ ਕੈਪਸੂਲ ਬਣਾਉਣ ਲਈ ਕਾਫੀ ਸੀ – ਬਰਾਮਦ ਕੀਤਾ ਗਿਆ ਸੀ।
ਇਹ ਤਾਂ ਹਿਮਾਚਲ ਦੀ ਇਕ ਕੰਪਨੀ ਹੈ,ਪਰ ਕਿੰਨੀਆਂ ਕੰਪਨੀਆਂ ਇਸ ਕਾਲੇ ਕਾਰੋਬਾਰ ਨਾਲ ਜੁੜੀਆਂ ਹਨ ਕਿ ਇਸ ਦਾ ਕੀ ਹਿਮਾਚਲ ਸਰਕਾਰ ਨੇ ਵਿਸ਼ਲੇਸ਼ਣ ਕੀਤਾ ਹੈ।
ਭਾਰਤ ਦਾ ਸਭ ਤੋਂ ਵੱਡਾ ਡਰੱਗ ਅੱਡਾ ਗੁਜਰਾਤ ਹੈ।29 ਅਗਸਤ 2022 ਦੀ ਬੀਬੀਸੀ ਵੈਬਸਾਈਟ ਯੂਕੇ 30 ਅਗਸਤ 2022 ਅਨੁਸਾਰ
ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।ਡੀਜੀਪੀ ਪੰਜਾਬ ਗੌਰਵ ਯਾਦਵ ਮੁਤਾਬਕ ਇਹ ਬਹੁਤ ਵੱਡੀ ਖੇਪ ਸਮੁੰਦਰੀ ਰਸਤਿਓਂ ਭਾਰਤ ਵਿੱਚ ਆਈ ਸੀ ਅਤੇ ਗੁਜਰਾਤ ਦੇ ਭੁਜ ਇਲਾਕੇ ਤੋਂ ਟਰੱਕਾਂ ਰਾਹੀਂ ਪੰਜਾਬ ਵਿੱਚ ਆ ਰਹੀ ਸੀ।ਐਸਟੀਐਫ ਅਧਿਕਾਰੀ ਦੀ ਕਹਿਣਾ ਸੀ ਕਿ ਫਰਮਾਕਿਊਟੀਕਲ ਡਰੱਗ ਪੰਜਾਬ ਵਿੱਚ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਂਦਾ ਹੈ, ਭੰਗ ਅਤੇ ਚਰਸ ਦੀ ਉਤਪਾਦਨ ਹਿਮਾਚਲ ਵਿਚ ਹੁੰਦਾ ਹੈ।
ਹੁਣ ਤਾਂ ਭਾਰਤ ਵਿਚ ਅਫਰੀਕੀ ਦੇਸ਼ਾਂ ਤੋਂ ਇਲਾਵਾ ਨੇਪਾਲੀ ਅਤੇ ਭਾਰਤੀ ਸਮੱਗਲਰ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਹਿਮਾਚਲ ਦੇ ਕੁਝ ਇਲਾਕੇ ‘ਡਰੱਗ ਟੂਰਿਜ਼ਮ’ ਲਈ ਵੀ ਬਦਨਾਮ ਹੋ ਗਏ ਹਨ, ਜਿਥੇ ਸਭ ਤਰ੍ਹਾਂ ਦਾ ਨਸ਼ਾ ਆਸਾਨੀ ਨਾਲ ਮਿਲਣ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਇਸਰਾਈਲ ਸਮੇਤ ਕੁਝ ਦੇਸ਼ਾਂ ਦੇ ਨਸ਼ਾ ਪ੍ਰੇਮੀ ਸੈਲਾਨੀਆਂ ਵਿਚ ਤਾਂ ਹਿਮਾਚਲ ਬਹੁਤ ਹਰਮਨਪਿਆਰਾ ਹੈ। ਹਰ ਸਾਲ ਵੱਡੀ ਗਿਣਤੀ ਵਿਚ ਇਸਰਾਈਲੀ ਹਿਮਾਚਲ ਦੀ ਧੌਲਾਧਾਰ ਲੜੀ ਵਿਚ ਵਸੇ ਪਿੰਡ ‘ਧਰਮਕੋਟ’ ਵਿਖੇ ਆ ਕੇ ਰਹਿੰਦੇ ਹਨ। ਇਥੋਂ ਤੱਕ ਕਿ ਇਹ ਪਿੰਡ ‘ਤੇਲਅਵੀਵ’ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ ਹੈ। ਇਥੇ ਹਿਬਰੂ ਸ਼ੈਲੀ ਦੇ ਕਈ ‘ਸਾਈਨੇਜ’ ਵੀ ਬਣੇ ਹੋਏ ਹਨ ਅਤੇ ਇਕ ਚਾਰ ਮੰਜ਼ਿਲਾ ‘ਚਬਾਡ ਹਾਊਸ’ (ਯਹੂਦੀ ਸਮੁਦਾਇਕ ਕੇਂਦਰ) ਵੀ ਬਣਿਆ ਹੋਇਆ ਹੈ। ਨਸ਼ਿਆਂ ਦੀ ਆਸਾਨੀ ਨਾਲ ਉਪਲਬਧਤਾ ਕਾਰਨ ਹੁਣ ਤਾਂ ਇਥੇ ਵੀ ਮੌਜ-ਮਸਤੀ ਲਈ ਗੋਆ ਵਾਂਗ ਹੀ ਨਸ਼ੇੜੀਆਂ ਦੀਆਂ ਗੈਰ-ਕਾਨੂੰਨੀ ‘ਰੇਵ ਪਾਰਟੀਆਂ’ ਅਤੇ ‘ਫੁਲ ਮੂਨ ਪਾਰਟੀਆਂ’ ਆਯੋਜਿਤ ਹੋਣ ਲੱਗੀਆਂ ਹਨ। ਆਮ ਤੌਰ ‘ਤੇ ਜੰਗਲਾਂ ਆਦਿ ਸੁੰਨਸਾਨ ਅਤੇ ਖੁੱਲ੍ਹੀਆਂ ਥਾਵਾਂ ‘ਤੇ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਪਾਰਟੀਆਂ ਦੇ ਆਯੋਜਕ ਇਨ੍ਹਾਂ ਵਿਚ ਸ਼ਾਮਲ ਹੋਣ ਵਾਲੇ ਨੌਜਵਾਨ-ਮੁਟਿਆਰਾਂ ਕੋਲੋਂ ਭਾਰੀ ਰਕਮ ਵਸੂਲਦੇ ਹਨ। ਇਸ ਦੇ ਬਦਲੇ ਵਿਚ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਅਤੇ ਨਸ਼ਾ ਪਰੋਸਿਆ ਜਾਂਦਾ ਹੈ ਅਤੇ ਉੱਚੇ ਸੰਗੀਤ ਦੀ ਧੁੰਨ ‘ਤੇ ਮਸਤੀ ਕਰਵਾਈ ਜਾਂਦੀ ਹੈ। ਪੁਲਸ ਰਿਕਾਰਡ ਮੁਤਾਬਕ ਨਸ਼ੇ ਦੀ ਖੇਪ ਨਾਲ ਫੜੇ ਜਾ ਰਹੇ ਲੋਕਾਂ ਵਿਚ 70 ਫ਼ੀਸਦੀ ਹਿਮਾਚਲੀ ਨੌਜਵਾਨ ਹਨ।
ਸੋ ਡਰੱਗ ਇਕ ਵੱਡਾ ਕਾਰੋਬਾਰ ਹੈ ,ਜਿਸ ਨਾਲ ਪੁਲੀਸ ਦੀ ਕਾਲੀਆਂ ਭੇਡਾਂ ਤੇ ਭਿ੿ਸ਼ਟ ਸਿਆਸਤਦਾਨਾਂ ਦਾ ਗੱਠਜੋੜ ਜੁੜਿਆ ਹੈ ,ਪਰ ਬਦਨਾਮ ਪੰਜਾਬੀਆਂ ਨੂੰ ਕੀਤਾ ਜਾਂਦਾ ਹੈ।ਅਜੇ ਤਕ ਹਿਮਾਚਲ ਦੀ ਡਰੱਗ ਕੰਪਨੀ ਤੇ ਗੁਜਰਾਤ ਤੋਂ ਫੜੇ ਨਸ਼ਿਆਂ ਦੇ ਜ਼ਿੰਮੇਵਾਰ ਲੋਕਾਂ ਦਾ ਖੁਲਾਸਾ ਨਹੀਂ ਹੋਇਆ ਕਿ ਕੋਣ ਜ਼ਿੰਮੇਵਾਰ ਹੈ।ਇਹੋ ਜਿਹੀਆਂ ਘਟਨਾਵਾਂ ਨੂੰ ਦਬਾਉਣ ਦੇ ਕੋਣ ਜ਼ਿੰਮੇਵਾਰ ਹਨ।ਪਰ ਪੰਜਾਬ ਨੂੰ ਸਾਜਿਸ਼ ਤਹਿਤ ਕਿਉਂ ਬਦਨਾਮ ਕੀਤਾ ਜਾਂਦਾ ਹੈ।ਪੰਜਾਬ ਦੇ ਨੌਜਵਾਨ ਆਪ ਹੀ ਡਰੱਗ ਦੀ ਲਪੇਟ ਵਿਚ ਨਸਲਕੁਸ਼ੀ ਦੇ ਰਾਹ ਉਪਰ ਹਨ।ਪਰ ਸਰਕਾਰਾਂ ਚੁਪ ਹਨ।ਕੋਈ ਕਾਰਵਾਈ ਨਹੀਂ ਕਰ ਰਹੀਆਂ।

Related Articles

Latest Articles