ਏ.ਬੀ.ਸੀ. ਕੀ ਪੜ੍ਹ ਬੈਠੇ ਹਾਂ
ਆਪਣੀ ਮਾਂ ‘ਨਾ ਲੜ ਬੈਠੇ ਹਾਂ
ਅਸੀਂ ਵੀ ਘਣੀਆਂ ਛਾਵਾਂ ਕਰਦੇ
ਉਗਣੋਂ ਪਹਿਲਾਂ ਝੜ ਬੈਠੇ ਹਾਂ
ਡੁੱਬਣ ਨੂੰ ਤਾਂ ਜੀ ਕਰਦਾ ਸੀ
ਸੁੱਕੀ ਨਦੀ ‘ਚ ਵੜ ਬੈਠੇ ਹਾਂ
ਉਸ ਦਾ ਪੰਨਾ ਪੜ੍ਹ ਨ੍ਹੀਂ ਹੋਇਆ
ਉੰਝ ਕਿੰਨਾ ਕੁਝ ਪੜ੍ਹ ਬੈਠੇ ਹਾਂ
ਅੱਗਾਂ ਤੋਂ ਹੁਣ ਡਰ ਨ੍ਹੀਂ ਲਗਦਾ
ਅੰਦਰ ਤੀਕਰ ਸੜ ਬੈਠੇ ਹਾਂ
ਸ਼ਹਿਰ ‘ਚ ਵੱਡੀ ਕੋਠੀ ਪਾ ਕੇ
ਘਰ ਨੂੰ ਤਾਲਾ ਜੜ ਬੈਠੇ ਹਾਂ
ਜ਼ਹਿਰਾਂ ਨੇ ਤਾਂ ਚੜ੍ਹਨਾ ਹੀ ਸੀ
ਜਿਉਂਦੇ ਸੱਪ ਨੂੰ ਲੜ ਬੈਠੇ ਹਾਂ
ਲੇਖਕ : ਗੁਰਸੇਵਕ ਲੰਬੀ, ਪੰਜਾਬੀ ਯੂਨੀਵਰਸਿਟੀઠਪਟਿਆਲਾ