-0.1 C
Vancouver
Sunday, February 2, 2025

ਕੀ ਟਰੰਪ-ਮਸਕ ਜੋੜੀ ਵਿਸ਼ਵ ਅਮਨ ਲਈ ਵੱਡਾ ਖ਼ਤਰਾ ਬਣੇਗੀ..?

 

ਲੇਖਕ : ਦਰਬਾਰਾ ਸਿੰਘ ਕਾਹਲੋਂ
ਦੂਸਰੇ ਵਿਸ਼ਵ ਯੁੱਧ ਵਿੱਚ ਜਰਮਨ ਨਾਜ਼ੀਵਾਦੀ ਹਿਟਲਰ, ਇਟਲੀ ਦੇ ਫਾਸ਼ੀਵਾਦੀ ਮੁਸੋਲਿਨੀ ਨੂੰ ਕਪਟੀ ਅਤੇ ਚਰਿੱਤਰਹੀਣ ਸਲਾਹਕਾਰਾਂ ਨੇ ਵਿਸ਼ਵ ਸ਼ਾਂਤੀ ਲਈ ਪਰਲੋ ਬਣਾ ਦਿੱਤਾ।
ਅਜਿਹੀਆਂ ਹੋਰ ਅਨੇਕ ਮਿਸਾਲਾਂ ਹਨ।ਅਜੋਕੇ ਵਿਸ਼ਵ ਕਾਲ ਵਿੱਚ ਰੂਸ ਦੇ ਸ਼ਾਸਕ ਵਲਾਦੀ ਮੀਰ ਪੂਤਿਨ, ਇਸਰਾਈਲ ਦੇ ਭ੍ਰਿਸ਼ਟ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ, ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਯੋਂਗ ਉਨ ਆਪਣੇ ਬੁਰੇ ਸਲਾਹਕਾਰਾਂ ਕਰਕੇ ਪਹਿਲਾਂ ਹੀ ਵਿਸ਼ਵ ਸ਼ਾਂਤੀ ਲਈ ਖ਼ਤਰਾ ਬਣੇ ਪਏ ਹਨ। ਬੀਤੇ ਦਿਨੀਂ (20 ਜਨਵਰੀ, 2025) ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੌਨਲਡ ਟਰੰਪ (ਜੋ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।) ਆਪਣੇ ਕਪਟੀ, ਰੱਤਪੀਣੇ ਧਨ ਕੁਬੇਰ ਬਰੋਲੀਗਾਰਕ ਕਰੋਨੀ ਐਲਨ ਮਸਕ ਜਿਹੇ ਪੂਰੇ ਵਿਸ਼ਵ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਨ ਦੀ ਖਲਨਾਇਕਵਾਦੀ ਚੇਸ਼ਠਾ ਰੱਖਣ ਵਾਲੇ ਸਲਾਹਕਾਰ ਨਾਲ ਮਿਲ ਕੇ ਪੂਰੇ ਵਿਸ਼ਵ ਲਈ ਪਰਲੋ ਭਰੀ ਬਰਬਾਦੀ ਜਿਹਾ ਖ਼ਤਰਾ ਬਣਨ ਜਾ ਰਹੇ ਹਨ। ਵਿਸ਼ਵ ਦੀ ਆਰਥਿਕ ਅਤੇ ਫ਼ੌਜੀ ਮਹਾਂਸ਼ਕਤੀ ਅਮਰੀਕਾ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਆਪਣੇ ਆਰਥਿਕ ਅਤੇ ਖੇਤਰੀ ਪ੍ਰਸਾਰਵਾਦ ਧਮਕੀ ਭਰੇ ਇਰਾਦਿਆਂ ਨੂੰ ਖੁੱਲ੍ਹੇ ਆਮ ਜੱਗ ਜ਼ਾਹਿਰ ਕਰਕੇ ਪੂਰੇ ਵਿਸ਼ਵ ਸਮੇਤ ਕਈ ਰਾਸ਼ਟਰਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਹੈਰਾਨਗੀ ਦੀ ਗੱਲ ਇਹ ਹੈ ਕਿ ਤਾਨਾਸ਼ਾਹ ਕਿਸਮ ਦਾ ਸ਼ਾਸਕ ਅਤੇ ਅੰਨ੍ਹਾ ਧੰਨ ਕੁਬੇਰ ਬਰੋਲੀਗਾਰਕ ਅਮਰੀਕਾ ਦੇ ਅਤਿ ਨੇੜਲੇ ਸਹਿਯੋਗੀ ਅਤੇ ਮਿੱਤਰ ਰਾਸ਼ਟਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਇਰਾਦੇ: ਦਰਅਸਲ ਐਲਨ ਮਸਕ ਪੂਰੇ ਵਿਸ਼ਵ ਅਤੇ ਮਾਨਵਤਾ ਨੂੰ ਆਪਣੇ ਨਿੱਜੀ ਲਾਭਾਂ, ਸੁਪਨਿਆਂ ਅਤੇ ਇਰਾਦਿਆਂ ਲਈ ਗਲੋਬਲ ਤੌਰ ‘ਤੇ ਮੁੜ ਆਕਾਰ ਦੇਣਾ ਚਾਹੁੰਦਾ ਹੈ। ਇਸ ਨਕਾਰਾਤਮਿਕ ਪਰਲੋ ਭਰੇ ਡਿਜ਼ਾਈਨ ਲਈ ਉਸ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸਾਥ ਹਾਸਲ ਹੋ ਚੁੱਕਾ ਹੈ। ਇਸਦੀ ਪੂਰਤੀ ਲਈ ਅਮਰੀਕੀ ਮਹਾਂਸ਼ਕਤੀ ਅਤੇ ਇਸਦੀ ਪ੍ਰਬੰਧਕੀ ਸ਼ਕਤੀ ਉਸਦੀ ਮੁੱਠੀ ਵਿੱਚ ਸਮੇਟ ਚੁੱਕੀ ਹੈ। ਡੌਨਲਡ ਟਰੰਪ ਆਪਣੇ ਪਰੰਪਰਕ ਸਾਥੀਆਂ ਅਤੇ ਸਹਿਯੋਗੀਆਂ ਲਈ ਖ਼ਤਰਾ ਬਣ ਚੁੱਕਾ ਹੈ। ਐਲਨ ਮਸਕ ਅਤੇ ਕੁਝ ਹੋਰ ਅਜਿਹੇ ਸਲਾਹਕਾਰ ਉਸਦੇ ਖੇਤਰੀ ਅਤੇ ਪ੍ਰਸਾਰਵਾਦੀ ਇਰਾਦਿਆਂ ਲਈ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਜਿਸ ਨੂੰ ਅੰਦਰੂਨੀ ਗੰਢ-ਸੰਢ ਰਾਹੀਂ ਅਗਲੀਆਂ ਬ੍ਰਿਟਿਸ਼ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਐਲਨ ਮਸਕ ਸੱਤਾ ਤੋਂ ਲਾਂਭੇ ਕਰਨ ਦੇ ਮਨਸੂਬੇ ਘੜ ਰਿਹਾ ਹੈ ਅਤੇ ਅਮਰੀਕਾ ਵਿੱਚ ਬ੍ਰਿਟੇਨ ਦੇ ਨਵੇਂ ਰਾਜਦੂਤ ਪੀਟਰ ਮੈਡਲਸਨ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਅਜਿਹੀਆਂ ਚੁਣੌਤੀਆਂ ਉਨ੍ਹਾਂ ਵੱਲੋਂ ਫਰਾਂਸ, ਜਰਮਨੀ, ਆਇਰਲੈਂਡ, ਪੋਲੈਂਡ, ਡੈਨਮਾਰਕ ਅਤੇ ਦੂਸਰੇ ਯੂਰਪੀਨ ਦੇਸ਼ਾਂ ਨੂੰ ਦਰਪੇਸ਼ ਹਨ। ਉਹ ਜਾਣਦੇ ਹਨ ਕਿ ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਰੋਗੀ ਅਤੇ ਉਸਦੀ ਲਿਬਰਲ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਪਰ ਹਕੀਕਤ ਵਿੱਚ ਉਸਦੀ ਪਾਰਟੀ ਨੂੰ ਹਮਲਾਵਰ ਤਾਨਾਸ਼ਾਹ ਟਰੰਪ ਅਤੇ ਕਰੋਨੀ ਐਲਨ ਮਸਕ ਨਾਲ ਨਿਪਟਣ ਲਈ ਉਸਦੀ ਸ਼ਕਤੀ ‘ਤੇ ਸੰਦੇਹ ਸੀ।
ਪ੍ਰਸਾਰਵਾਦੀ ਐਲਾਨ:
ਡੌਨਲਡ ਟਰੰਪ ਨੇ ਗੁਆਂਢੀ ਅਤੇ ਪਰੰਪਰਕ ਸਹਿਯੋਗੀ ਕੈਨੇਡਾ ਨੂੰ ਧਮਕੀ ਦਿੱਤੀ ਕਿ ਉਹ ਆਪਣੀ ਸਰਹੱਦ ਰਾਹੀਂ ਅਮਰੀਕਾ ਅੰਦਰ ਪ੍ਰਵਾਸੀ ਘੁਸਪੈਠ ਰੋਕੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਲਗਾਮ ਕੱਸੇ, ਨਾਟੋ ਸੰਗਠਨ ਵਿੱਚ 2 ਪ੍ਰਤੀਸ਼ਤ ਜੀ.ਡੀ.ਪੀ. ਯੋਗਦਾਨ ਪਾਵੇ ਨਹੀਂ ਤਾਂ ਅਮਰੀਕਾ ਉਸਦੀ ਅਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਠੋਕ ਦੇਵੇਗਾ। ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਉਸ ਨੂੰ ਦੱਸਿਆ ਕਿ ਇਸ ਨਾਲ ਕੈਨੇਡਾ ਦੀ ਆਰਥਿਕਤਾ ਢਹਿ-ਢੇਰੀ ਹੋ ਜਾਏਗੀ ਤਾਂ ਟਰੰਪ ਦਾ ਅਸਲ ਇਰਾਦਾ ਸਾਹਮਣੇ ਆ ਗਿਆ। ਉਸਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਲਈ ਕਹਿ ਦਿੱਤਾ। ਉਹ ਬਾਰ-ਬਾਰ ਧਮਕੀ ਦੇ ਰਿਹਾ ਹੈ ਕਿ ਇਸ ਕਾਰਜ ਦੀ ਪੂਰਤੀ ਲਈ ਉਹ ਆਰਥਿਕ ਸ਼ਕਤੀ ਦਾ ਪ੍ਰਯੋਗ ਕਰੇਗਾ। ਟਰੰਪ ਭੁਲੇਖੇ ਦੂਰ ਕਰ ਲਏ, ਕੈਨੇਡਾ ਕਦੇ ਨਹੀਂ ਝੁੱਕੇਗਾ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਹਿ ਦਿੱਤਾ ਹੈ।
ਗਰੇਟਾ ਪੀਸਚ ਅਨੁਸਾਰ ਡੌਨਲਡ ਟਰੰਪ ਕੌਮਾਂਤਰੀ ਆਰਥਿਕ ਐਮਰਜੈਂਸੀ ਪਾਵਰ ਐਕਟ ਦੀ ਵਰਤੋਂ ਕਰਕੇ ਕੈਨੇਡਾ ਤੋਂ ਆਉਂਦੀਆਂ ਅਯਾਤ ਵਸਤਾਂ ‘ਤੇ 25 ਪ੍ਰਤੀਸ਼ਤ ਟੈਰਿਫ ਠੋਕ ਸਕਦਾ ਹੈ। ਰਾਸ਼ਟਰਪਤੀ ਰਿਚਰਡ ਨਿਕਸਨ ਵੇਲੇ ਇਸ ਐਮਰਜੈਂਸੀ ਐਕਟ ਨੂੰ ਅਮਲ ਵਿੱਚ ਲਿਆ ਕੇ ਅਮਰੀਕਾ ਨੇ ਹਰ ਕਿਸਮ ਦੀ ਅਯਾਤ ‘ਤੇ 10 ਪ੍ਰਤੀਸ਼ਤ ਟੈਰਿਫ਼ ਲਗਾ ਦਿੱਤਾ ਸੀ।
ਮੈਕਸੀਕੋ ਖਾੜੀ: ਦੂਸਰੇ ਗੁਆਂਢੀ ਦੇਸ਼ ਮੈਕਸੀਕੋ ਸੰਬੰਧਿਤ ਮੈਕਸੀਕੋ ਖਾੜ੍ਹੀ ਦਾ ਨਾਮ ਬਦਲ ਕੇ ‘ਅਮਰੀਕਾ ਖਾੜੀ’ ਰੱਖਣ ਦਾ ਟਰੰਪ ਐਲਾਨ ਕਰ ਰਿਹਾ ਹੈ। ਉਸ ਅਨੁਸਾਰ ਇਹ ਖਾੜੀ ਅਮਰੀਕੀ ਹੈ। ਅਮਰੀਕਾ ਇਸ ਰਾਹੀਂ ਵੱਡੇ ਪੱਧਰ ‘ਤੇ ਵਪਾਰ, ਕਾਰੋਬਾਰ ਅਤੇ ਹੋਰ ਕਾਰਜ ਨੂੰ ਅੰਜਾਮ ਦਿੰਦਾ ਹੈ। ਅਮਰੀਕਾ ਅੰਦਰ ਇਸ ਖਾੜੀ ਰਾਹੀਂ ਸਲਾਨਾ ਲੱਖਾਂ ਪ੍ਰਵਾਸੀ ਗੈਰ-ਕਾਨੂੰਨੀ ਤੌਰ ‘ਤੇ ਘੁਸਦੇ ਹਨ, ਜਿਨ੍ਹਾਂ ਨੂੰ ਮੈਕਸੀਕੋ ਰੋਕਦਾ ਨਹੀਂ ਹੈ।
ਮੈਕਸੀਕੋ ਦੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਮਾਰਸੇਲੋ ਐਬਰਾਰਡ ਨੇ ਇਸ ਸੁਝਾਅ ਨੂੰ ਨਕਾਰਦੇ ਹੋਏ ਜ਼ੋਰ ਦਿੱਤਾ ਕਿ ਇਹ ਮੈਕਸੀਕੋ ਖਾੜੀ ਹੀ ਰਹੇਗੀ। ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੇਨਬਾਮ ਨੇ ਤੰਜ ਕਰਦੇ ਕਿਹਾ ਉੱਤਰੀ ਅਮਰੀਕਾ ਦਾ ਨਾਮ ‘ਮੈਕਸੀਕਨ ਅਮਰੀਕਾ’ ਰੱਖ ਦਿੰਦੇ ਹਾਂ। ਸੰਨ 1607 ਤੋਂ ਇਹ ਖਾੜੀ ਮੈਕਸੀਕੋ ਖਾੜੀ ਵਜੋਂ ਜਾਣੀ ਜਾਂਦੀ ਹੈ। ਯੂ.ਐੱਨ.ਓ. ਵੱਲੋਂ ਇਸ ਨੂੰ ਮਾਨਤਾ ਪ੍ਰਾਪਤ ਹੈ। ਸੰਨ 1814 ਦੇ ਸੰਵਿਧਾਨ ਵਿੱਚ ਮੈਕਸੀਕੋ ਨੇ ਇਹ ਨਾਮ ਇਸ ਖਿੱਤੇ ਲਈ ਰੱਖਿਆ ਸੀ। ਭਾਵ ‘ਮੈਕਸੀਕਨ ਅਮਰੀਕਾ’, ਕੀ ਇਹ ਵਧੀਆ ਨਹੀਂ ਲੱਗੇਗਾ? ਰਾਸ਼ਟਰਪਤੀ ਨੇ ਮੁਸਕਾਰਾਉਂਦੇ ਕਿਹਾ।
ਗ੍ਰੀਨਲੈਂਡ:
ਗ੍ਰੀਨਲੈਂਡ ਯੂਰਪੀਨ ਆਰਕਟਿਕ ਖੇਤਰ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਜਜ਼ੀਰਾ ਹੈ। ਇਸਦੀ ਅਬਾਦੀ 60 ਹਜ਼ਾਰ ਦੇ ਕਰੀਬ ਹੈ। ਇਹ ਡੈਨਮਾਰਕ ਦਾ ਸਵੈ-ਸ਼ਾਸਤ ਇਲਾਕਾ ਹੈ। ਇਸ ਕੋਲ ਕੁਦਰਤੀ ਸੋਮਿਆਂ ਦੀ ਬਹੁਤਾਤ ਮੌਜੂਦ ਹੈ ਜਿਵੇਂ ਤੇਲ, ਗੈਸ, ਵਿਸ਼ਵ ਦੇ ਹੋਰ ਅਦਭੁਤ ਤੱਤ। ਆਰਕਟਿਕ ਘੇਰੇ ਵਿੱਚ ਹੋਣ ਕਰਕੇ ਗਲੋਬਲ ਪੱਧਰ ‘ਤੇ ਇਸਦੀ ਨਵੇਕਲੀ ਸਥਿਤੀ ਹੈ। ਨਿਸ਼ਚੇ ਹੀ ਇਹ ਇਸ ਖੇਤਰ ਦਾ ਕੁੰਜੀਵਤ ਸਥਾਨ ਹੈ। ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਇਸ ਖੇਤਰ ਨੂੰ ਗਲੋਬਲ ਯੁੱਧਨੀਤਕ ਕਾਰਨਾਂ ਕਰਕੇ ਆਪਣੇ ਅਧਿਕਾਰ ਖੇਤਰ ਹੇਠ ਲੈਣਾ ਚਾਹੁੰਦਾ ਹੈ। ਇਸ ਜਜ਼ੀਰੇ ਨੂੰ ਆਪਣੇ ਪਹਿਲੇ ਕਾਰਜਕਾਲ ਵੇਲੇ ਸੰਨ 2019 ਵਿੱਚ ਉਸ ਨੇ ਖਰੀਦਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਡੈਨਮਾਰਕ ਨੇ ਅਸਵੀਕਾਰ ਕਰ ਦਿੱਤਾ ਸੀ।
ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਇਸ ਨੂੰ ਪ੍ਰਾਪਤ ਕਰਨ ਲਈ ਆਰਕਟਿਕ ਪ੍ਰਤੀਬੰਧਾਂ ਅਤੇ ਫੌਜੀ ਸ਼ਕਤੀ ਦੀ ਵਰਤੋਂ ਕਰੇਗਾ। ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਪੁੱਤਰ ਡੌਨਲਡ ਟਰੰਪ ਜੂਨੀਅਰ ਨੂੰ ਉੱਥੇ ਭੇਜਿਆ।
ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰੀਕਨ ਨੇ ਸਾਫ਼ ਕਿਹਾ ਕਿ ਅਸੀਂ ਅਮਰੀਕਾ ਦੇ ਨਿੱਘੇ ਮਿੱਤਰ ਅਤੇ ਸਹਿਯੋਗੀ ਹਾਂ। ਅਜਿਹਾ ਨਹੀਂ ਹੋਣਾ ਚਾਹੀਦਾ। ਗ੍ਰੀਨਲੈਂਡ ਵਿਕਾਊ ਨਹੀਂ ਹੈ, ਨਾ ਹੀ ਹੋਵੇਗਾ। ਪਰ ਟਰੰਪ ਐਨੇ ਵੱਡੇ ਹੰਕਾਰੇ ਹੋਏ ਤਾਨਾਸ਼ਾਹ ਵਜੋਂ ਪੇਸ਼ ਆ ਰਿਹਾ ਹੈ ਕਿ ਡੈਨਮਾਰਕ ਨੇ ਟੈਲੀਫੋਨ ‘ਤੇ ਟਰੰਪ ਨਾਲ ਇਸ ਮੁੱਦੇ ‘ਤੇ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਫ਼ੋਨ ਤਕ ਨਹੀਂ ਉਠਾਇਆ। ਪ੍ਰਧਾਨ ਮੰਤਰੀ ਸਮਝਦੀ ਹੈ ਕਿ ਅਮਰੀਕਾ ਨੂੰ ਨੀਵੇਂ ਪੱਧਰ ‘ਤੇ ਨਹੀਂ ਗਿਰਨਾ ਚਾਹੀਦਾ।
ਟਰੰਪ ਦੀ ਇਸ ਧਮਕੀ ਦਾ ਯੂਰਪੀਨ ਦੇਸ਼ਾਂ ਨੇ ਵਿਰੋਧ ਕੀਤਾ ਹੈ। ਜਰਮਨ ਚਾਂਸਲਰ ਓਲਫ ਸੋਲਜ਼ ਦਾ ਪ੍ਰਤੀਕਰਮ ਹੈ ਕਿ ਸਰਹੱਦਾਂ ਦੀ ਨਿਰੋਲਤਾ ਕੌਮਾਂਤਰੀ ਕਾਨੂੰਨ ਅਨੁਸਾਰ ਹਰ ਰਾਸ਼ਟਰ ਦਾ ਮੌਲਿਕ ਅਧਿਕਾਰ ਹੈ, ਬਗੈਰ ਕਿਸੇ ਰਾਸ਼ਟਰ ਦੀ ਤਾਕਤ ਅਤੇ ਆਕਾਰ ਦੇ। ਟਰੰਪ ਵੱਲੋਂ ਆਪਣੇ ਯੂਰਪੀਨ ਸਹਿਯੋਗੀਆਂ ਪ੍ਰਤੀ ਅਜਿਹੀ ਬਿਆਨਬਾਜ਼ੀ ਸੂਝ-ਬੂਝ ਦੀ ਘਾਟ ਹੈ।
ਨਾਰਵੇ ਦੇ ਪ੍ਰਧਾਨ ਮੰਤਰੀ ਜੋਨਜ਼ ਗਾਹਰ ਸਟੋਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਾਟੋ ਇੱਕਜੁਟਤਾ ਅਤੇ ਯੂਰਪੀਨ ਸਥਿਰਤਾ ‘ਤੇ ਹਮਲਾ ਹੈ। ਮਿੱਤਰ ਦੇਸ਼ ਵਿਰੁੱਧ ਫ਼ੌਜੀ ਸ਼ਕਤੀ ਦੀ ਵਰਤੋਂ ਪ੍ਰਭੂਸੱਤਾ ਸੰਪੰਨ ਦੇਸ਼ ਦੇ ਖ਼ੇਤਰ ‘ਤੇ ਕਬਜ਼ੇ ਦੀ ਕਾਰਵਾਈ ਮੰਨੀ ਜਾਵੇਗੀ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨਿਊਲ ਬੈਰਟ ਨੇ ਇਸ ਨੂੰ ਤਕੜੇ ਦੇ ਸੱਤੀਂ ਵੀਹ ਸੌ ਦੀ ਨੀਤੀ ਦਰਸਾਇਆ। ਯੂਰਪ ਨੂੰ ਆਪਣੀ ਤਾਕਤ ਅਤੇ ਇੱਕਜੁਟਤਾ ਦਾ ਮੁਜ਼ਾਹਿਰਾ ਕਰਨਾ ਚਾਹੀਦਾ ਹੈ। ਗ੍ਰੀਨਲੈਂਡ ਯੂਰਪ ਅਤੇ ਯੂਰਪੀਨ ਯੂਨੀਅਨ ਦਾ ਖੇਤਰ ਹੈ।
ਅਮਰੀਕਾ ਨੇ ਪੈਸੇਫਿਕ ਖੇਤਰ ਵਿੱਚ ਦੂਸਰੇ ਵਿਸ਼ਵ ਯੁੱਧ ਸਮੇਂ ਤੋਂ ਇੱਥੇ ਫੌਜੀ ਅੱਡਾ ਸਥਾਪਿਤ ਕੀਤਾ ਹੋਇਆ ਹੈ। ਯੂਰਪੀਨ ਯੂਨੀਅਨ ਨੂੰ ਮਿਲ ਕੇ ਟਰੰਪ ਦਾ ਮੁਕਾਬਲਾ ਕਰਨਾ ਪਵੇਗਾ, ਜਿਵੇਂ ਉਸ ਨੇ ਦੂਸਰੇ ਵਿਸ਼ਵ ਯੁੱਧ ਸਮੇਂ ਹਿਟਲਰ, ਮੁਸੋਲਿਨੀ ਅਤੇ ਸਟਾਲਿਨ ਦਾ ਕੀਤਾ ਸੀ।
ਪਨਾਮਾ ਨਹਿਰ:
ਟਰੰਪ ਨੇ ਪਨਾਮਾ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਦੇ ਸਮੁੰਦਰੀ ਜਹਾਜ਼ਾਂ ‘ਤੇ ਪਨਾਮਾ ਨਹਿਰ ਲਾਂਘੇ ਦਾ ਟੋਲ ਨਾ ਘਟਾਇਆ ਤਾਂ ਉਹ ਇਸ ‘ਤੇ ਮੁੜ ਕੰਟਰੋਲ ਕਾਇਮ ਕਰ ਲਵੇਗਾ ਜੋ 31 ਦਸੰਬਰ, 1999 ਨੂੰ ਉਸਨੇ ਟੋਰੀਜੋਸ-ਕਾਰਟਰ ਸੰਧੀ ਤਹਿਤ ਪਨਾਮਾ ਨੂੰ ਸੌਂਪਿਆ ਸੀ। ਪਨਾਮਾ ਰਾਸ਼ਟਰਪਤੀ ਜੋਸ਼ ਰਾਉਲ ਮੁਲੀਨੋ ਨੇ ਸਪਸ਼ਟ ਕਿਹਾ ਕਿ ਪਨਾਮਾ ਨਹਿਰ ਦਾ ਹਰ ਗਜ਼ ਅਤੇ ਆਲਾ-ਦੁਆਲਾ ਉਸਦੀ ਮਲਕੀਅਤ ਹੈ। ਵਿਦੇਸ਼ ਮੰਤਰੀ ਜੇਵੀਅਰ ਮਾਰਟੀਨਜ਼ ਨੇ ਕਿਹਾ ਕਿ ਜਿਨ੍ਹਾਂ ਹੱਥਾਂ ਦਾ ਪਨਾਮਾ ਨਹਿਰ ‘ਤੇ ਕੰਟਰੋਲ ਹੈ, ਉਹ ਪਨਾਮੀਅਨ ਹਨ।
ਲਾਤੀਨੀ ਅਮਰੀਕੀ ਦੇਸ਼ਾਂ ਨੇ ਪਨਾਮਾ ਦੀ ਪ੍ਰਭੂਸਤਾ ਅਤੇ ਨਹਿਰ ‘ਤੇ ਕੰਟਰੋਲ ਦੀ ਡਟ ਕੇ ਹਿਮਾਇਤ ਕੀਤੀ ਹੈ। ਉਨ੍ਹਾਂ ਦੱਸ ਦਿੱਤਾ ਹੈ ਕਿ ਇਹ ਨਹਿਰ ਲਾਤੀਨੀ ਅਮਰੀਕਾ ਦਾ ਮਾਣ ਹੈ, ਖੁਦਮੁਖ਼ਤਾਰੀ ਹੈ।
ਸੁਰੱਖਿਆ ਵਿਸ਼ਲੇਸ਼ਕ ਅਲੈਗਜੈਂਡਰ ਖਾਰਾ ਅਨੁਸਾਰ ਟਰੰਪ ਗ੍ਰੀਨਲੈਂਡ ਜਜ਼ੀਰੇ ਤੇ ਉਵੇਂ ਹੀ ਸੁਰੱਖਿਆ ਪੱਖੋਂ ਲੋੜੀਂਦਾ ਕਹਿ ਕੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਵੇਂ ਰੂਸ ਨੇ ਯੂਕਰੇਨ ਤੋਂ ਕਰੀਮੀਆ ਫੌਜੀ ਤਾਕਤ ਰਾਹੀਂ ਸੰਨ 2014 ਵਿੱਚ ਹਥਿਆ ਲਿਆ ਸੀ। ਅਮਰੀਕਾ ਹਰ ਯੁੱਧਨੀਤਕ ਥਾਂ ਤੋਂ ਚੀਨ ਨੂੰ ਹਟਾਉਣਾ ਚਾਹੁੰਦਾ ਹੈ।
ਇੰਜ ਲਗਦਾ ਹੈ ਜਿਵੇਂ ਅਜੋਕਾ ਵਿਸ਼ਵ ਪੁਰਾਣੇ ਅਸੂਲਾਂ ਅਤੇ ਸਿਧਾਂਤਾਂ ਵਿੱਚ ਤਬਦੀਲੀ ਦੇ ਦੌਰ ਵਿੱਚ ਟਕਰਾਅ, ਅਰਾਜਕਤਾ ਅਤੇ ਅਨਿਸਚਿਤਤਾ ਦੀ ਦਿਸ਼ਾ ਵੱਲ ਵਧ ਰਿਹਾ ਹੈ।
ਡੌਨਲਡ ਟਰੰਪ ਅਤੇ ਬਰੋਲੀ ਗਾਰਕ ਕਰੋਨੀ ਐਲਨ ਮਸਕ ਇਸ ਦਿਸ਼ਾ ਵੱਲ ਪਹਿਲ ਕਰ ਰਹੇ ਹਨ। ਵਲਾਦੀਮੀਰ ਪੂਤਿਨ ਯੂਕਰੇਨ, ਜਾਰਜੀਆ, ਮਾਲਡੋਵਾ ‘ਤੇ, ਟਰੰਪ ਗ੍ਰੀਨਲੈਂਡ, ਪਨਾਮਾ ਨਹਿਰ, ਕੈਨੇਡਾ ਅਤੇ ਮੈਕਸੀਕੋ ‘ਤੇ ਕੰਟਰੋਲ ਚਾਹੁੰਦੇ ਹਨ। ਕੀ ਇਨ੍ਹਾਂ ਦੀ ਮਨਮਾਨੀ ਰੁਕੇਗੀ ਜਾਂ ਭੂਗੋਲਿਕ ਤੌਰ ‘ਤੇ ਪੂਰੇ ਗਲੋਬ ਨੂੰ ਮੁੜ ਨਵਾਂ ਆਕਾਰ ਦਿੱਤਾ ਜਵੇਗਾ, ਇਹ ਅਤਿ ਚਿੰਤਾ ਦਾ ਵਿਸ਼ਾ ਹੈ।

Related Articles

Latest Articles