ਤੁਹਾਡੀ ਦੀਦ ਲਈ ਨੈਣ ਪਿਆਸੇ,
ਮੁੱਖ ‘ਚੋਂ ਬਾਬਾ ਦੀਪ ਸਿੰਘ ਜੀ ਫਰਮਾਉਣ ਲੱਗੇ,
ਦਰਸ਼ਨ ਕਰਕੇ ਦਸਮ ਪਿਤਾ ਦੇ,
ਫਤਿਹ ਗੱਜ ਕੇ ਬੁਲਾਉਣ ਲੱਗੇ।
ਪਾਹੁਲ ਛਕ ਕੇ ਖੰਡੇ ਬਾਟੇ ਦੀ,
ਸੀਸ ਗੁਰਾਂ ਦੇ ਅੱਗੇ ਝੁਕਾਉਣ ਲੱਗੇ,
ਅਸਤਰ ਸ਼ਸਤਰ ਘੋੜ ਸਵਾਰੀ ਗੁਰੂ,
ਆਪਣੇ ਹੱਥੀ ਪਏ ਸਿਖਾਉਣ ਲੱਗੇ।
ਅਰਬੀ ਫਾਰਸੀ ਬ੍ਰਿਜ ਅਨੇਕਾਂ ਭਾਸ਼ਾਵਾਂ ਦਾ,
ਅਧਿਐਨ ਗੁਰੂ ਜੀ ਕਰਾਉਣ ਲੱਗੇ,
ਥਾਪੜਾ ਲੈ ਕੇ ਗੁਰੂ ਪਾਤਿਸ਼ਾਹ ਤੋਂ,
ਮੈਦਾਨ ਏ ਜੰਗ ‘ਚ ਜੋਹਰ ਦਿਖਾਉਣ ਲੱਗੇ,
ਪ੍ਰਤਿਭਾ ਦੇਖ ਸੂਰਬੀਰ ਦੀ,
ਘੁਟ ਕੇ ਹਿੱਕ ਨਾਲ ਲਾਉਣ ਲੱਗੇ।
ਹਾਰ ਬਰਦਾਸ਼ਤ ਨਾ ਹੋਈ ਮੁਗਲਾਂ ਤੋਂ,
ਇਕੱਠੇ ਰਲ ਕੇ ਵਿਉਂਤ ਬਣਾਉਣ ਲੱਗੇ ,
ਹਰਿਮੰਦਰ ਸਾਹਿਬ ਦੇ ਸਰੋਵਰ ਦੀ,
ਦੁਸ਼ਟ ਪਵਿੱਤਰਤਾ ਨੂੰ ਕਲੰਕ ਲਾਉਣ ਲੱਗੇ।
ਸੁਣ ਕੇ ਬੀਰ ਰਸ ਵਿੱਚ ਆ ਯੋਧੇ,
ਕਦਮ ਹਰਿਮੰਦਰ ਸਾਹਿਬ ਵੱਲ ਵਧਾਉਣ ਲੱਗੇ ,
ਤੱਕ ਕੇ ਖੌਫਨਾਕ ਮੰਜ਼ਰ,
ਪੈਰ ਵੈਰੀਆਂ ਦੇ ਡਗਮਗਾਉਣ ਲੱਗੇ।
80 ਵਰ੍ਹਿਆਂ ਦਾ ਬਲੀ ਯੋਧਾ,
18 ਸੇਰ ਦਾ ਖੰਡਾ ਖੜਕਾਉਣ ਲੱਗੇ,
ਮੁਗਲ ਸਿਪਾਹੀ ਥਰ-ਥਰ ਕੰਬਣ ਉੱਠੇ
ਭੱਜ ਮੈਦਾਨੋ ਜਾਨ ਬਚਾਉਣ ਲੱਗੇ,
ਹੋਈ ਹੋਣੀ ਵੀ ਅਚੰਭਿਤ ਸੀ
ਸੀਸ ਤਲੀ ਧਰ ਦੁਸ਼ਮਣਾ ਦੇ ਆਹੂ ਲਾਉਣ ਲੱਗੇ।
ਸਮੁੱਚੀ ਕੁਦਰਤ ਨਮਸਕਾਰ ਕੀਤੀ,
ਜਦ ਸੀਸ ਗੁਰੂ ਦੇ ਚਰਨਾਂ ਚ ਚੜਾਉਣ ਲੱਗੇ,
ਆਪਣੇ ਲਹੂ ਨਾਲ ਇਤਿਹਾਸ ਸਿੰਜਿਆ,
ਤਾਹੀਂ ਅਨੋਖੇ ਅਮਰ ਸ਼ਹੀਦ ਕਹਾਉਣ ਲੱਗੇ।
ਲੇਖਕ : ਨਵਦੀਪ ਕੌਰઠ+1-672-272-3164