ਸਰੀ, (ਸਿਮਰਨਜੀਤ ਸਿੰਘ): ਇਲੈਕਸ਼ਨਜ਼ ਬੀ.ਸੀ. ਨੇ ਸਰੀ-ਗਿਲਡਫੋਰਡ ਵਿਧਾਨ ਸਭਾ ਹਲਕੇ ਵਿੱਚ 2024 ਦੀ ਸੂਬੇ ਦੀ ਚੋਣ ਦੌਰਾਨ ਨਿਯਮ ਦੀ ਉਲੰਘਣਾ ਹੋਣ ਦੇ ਦਾਅਵੇ ਨੂੰ ਅਦਾਲਤ ‘ਚ ਪਹੁੰਚਣ ਕਰਕੇ ਇਲੈਕਸ਼ਨ ਕਮਿਸ਼ਨ ਨੇ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਇਹ ਕੰਮ ਤਦ ਤੱਕ ਰੁਕਿਆ ਰਹੇਗਾ ਜਦ ਤੱਕ ਅਦਾਲਤ ‘ਚ ਇਸ ਸੰਬੰਧੀ ਮਾਮਲਾ ਚਲਦਾ ਰਹਿੰਦਾ ਹੈ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਨੇ ਇਲੈਕਸ਼ਨਜ਼ ਬੀ.ਸੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ੍ਹਾਂ ਨੇ ਚੋਣ ਨਿਯਮ ਦੀ ਸੰਭਾਵੀ ਉਲੰਘਣਾ ਹੋਣ ਦੇ ਦਾਅਵੇ ਕੀਤੇ। 28 ਜਨਵਰੀ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਮੁਤਾਬਕ, ਇਲੈਕਸ਼ਨਜ਼ ਬੀ.ਸੀ. ਨੇ ਦੱਸਿਆ ਕਿ ਰੰਧਾਵਾ ਦੀ ਸ਼ਿਕਾਇਤ ਅਤੇ ਅਦਾਲਤੀ ਪਟੀਸ਼ਨ ਵਿੱਚ ਜ਼ਿਆਦਾਤਰ ਆਰੋਪ ਇੱਕੋ ਜਿਹੇ ਹਨ, ਜਿਸ ਕਰਕੇ ਜਾਂਚ ਨੂੰ ਅਦਾਲਤੀ ਕਾਰਵਾਈ ਦੇ ਨਤੀਜੇ ਤਕ ਸਸਪੈਂਡ ਕਰ ਦਿੱਤਾ ਗਿਆ ਹੈ।
ਰੰਧਾਵਾ ਨੇ 3 ਜਨਵਰੀ ਨੂੰ ਇਲੈਕਸ਼ਨਜ਼ ਬੀ.ਸੀ. ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੀ ਪੁਸ਼ਟੀ 9 ਜਨਵਰੀ ਨੂੰ ਕੀਤੀ ਗਈ ਕਿ ਇਹ ਸਮੀਖਿਆ ਅਧੀਨ ਹੈ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ, ਐਨ.ਡੀ.ਪੀ. ਉਮੀਦਵਾਰ ਗੈਰੀ ਬੈਗ ਕੋਲੋਂ 22 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। 13 ਜਨਵਰੀ ਨੂੰ ਉਨ੍ਹਾਂ ਨੇ ਨਿਊ ਵੈਸਟਮਿਨਸਟ੍ਰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਸੈਕਸ਼ਨ 150 ਦੇ ਤਹਿਤ ਬੀ.ਸੀ. ਚੋਣ ਨਿਯਮ ਅਨੁਸਾਰ ਗੈਰੀ ਬੈਗ ਦੀ ਚੋਣ ਨੂੰ ਅਵੈਧ ਕਰਾਰ ਦੇਣ ਦੀ ਗੁਹਾਰ ਲਗਾਈ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਦੀ ਅਦਾਲਤੀ ਅਰਜ਼ੀ ਵਿੱਚ ਕਈ ਮੁੱਦਿਆਂ ਨੂੰ ਉਠਾਇਆ ਗਿਆ ਹੈ, ਜਿਵੇਂ ਕਿ: ਸਰੀ-ਗਿਲਡਫੋਰਡ ‘ਚ ਕਿਸ ਕਿਸ ਨੇ ਵੋਟ ਪਾਈ, ਇਸ ਸੰਬੰਧੀ ਜਾਣਕਾਰੀ ਲੈਣ ਵਿੱਚ ਹੋਈ ਦੇਰੀ, ਬਿਨਾਂ ਨਿਵਾਸੀ ਹੋਏ ਲੋਕਾਂ ਵੱਲੋਂ ਵੋਟ ਪਾਉਣ ਦੇ ਦਾਅਵੇ, ਦੋ ਵੱਖ-ਵੱਖ ਨਾਵਾਂ ਨਾਲ ਇੱਕੋ ਵਿਅਕਤੀ ਵੱਲੋਂ ਦੋ ਵਾਰ ਵੋਟ ਪਾਉਣ ਦੇ ਦੋ ਮਾਮਲੇ, ਸਰੀ ‘ਚ ਅਰਗਾਈਲ ਲੌਜ (ਮੈਂਟਲ ਹੈਲਥ ਫੈਸਿਲਟੀ) ‘ਚ ਵੋਟਿੰਗ ਸੰਬੰਧੀ ਉਲੰਘਣਾ ਹੋਣ ਦੇ ਆਰੋਪ।
ਇਲੈਕਸ਼ਨਜ਼ ਬੀ.ਸੀ. ਨੇ ਕਿਹਾ, “ਅਸੀਂ ਅਦਾਲਤੀ ਨਤੀਜੇ ਦੀ ਉਡੀਕ ਕਰ ਰਹੇ ਹਾਂ। ਜੇਕਰ ਅਦਾਲਤ ਰੰਧਾਵਾ ਦੀ ਪਟੀਸ਼ਨ ‘ਤੇ ਕੋਈ ਵਿਸ਼ੇਸ਼ ਹੁਕਮ ਦਿੰਦੀ ਹੈ, ਤਾਂ ਅਸੀਂ ਆਪਣੀ ਜਾਂਚ ਮੁੜ ਸ਼ੁਰੂ ਕਰ ਸਕਦੇ ਹਾਂ।”
ਇਸ ਮਾਮਲੇ ਵਿੱਚ ਉਮੀਦਵਾਰ ਗੈਰੀ ਬੈਗ, ਰਾਣਾ ਮਲ੍ਹੀ (ਜ਼ਿਲ੍ਹਾ ਚੋਣ ਅਧਿਕਾਰੀ), ਕਬੀਰ ਕੁਰਬਾਨ, ਅਤੇ ਮਨਜੀਤ ਸਿੰਘ ਸਹੋਤਾ ਵੀ ਉੱਚ ਅਦਾਲਤ ‘ਚ ਪੱਖਕਾਰ ਹਨ। ਇਲੈਕਸ਼ਨਜ਼ ਬੀ.ਸੀ. ਨੇ ਮਾਮਲੇ ਨੂੰ ਅਦਾਲਤ ‘ਚ ਪੈਂਡਿੰਗ ਹੋਣ ਕਰਕੇ ਰੋਕ ਦਿੱਤਾ ਹੈ। ਅਦਾਲਤੀ ਕਾਰਵਾਈ ਦੇ ਨਤੀਜੇ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਕੀ ਸਰੀ-ਗਿਲਡਫੋਰਡ ‘ਚ ਚੋਣ ਅਧਿਨਿਯਮ ਦੀ ਉਲੰਘਣਾ ਹੋਈ ਸੀ ਜਾਂ ਨਹੀਂ। This report was written by Divroop Kaur as part of the Local Journalism Initiative.