10.6 C
Vancouver
Friday, February 28, 2025

ਗੁਰਮੁਖੀ ਲਿਪੀ ਬਾਰੇ ਰਚੇ ਇਤਿਹਾਸ

 

ਲੇਖਕ : ਡਾ. ਜੱਜ ਸਿੰਘ,
ਸੰਪਰਕ: 94633-44917
ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਇਤਿਹਾਸ 1950ਵਿਆਂ ਤੋਂ ਬਾਅਦ ਹੀ ਜ਼ਿਆਦਾ ਗਿਣਤੀ ਵਿੱਚ ਰਚੇ ਗਏ। ਬੇਸ਼ੱਕ ਇਨ੍ਹਾਂ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਤਾਂ ਤਾਰਕਿਕ ਹੈ, ਪਰ ਫਿਰ ਵੀ ਇਹ ਊਣਤਾਈਆਂ ਤੋਂ ਵਿਰਵੇ ਨਹੀਂ ਹਨ। ਇਸ ਲਈ ਇਨ੍ਹਾਂ ਦੀ ਪ੍ਰਮਾਣਿਕਤਾ ‘ਤੇ ਸਵਾਲੀਆ ਨਿਸ਼ਾਨ ਲੱਗਾ ਹੈ।
ਸਮੁੱਚੀਆਂ ਆਧੁਨਿਕ ਲਿਪੀਆਂ ਨੂੰ ਉਨ੍ਹਾਂ ਦੀਆਂ ਜਨਣਿਕ ਲਿਪੀਆਂ ਨਾਲ ਜੋੜ ਕੇ ਉਨ੍ਹਾਂ ਦੇ ਮਾਤਰੀ ਰੂਟਾਂ ਨੂੰ ਲੱਭਣਾ ਅਹਿਮ ਅਤੇ ਗੁੰਝਲਦਾਰ ਮਸਲਾ ਹੈ। ਹਾਲਾਂਕਿ, ਲਿਪੀ ਵਿਗਿਆਨੀਆਂ ਦੀ ਗਹਿਰ-ਗੰਭੀਰ ਅਤੇ ਨਿਰੰਤਰ ਖੋਜ ਨੇ ਲਿਪੀ ਦੇ ਖੇਤਰ ਵਿੱਚ ਪਸਰੀ ਧੁੰਦ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ, ਪਰ ਫਿਰ ਵੀ ਬਹੁਤ ਸਾਰੇ ਸੰਦਰਭਾਂ ਦੀ ਗੁੰਝਲ ਅੱਜ ਤੱਕ ਬਣੀ ਹੋਈ ਹੈ। ਪ੍ਰਾਚੀਨ ਲੇਖਾਂ/ਅਭਿਲੇਖਾਂ ਦੇ ਨਸ਼ਟ ਹੋਣ, ਭੂਗੋਲਿਕ ਹਾਲਤਾਂ ਦੇ ਸਹੀ ਵੇਰਵੇ ਨਾ ਮਿਲਣ, ਟੁੱਟਵੀਆਂ ਕੜੀਆਂ ਨੂੰ ਕਾਲਕ੍ਰਮ ਵਿੱਚ ਨਾ ਟਿਕਾਏ ਜਾਣ ਆਦਿ ਗੁੰਝਲਾਂ ਨੇ ਲਿਪੀ ਵਿਗਿਆਨ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਪੈਦਾ ਨਹੀਂ ਹੋਣ ਦਿੱਤੇ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਕਿਆਸਾਂ ਨਾਲ ਆਪਣੀਆਂ ਸੰਭਾਵਿਤ ਰੁਚੀਆਂ ਨੂੰ ਇੰਨਾ ਵਿਸਤਾਰਿਆ ਕਿ ਇਸ ਖੇਤਰ ਵਿੱਚ ਬਹੁਤ ਸਾਰੀਆਂ ਅਢੁੱਕਵੀਆਂ ਅਤੇ ਤਰਕਹੀਣ ਧਾਰਨਾਵਾਂ ਦੀ ਭਰਮਾਰ ਹੋ ਗਈ। ਇਸੇ ਕਰਕੇ ਲਿਪੀ ਦੀ ਕਿਸੇ ਇੱਕ ਗੁੰਝਲ ਨੂੰ ਸਮਝਣਾ ਅਤੇ ਉਸ ਤੋਂ ਤਰਕਸ਼ੀਲ ਸਿੱਟੇ ਪ੍ਰਾਪਤ ਕਰਨੇ ਅਤਿ ਕਠਿਨ ਹਨ। ਫਿਰ ਵੀ ਅੱਜ ਤੱਕ ਲਿਪੀਆਂ ਸਬੰਧੀ ਸਾਹਮਣੇ ਆਈ ਸਾਰਥਿਕ ਖੋਜ, ਲਿਪੀ ਵਿਗਿਆਨ ਦੀ ਸਿਧਾਂਤਕ ਪਰਿਪੱਕਤਾ ਅਤੇ ਵਿਹਾਰਕ ਛਾਣਬੀਨ ਸਦਕਾ ਹੀ ਹੈ।
ਪਹਿਲੀ ਵਾਰ ਤਾਰਕਿਕ ਆਧਾਰਾਂ ‘ਤੇ ਗੁਰਮੁਖੀ ਇਤਿਹਾਸ ਦੀ ਰਚਨਾ ਕਰਨ ਵਾਲਾ ਗਹਿਰ ਗੰਭੀਰ ਖੋਜੀ ਜੀ.ਬੀ. ਸਿੰਘ ਹੈ। ਉਸ ਨੇ ਗੁਰਮੁਖੀ ਇਤਿਹਾਸ ਦੀ ਰਚਨਾ 1918 ਵਿੱਚ ਕਰ ਦਿੱਤੀ ਸੀ, ਪਰ ਕਿਤਾਬ ਰੂਪ ਵਿੱਚ ਉਨ੍ਹਾਂ ਦੀ ਖੋਜ 1950 ਵਿੱਚ ਪ੍ਰਕਾਸ਼ਿਤ ਹੋਈ। ਜੀ.ਬੀ. ਸਿੰਘ ਨੇ ਗੁਰਮੁਖੀ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀ ਸਮੱਗਰੀ ਨੂੰ ਪੂਰੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਇਕੱਤਰ ਅਤੇ ਪ੍ਰਮਾਣਿਕ ਕੀਤਾ।
ਉਹ ਬ੍ਰਹਮੀ ਦੇ ਵਿਭਿੰਨ ਕਾਲਾਂ ਵਿੱਚ ਪਸਰੇ ਅੱਖਰਾਂ ਦੇ ਰੂਪਾਂਤਰਿਤ ਰੂਪਾਂ ਨੂੰ ਪਲੇਟਾਂ ਦੇ ਕੇ ਦਰਸਾਉਂਦਾ ਹੈ। ਬ੍ਰਹਮੀ ਨੂੰ ਗੁਰਮੁਖੀ ਦੀ ਪੜਦਾਦੀ ਤਸੱਵਰ ਕਰ ਕੇ, ਉਹ ਇਸ ਦੀ ਸੰਰਚਨਾ ਨੂੰ ਇਤਿਹਾਸਕ ਕ੍ਰਮ ਵਿੱਚ ਪੇਸ਼ ਕਰਦਾ ਹੈ। ਗੁਰਮੁਖੀ ਦੀ ਹੋਂਦ ਤੇ ਪਛਾਣ ਦੀ ਝਲਕ ਦਸਵੀਂ ਸਦੀ ਦੇ ਲਗਪਗ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜੀ.ਬੀ. ਸਿੰਘ ਅਲਬਰੂਨੀ ਦੀ ਖੋਜ ਨਾਲ ਰਿਸ਼ਤਾ ਸਥਾਪਤ ਕਰ ਕੇ, ਉਸ ਦੁਆਰਾ ਦਰਸਾਈਆਂ ਗਿਆਰਾਂ ਲਿਪੀਆਂ ਦੇ ਤੱਥ ਨਿਖੇੜ ਤੋਂ ਅਰਧ ਨਾਗਰੀ ਨੂੰ ਗੁਰਮੁਖੀ ਦੇ ਸਬੰਧ ਵਿੱਚ ਵਾਚਦਾ ਹੈ। ਅਰਧ ਨਾਗਰੀ, ਨਾਗਰੀ ਅਤੇ ਸਿਧ ਮਾਤਰਿਕਾ ਦੇ ਵਿਚਕਾਰਲੇ ਹਿੱਸੇ ਵਿੱਚ ਪ੍ਰਚੱਲਿਤ ਲਿਪੀ ਸੀ। ਅਰਧ ਨਾਗਰੀ ਅਸਲ ਵਿੱਚ ਭਾਟੀ ਦੇਸ (ਬਠਿੰਡਾ) ਵਿੱਚ ਪ੍ਰਚੱਲਿਤ ਭੱਟਅੱਛਰੀ ਲਿਪੀ ਹੀ ਸੀ। ਅਲਬਰੂਨੀ ਇਸ ਲਿਪੀ ਦੇ ਖੇਤਰੀ ਨਾਂ ਦੱਸਣ ਪਿੱਛੇ ਨਹੀਂ ਪੈਂਦਾ ਸਗੋਂ ਇਸ ਦਾ ਕਲਪਿਤ ਨਾਂ ਅਰਧ ਨਾਗਰੀ ਨਿਸ਼ਚਿਤ ਕਰ ਦਿੰਦਾ ਹੈ। ਜੀ.ਬੀ ਸਿੰਘ ਭੱਟਅੱਛਰੀ ਦੀ ਹੋਂਦ ਵਿਧੀ ਅਤੇ ਸਥਾਨਕ ਪ੍ਰਕਿਰਤੀ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰਦਾ ਹੈ, ਪਰ ਉਹ ਭੱਟਅੱਛਰੀ ਤੋਂ ਗੁਰਮੁਖੀ ਦੀ ਉਤਪਤੀ ਦੀ ਧਾਰਨਾ ਉੱਤੇ ਟਪਲਾ ਖਾ ਜਾਂਦਾ ਹੈ। ਭੱਟਅੱਛਰੀ ਤੋਂ ਗੁਰਮੁਖੀ ਦੀ ਉਤਪਤੀ ਨਹੀਂ ਹੋਈ ਸਗੋਂ ਇਹ ਗੁਰਮੁਖੀ ਦਾ ਹੀ ਇੱਕ ਖੇਤਰੀ ਵਖਰੇਵਾਂ ਸੀ। ਜੀ.ਬੀ. ਸਿੰਘ ਦਾ ਅਧਿਐਨ ਸ਼ਾਰਦਾ ਦੀ ਪਿਛਲੀ ਅਵਸਥਾ ਤੋਂ ਦੁਰੇਡੇ ਵਿਚਰਨ ਕਾਰਨ ਅਸਲ ਪ੍ਰਯੋਜਨ ਦੇ ਨੇੜੇ ਨਹੀਂ ਪਹੁੰਚਦਾ। ਉਹ ਸਰੋਤਾਂ ਦੇ ਇਕੱਤਰੀਕਰਨ ਨੂੰ ਵਧੇਰੇ ਮਹੱਤਵ ਦਿੰਦਾ ਹੈ, ਪਰ ਪ੍ਰਾਪਤ ਸਰੋਤਾਂ ਦਾ ਸਹੀ ਸੂਤਰੀਕਰਨ ਕਰਨਾ ਉਸ ਦੀ ਮਾਨਸਿਕਤਾ ਵਿੱਚੋਂ ਕਿਰ ਜਾਂਦਾ ਹੈ। ਜੀ.ਬੀ. ਸਿੰਘ ਦੀ ਖੋਜ ਦੀ ਪ੍ਰਾਰੰਭਿਕ ਪ੍ਰਾਪਤੀ ਇਹ ਹੈ ਕਿ ਉਸ ਨੇ ਪ੍ਰਸੰਸਾਮੂਲਕ ਕਥਨਾਂ ਨੂੰ ਵਿਸ਼ਲੇਸ਼ਣ ਅਤੇ ਤਰਕ ਤੋਂ ਸੱਖਣੇ ਸਥਾਪਿਤ ਕੀਤਾ। ਜੀ.ਬੀ. ਸਿੰਘ ਗ੍ਰੀਅਰਸਨ ਅਤੇ ਮੈਕਾਲਿਫ ਦੀ ਇਸ ਧਾਰਨਾ ਨੂੰ ਅਪ੍ਰਮਾਣਿਕ ਐਲਾਨਦਾ ਹੈ ਕਿ ਗੁਰਮੁਖੀ, ਗੁਰੂ ਸਾਹਿਬਾਨ ਨੇ ਲੰਡੇ ਨੂੰ ਸੁਧਾਰ ਕੇ ਬਣਾਈ। ਉਹ ਸਥਾਪਤ ਕਰਦਾ ਹੈ ਕਿ ਲੰਡੇ, ਗੁਰਮੁਖੀ ਦਾ ਸੰਖੇਪ ਰੂਪ ਸੀ ਜੋ ਵਪਾਰੀ ਵਰਗ ਦੁਆਰਾ ਵਰਤਿਆ ਜਾਂਦਾ ਸੀ। ਲੰਡਿਆਂ ਤੋਂ ਕਿਸੇ ਲਿਪੀ ਦਾ ਜਨਮ ਨਹੀਂ ਹੋਇਆ ਸਗੋਂ ਇਹ ਤਾਂ ਕਿਸੇ ਪੂਰਨ ਲਿਪੀ ਦਾ ਅਪੂਰਨ ਰੂਪ ਸਨ ਜੋ ਹਰੇਕ ਖੇਤਰ ਵਿੱਚ ਪ੍ਰਚੱਲਿਤ ਸਨ। ਉਹ ਇਸ ਤਰ੍ਹਾਂ ਦੀਆਂ ਪੂਰਵ ਵਿਦਵਾਨਾਂ ਦੁਆਰਾ ਸੁਝਾਈਆਂ ਧਾਰਨਾਵਾਂ ਨੂੰ ਅਢੁਕਵੀਂ ਅਧਿਐਨ ਬਿਰਤੀ ਦਾ ਪ੍ਰਮਾਣ ਮੰਨਦਾ ਹੈ। ਜਿਨ੍ਹਾਂ ਵਿੱਚ ਸਾਂਝ ਅਤੇ ਨਿਖੇੜ ਦੇ ਅਸਲੀ ਜੁਜ਼ਾਂ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਜਜ਼ਬਾਤੀ ਪ੍ਰਭਾਵਾਂ ਤੋਂ ਉੱਪਰ ਉੱਠ ਕੇ, ਉਸ ਨੇ ਗੁਰਮੁਖੀ ਦੇ ਵਿਕਾਸਵਾਦੀ ਰੂਪ ਨੂੰ ਉਲੀਕਿਆ। ਪ੍ਰਾਚੀਨ ਗੁਰਮੁਖੀ ਸਰੋਤਾਂ ਦੀ ਭਾਲ ਕਰ ਕੇ, ਗੁਰਮੁਖੀ ਨੂੰ ਪ੍ਰਾਚੀਨ ਲਿਪੀ ਸਾਬਤ ਕੀਤਾ। ਪਰ ਅਜਿਹਾ ਨਹੀਂ ਕਿ ਉਸ ਦੀ ਖੋਜ ਵਿੱਚ ਊਣਤਾਈਆਂ ਨਹੀਂ। ਊਣਤਾਈਆਂ ਤਾਂ ਹਨ, ਪਰ ਇਹ ਉਸ ਦੇ ਸਮੇਂ ਦੀਆਂ ਸੀਮਾਵਾਂ ਸਨ। ਬਹੁਤੇ ਸਰੋਤਾਂ ਦੀ ਅਪ੍ਰਾਪਤੀ ਅਤੇ ਪ੍ਰਾਪਤ ਸਰੋਤਾਂ ਦਾ ਧੁੰਦਲਕਾ ਇਸ ਦਾ ਕਾਰਨ ਸੀ। ਇਸ ਲਈ ਉਹ ਕਈ ਨਿਰਾਧਾਰ ਧਾਰਨਾਵਾਂ ਦੀ ਪੇਸ਼ਕਾਰੀ ਕਰਦਾ ਹੈ (ਜਿਵੇਂ ਕਿ ਭੱਟਅੱਛਰੀ ਤੋਂ ਗੁਰਮੁਖੀ ਦੀ ਉਤਪਤੀ), ਪਰ ਪਿੱਛੋਂ ਜਦੋਂ 1950ਵਿਆਂ ਤੋਂ ਲਿਪੀਗਤ ਸਰੋਤਾਂ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਕਈ ਵਿਦਵਾਨਾਂ ਨੇ ਜੀ.ਬੀ. ਸਿੰਘ ਦੀ ਖੋਜ ਨੂੰ ਆਧਾਰ ਬਣਾ ਕੇ ਉਸ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ।
ਜੀ.ਬੀ. ਸਿੰਘ ਤੋਂ ਅਗਾਂਹ ਗੁਰਮੁਖੀ ਸਬੰਧੀ ਵਸਤੂਪਰਕ ਖੋਜ ਕਰਨ ਵਾਲਾ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਹੈ। ਪ੍ਰੀਤਮ ਸਿੰਘ ਜਿਸ ਸਮੇਂ ਗੁਰਮੁਖੀ ਇਤਿਹਾਸ ਦੀ ਰਚਨਾ ਕਰ ਰਿਹਾ ਸੀ, ਉਸ ਸਮੇਂ ਗੁਰਮੁਖੀ ਸਬੰਧੀ ਬਹੁਤ ਸਾਰੀਆਂ ਦੈਵੀ ਧਾਰਨਾਵਾਂ ਪ੍ਰਚੱਲਿਤ ਸਨ। ਉਸ ਦੀ ਚੇਤਨਾ ਵਿੱਚ ਅਜਿਹੀਆਂ ਧਾਰਨਾਵਾਂ ਦੇ ਵਿਸ਼ਲੇਸ਼ਣ ਦੀ ਚੇਸ਼ਟਾ ਜਾਗਰਿਤ ਹੁੰਦੀ ਹੈ। ਉਸ ਨੇ ਦੈਵੀ ਧਾਰਨਾਵਾਂ ਦੀ ਪ੍ਰਕਿਰਤੀ ਅਤੇ ਪ੍ਰਯੋਜਨ ਪਿੱਛੇ ਕਾਰਜਸ਼ੀਲ ਨੇਮਾਂ ਨੂੰ ਆਪਣੀ ਖੋਜ ਵਿੱਚ ਉਘਾੜਿਆ। ਪ੍ਰੀਤਮ ਸਿੰਘ ਨੇ ਗੁਰੂ ਸਾਹਿਬਾਨ ਨਾਲ ਜੁੜੇ ਪ੍ਰਵਚਨਾਂ ਦੇ ਆਰ-ਪਾਰ ਹੋ ਕੇ ਦੇਖਿਆ ਕਿ ਇਹ ਸਿਧਾਂਤਕ ਨੀਝ ਤੋਂ ਵਿਰਵੇ ਅਤਾਰਕਿਕ ਸੰਦਰਭਾਂ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਦੇ ਵਿਸ਼ਲੇਸ਼ਣ ਤੋਂ ਉਹ ਹੇਠ ਲਿਖੇ ਸਿੱਟੇ ਕੱਢਦਾ ਹੈ:
ਊੜਾ ਗੁਰੂ ਅਮਰਦਾਸ ਦੇ ਸਮੇਂ ਪ੍ਰਥਮ ਸਥਾਨ ‘ਤੇ ਆਇਆ। ਇਸ ਤੋਂ ਪਹਿਲਾਂ ਈੜੀ ਦਾ ਸਥਾਨ ਪ੍ਰਥਮ ਸੀ।
ਊੜਾ ਅਤੇ ਈੜੀ ਦਾ ਲਗਾਂ ਸਮੇਤ ਧੁਨੀਯੁਕਤ ਰੂਪ ਸੋਲ੍ਹਵੀਂ ਸਦੀ ਵਿੱਚ ਪ੍ਰਚੱਲਿਤ ਹੋਇਆ। ਇਸ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਯੋਗਦਾਨ ਨਹੀਂ ਸਗੋਂ ਇਹ ਸਹਿਵਣ ਹੀ ਬਾਕੀ ਲਿਪੀਆਂ ਵਾਂਗ ਪ੍ਰਚੱਲਿਤ ਹੋ ਗਿਆ।
ਸਮੁੱਚੇ ਅੱਖਰਾਂ ਦੀ ਵਰਤਮਾਨ ਤਰਤੀਬ ਸੋਲ੍ਹਵੀਂ ਸਦੀ ਦੇ ਅਖੀਰ ਵਿੱਚ ਪ੍ਰਚੱਲਿਤ ਹੋ ਜਾਂਦੀ ਹੈ।
ਪੱਟੀ ਅਤੇ ਬਾਵਨ ਅੱਖਰੀ ਦੇ ਸਾਂਝੇ ਤੱਤਾਂ ਦੇ ਸੰਬੰਧਾਂ ਨੂੰ ਨਵੀਨ ਸੰਦਰਭ ਨਾਲ ਜੋੜ ਕੇ, ਉਹ ਇਨ੍ਹਾਂ ਦੇ ਅੱਖਰ-ਕ੍ਰਮ ਦੇ ਵਿਸ਼ਲੇਸ਼ਣ ਤੋਂ ਸਿੱਟਾ ਕੱਢਦਾ ਹੈ ਕਿ ਇਹ ਦੋਵੇਂ ਸਾਹਿਤਕ ਵਿਧਾਵਾਂ ਸਨ। ਪੱਟੀ ਦਾ ਆਧਾਰ ਤਾਂ ਪੈਂਤੀ ਹੈ ਹੀ ਸੀ, ਗੁਰਮੁਖੀ ਵਿੱਚ ਰਚਿਤ ਬਾਵਨ ਅੱਖਰੀਆਂ ਵੀ ਪੈਂਤੀ ਅੱਖਰਾਂ ਦੀਆਂ ਹੀ ਸਨ। ਦੋਵੇਂ ਵਿਧਾਵਾਂ ਦੇ ਸਾਂਝੇ ਅਤੇ ਨਿਖੇੜੂ ਪਹਿਲੂਆਂ ਦੀ ਜਾਂਚ ਕਰਨ ਦਾ ਉਸ ਦਾ ਮਕਸਦ ਦੋਵਾਂ ਦੇ ਸਾਂਝੇ ਪਹਿਲੂਆਂ ਨੂੰ ਉਜਾਗਰ ਕਰਨਾ ਹੈ। ਉਹ ਪੱਟੀ ਅਤੇ ਬਾਵਨ ਅੱਖਰੀਆਂ ਦੇ ਰਚਨਾ-ਕਾਲ ਸਮੇਂ ਪ੍ਰਚੱਲਿਤ ਗੁਰਮੁਖੀ ਨਾਂ ਦੀ ਤਲਾਸ਼ ਲਈ ਸਿੱਖ ਸਰੋਤਾਂ ਨੂੰ ਆਪਣਾ ਅਧਿਐਨ ਕੇਂਦਰ ਮਿਥਦਾ ਹੈ। ਸਰੋਤਾਂ ਦੇ ਅਧਿਐਨ ਤੇ ਵਿਸ਼ਲੇਸ਼ਣ ਤੋਂ ਉਹ ਨਿਸ਼ਚਿਤ ਕਰਦਾ ਹੈ ਕਿ ਗੁਰਮੁਖੀ ਦਾ ਪੂਰਵ ਨਾਂ ਸਿਧੋਙਾਇਆ ਸੀ। ਸਿਧੋਙਾਇਆ ਦੇ ਪਿਛੋਕੜ ਨੂੰ ਫਰੋਲਦਿਆਂ ਇਸ ਦੇ ਸਾਂਝੇ ਸੰਕਲਪਾਂ ਨੂੰ ਸਿਧ ਮਾਤਰਿਕਾ ਵਿੱਚੋਂ ਲੱਭ ਲੈਂਦਾ ਹੈ। ਉਸ ਦੀ ਸਮੁੱਚੀ ਖੋਜ ਵਿੱਚ ਗੁਰਮੁਖੀ ਦੀ ਪ੍ਰਾਚੀਨਤਾ ਨੂੰ ਸਿੱਧ ਕਰਨ ਲਈ ਪ੍ਰਾਚੀਨ ਸਾਹਿਤਕ ਸਰੋਤਾਂ ਦੀ ਤਹਿ ਵਿੱਚ ਪਏ ਨੇਮਾਂ ਦੀ ਮਦਦ ਨਾਲ ਗੁਰਮੁਖੀ ਦੇ ਵਿਲੱਖਣ ਅਤੇ ਨਿੱਖੜਵੇਂ ਰੂਪ ਨੂੰ ਪਛਾਣਿਆ ਗਿਆ ਹੈ।
ਤਰਲੋਚਨ ਸਿੰਘ ਗੁਰਮੁਖੀ ਲਿਪੀ ਦੇ ਇਤਿਹਾਸ ਦੀ ਸਿਧਾਂਤਕ ਨੇਮਾਂ ਉੱਤੇ ਉਸਾਰੀ ਕਰਨ ਵਾਲਾ ਸਮਰੱਥਾਵਾਨ ਖੋਜੀ ਹੈ। ਤਰਲੋਚਨ ਸਿੰਘ ਦੀ ਰਚਨਾ ਦ੍ਰਿਸ਼ਟੀ ਗੁਰਮੁਖੀ ਇਤਿਹਾਸ ਉਲੀਕਣ ਤੋਂ ਪਹਿਲਾਂ ਸ਼ਾਰਦਾ ਲਿਪੀ ਨੂੰ ਕੇਂਦਰੀ ਨੁਕਤੇ ਵਜੋਂ ਗ੍ਰਹਿਣ ਕਰਦੀ ਹੈ। ਉਹ ਸ਼ਾਰਦਾ ਦੀ ਸੰਰਚਨਾ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰ ਕੇ, ਗੁਰਮੁਖੀ ਇਤਿਹਾਸ ਦਾ ਇੱਕ ਨਿਵੇਕਲਾ ਪ੍ਰਸੰਗ ਸ਼ੁਰੂ ਕਰਦਾ ਹੈ। ਉਸ ਨੇ ਸ਼ਾਰਦਾ ਦੀ ਤਹਿ ਵਿੱਚੋਂ ਕਈ ਅਜਿਹੇ ਲੁਪਤ ਤੱਥਾਂ ਨੂੰ ਪਛਾਣਿਆ ਜਿਨ੍ਹਾਂ ਦਾ ਸਿੱਧਾ ਸਬੰਧ ਗੁਰਮੁਖੀ ਨਾਲ ਸੀ। ਉਸ ਨੇ ਸ਼ਾਰਦਾ ਦੀ ਪਿਛਲੀ ਅਵਸਥਾ (ਤੇਰ੍ਹਵੀਂ ਸਦੀ) ਤੋਂ ਗੁਰਮੁਖੀ ਦੇ ਉਤਪਤੀ ਆਧਾਰ ਨੂੰ ਉਘਾੜਿਆ। ਇਹੀ ਰਚਨਾ-ਬਿੰਦੂ ਉਸ ਦੀ ਖੋਜ ਦਾ ਅਸਲ ਮਾਡਲ ਹੈ। ਉਹ ਦੇਵਾਸ਼ੇਸ਼ ਵਿੱਚ ਰਚਿਤ ਪਹਿਲੀਆਂ ਰਚਨਾਵਾਂ ਇਕਾਦਸ਼ੀ ਮਹਾਤਮ ਅਤੇ ਪਦਮਾਵਤ ਦੇ ਪ੍ਰੇਮ ਕਿੱਸੇ ਨੂੰ ਸਵੀਕਾਰਦਾ ਹੈ ਅਤੇ ਇਨ੍ਹਾਂ ਦਾ ਰਚਨਾ ਕਾਲ ਤੇਰ੍ਹਵੀਂ-ਚੌਦਵੀਂ ਸਦੀ ਮੰਨਦਾ ਹੈ। ਮੂਲ ਰੂਪ ਵਿੱਚ ਉਸ ਨੇ ਇਨ੍ਹਾਂ ਰਚਨਾਵਾਂ ਦੀ ਭਾਲ ਨਾਲ ਇਨ੍ਹਾਂ ਦੀ ਖ਼ੁਦਮੁਖ਼ਤਾਰ ਹੋਂਦ ਨੂੰ ਪਹਿਲੀ ਵਾਰ ਜਾਣਨ/ਸਮਝਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸ ਦੁਆਰਾ ਕੀਤੀ ਇਨ੍ਹਾਂ ਨਵੀਨ ਰਚਨਾਵਾਂ ਦੀ ਖੋਜ ਨੇ ਪੰਜਾਬੀ ਸਾਹਿਤ ਚਿੰਤਨ ਵਿੱਚ ਕਾਫ਼ੀ ਸੰਵਾਦ ਛੇੜਿਆ। ਬਹੁਤੇ ਵਿਦਵਾਨ ਇਨ੍ਹਾਂ ਰਚਨਾਵਾਂ ਨੂੰ ਪੰਜਾਬੀ ਦੀਆਂ ਰਚਨਾਵਾਂ ਮੰਨਣ ਤੋਂ ਮੁਨਕਰ ਹਨ। ਪਰ ਤਰਲੋਚਨ ਸਿੰਘ ਨੇ ਇਨ੍ਹਾਂ ਰਚਨਾਵਾਂ ਦੀ ਭਾਸ਼ਾ ਅਤੇ ਲਿਪੀ ਦੇ ਗਹਿਨ ਅਧਿਐਨ ਤੋਂ ਸਪੱਸ਼ਟ ਕੀਤਾ ਕਿ ਇਹ ਪੰਜਾਬੀ ਵਾਰਤਕ ਦੀਆਂ ਮੁੱਢਲੀਆਂ ਰਚਨਾਵਾਂ ਹਨ। ਇਨ੍ਹਾਂ ਦੀ ਲਿਪੀ ਦੇਵਾਸ਼ੇਸ਼ ਹੈ। ਉਸ ਨੇ ਦੇਵਾਸ਼ੇਸ਼ ਅਤੇ ਗੁਰਮੁਖੀ ਦੀਆਂ ਸਾਂਝਾਂ ਅਤੇ ਵਖਰੇਵਿਆਂ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਕੀਤਾ ਕਿ
ਊੜਾ ਅਤੇ ਈੜੀ ਦੇਵਾਸ਼ੇਸ਼ ਵਿੱਚ ਬਿਨਾਂ ਲਗਾਂ ਦੇ ਸੁਤੰਤਰ ਧੁਨੀ ਦੇ ਪ੍ਰਤੀਕ ਸਨ। ਗੁਰਮੁਖੀ ਵਿੱਚ ਇਹ ਲਗਾਂ ਸਮੇਤ ਹੋ ਕੇ, ਧੁਨੀ ਪ੍ਰਗਟ ਕਰਨ ਲੱਗੇ।
ਦੇਵਾਸ਼ੇਸ਼ ਵਿੱਚ ਬੱਬਾ ਅਤੇ ਵਾਵਾ ਲਈ ਇੱਕੋ ਚਿੰਨ੍ਹ ਵਰਤਿਆ ਜਾਂਦਾ ਰਿਹਾ, ਪਰ ਪਿੱਛੋਂ ਗੁਰਮੁਖੀ ਵਿੱਚ ਸੋਲ੍ਹਵੀਂ ਸਦੀ ਦੇ ਕਰੀਬ ਵਾਵੇ ਲਈ ਨਵਾਂ ਚਿੰਨ੍ਹ ਹੋਂਦ ਵਿੱਚ ਆ ਗਿਆ।
ਦੇਵਾਸ਼ੇਸ਼ ਵਿੱਚ ੜਾੜਾ ਅੱਖਰ ਨਹੀਂ ਸੀ। ਇਸ ਦਾ ਕੰਮ ਡੱਡਾ ਜਾਂ ਢੱਢਾ ਤੋਂ ਲਿਆ ਜਾਂਦਾ ਸੀ।
ਦੇਵਾਸ਼ੇਸ਼ ਵਿੱਚ ਅੱਖਰਾਂ ਨੂੰ ਸੰਯੁਕਤ ਬਣਾਉਣ ਲਈ ।ਹ । ਚ । ਛ । ਟ । ਤ । ਨ । ਮ । ਯ । ਰ । ਲ । ਵ ਆਦਿ ਅੱਖਰਾਂ ਨੂੰ ਪੈਰਾਂ ਵਿੱਚ ਪਾ ਦਿੱਤਾ ਜਾਂਦਾ ਸੀ, ਪਰ ਪਿੱਛੋਂ ਗੁਰਮੁਖੀ ਵਿੱਚ ਕੇਵਲ ।ਹ॥।ਰ॥।ਵ॥ ਅੱਖਰ ਹੀ ਪੈਰਾਂ ਵਿੱਚ ਪਾਏ ਜਾਣ ਲੱਗੇ।
ਉਕਤ ਵਿਦਵਾਨਾਂ ਦੀ ਖੋਜ ਮਹੱਤਵਪੂਰਨ ਹੈ, ਪਰ ਗੁਰੂ ਸਾਹਿਬਾਨ ਦੇ ਯੋਗਦਾਨ ਨੂੰ ਪੂਰਨ ਤੌਰ ਨਾਕਾਰਨਾ, ਇਕਪਾਸੜ ਮੱਤ ਨੂੰ ਉਘਾੜਦਾ ਹੈ। ਇੱਕ ਅਵਿਵਸਥਿਤ ਅਤੇ ਬੇਨਿਯਮੇ ਲਿਖਤ ਪ੍ਰਬੰਧ ਨੂੰ ਸੋਧ ਕਰ ਕੇ, ਵਾਧੂ ਅੰਸ਼ ਕੱਢ ਕੇ, ਨਵੇਂ ਲੋੜੀਂਦੇ ਅੰਸ਼ ਜੋੜ ਕੇ, ਹਰ ਧੁਨੀ ਲਈ ਇੱਕ ਚਿੰਨ੍ਹ ਅਪਣਾ ਕੇ ਅਤੇ ਹਰ ਚਿੰਨ੍ਹ ਲਈ ਨਿਸ਼ਚਿਤ ਕਾਰਜ ਮਿੱਥ ਕੇ ਗੁਰੂ ਸਾਹਿਬਾਨ ਇੱਕ ਪੂਰਨ ਪ੍ਰਮਾਣਿਕ ਤੇ ਵਿਗਿਆਨਕ ਪੱਖ ਤੋਂ ਸਮਰੱਥ ਲਿਪੀ ਤਿਆਰ ਕੀਤੀ।

Related Articles

Latest Articles