13.3 C
Vancouver
Friday, February 28, 2025

ਸਰੀ ‘ਚ ਦੋ ਐਲਿਮੈਂਟਰੀ ਸਕੂਲ ਖਚਾ-ਖਚ ਭਰੇ, 2025-26 ਲਈ ਨਵੀਂ ਰਜਿਸਟ੍ਰੇਸ਼ਨ ਕੀਤੀ ਬੰਦ

 

ਸਰੀ, (ਸਿਮਰਨਜੀਤ ਸਿੰਘ): ਫੋਰਸਾਇਥ ਰੋਡ, ਬੇਰਿਜ ਐਲਿਮੈਂਟਰੀ 2025-26 ਸੈਸ਼ਨ ਲਈ ਨਵੇਂ ਵਿਦਿਆਰਥੀਆਂ ਨੂੰ ਨਹੀਂ ਦੇਣਗੇ ਦਾਖ਼ਲਾ
ਸਰੀ: ਸ਼ਹਿਰ ਵਿੱਚ ਦੋ ਐਲਿਮੈਂਟਰੀ ਸਕੂਲ ਅਗਲੇ ਸੈਸ਼ਨ 2025-26 ਲਈ ਨਵੀਆਂ ਰਜਿਸਟ੍ਰੇਸ਼ਨਾਂ ਲੈਣ ‘ਚ ਅਸਮਰੱਥ ਹੋ ਗਏ ਹਨ, ਕਿਉਂਕਿ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ।
12 ਫਰਵਰੀ ਨੂੰ ਹੋਈ ਸਰੀ ਸਕੂਲ ਬੋਰਡ ਮੀਟਿੰਗ ਵਿੱਚ ਡਿਪਟੀ ਸੁਪਰਿੰਟੈਂਡੈਂਟ ਐਂਡਰੂ ਹੌਲੈਂਡ ਨੇ ਦੱਸਿਆ ਕਿ 1 ਅਕਤੂਬਰ 2024 ਤੋਂ 10 ਫਰਵਰੀ 2025 ਤੱਕ, ਸਰੀ ਵਿੱਚ ਕੇ-12 ਵਿਦਿਆਰਥੀਆਂ ਦੀ ਗਿਣਤੀ ‘ਚ 386 ਵਿਦਿਆਰਥੀਆਂ ਦਾ ਵਾਧਾ ਹੋਇਆ ਹੈ।
ਹੁਣ ਸਰੀ ਜ਼ਿਲ੍ਹੇ ਦੇ ਸਕੂਲਾਂ ਵਿੱਚ ਕੁੱਲ 82,243 ਵਿਦਿਆਰਥੀ ਹਨ, ਜਿਨ੍ਹਾਂ ਵਿੱਚ 79,414 ਕੇ-12 ਦੀ ਪੜ੍ਹਾਈ ਕਰ ਰਹੇ ਹਨ।
ਹੌਲੈਂਡ ਨੇ ਦੱਸਿਆ, “ਸਰੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸਕੂਲਾਂ ਉੱਤੇ ਦਬਾਅ ਪੈ ਰਿਹਾ ਹੈ। ਦੋ ਸਕੂਲ, ਬੇਰਿਜ ਐਲਿਮੈਂਟਰੀ ਤੇ ਫੋਰਸਾਇਥ ਰੋਡ ਐਲਿਮੈਂਟਰੀ ਹੁਣ 2025-26 ਲਈ ਕਿਸੇ ਵੀ ਨਵੇਂ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਨਹੀਂ ਕਰ ਸਕਣਗੇ, ਕਿਉਂਕਿ ਇਹ ਪੂਰੀ ਤਰ੍ਹਾਂ ਭਰ ਚੁੱਕੇ ਹਨ।”
ਇਸ ਵਧ ਰਹੀ ਭੀੜ ਕਰਕੇ ਇਨ-ਕੈਚਮੈਂਟ ਉਨ੍ਹਾਂ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਹੋਰ ਨੇੜਲੇ ਸਕੂਲਾਂ ‘ਚ ਭੇਜਣ ਦੀ ਯੋਜਨਾ ਬਣਾਈ ਗਈ ਹੈ।
ਉਧਰ ਫੋਰਸਾਇਥ ਰੋਡ ਐਲਿਮੈਂਟਰੀ ਦੀ ਭੀੜ ਘਟਾਉਣ ਲਈ ਇਕ ਹੋਰ ਇਮਾਰਤ ਉਸਾਰਨ ਦੀ ਯੋਜਨਾ ਬਣਾਈ ਗਈ ਹੈ, ਪਰ ਇਹ 2028 ਤੱਕ ਪੂਰੀ ਨਹੀਂ ਹੋਵੇਗੀ। ਬੇਰਿਜ ਐਲਿਮੈਂਟਰੀ ਨੂੰ ਪਹਿਲਾਂ ਹੀ ਮਾਰਚ 2024 ਵਿੱਚ ਇਨ-ਕੈਚਮੈਂਟ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਬੰਦ ਕਰਨੀ ਪਈ ਸੀ।
ਮਾਰਚ 2024 ਦੀ ਬੋਰਡ ਮੀਟਿੰਗ ਦੌਰਾਨ, ਟਰੱਸਟੀ ਲੌਰੀ ਲਾਰਸਨ ਨੇ ਮਾਪਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ, “ਮਾਪਿਆਂ ਨੂੰ ਹੁਣ ਤਿਆਰ ਹੋਣਾ ਪਵੇਗਾ ਕਿ ਸਕੂਲ ਉਨ੍ਹਾਂ ਦੇ ਬੱਚਿਆਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਸਕਦੇ ਹਨ।” ਸਰੀ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਅਤੇ ਵਿਦਿਆਰਥੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਸਕੂਲ ਪ੍ਰਬੰਧਨ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਸਰੀ ਜ਼ਿਲ੍ਹੇ ‘ਚ ਹਰ ਸਾਲ 1,000 ਤੋਂ ਵੱਧ ਵਿਦਿਆਰਥੀ ਵਧ ਰਹੇ ਹਨ, ਪਰ ਨਵੇਂ ਸਕੂਲਾਂ ਦੀ ਨਿਰਮਾਣ ਗਤੀ ਬਹੁਤ ਹੌਲੀ ਹੈ ਅਤੇ ਇਸ ਸਮੱਸਿਆ ਦੇ ਹੱਲ ਕਈ ਕੋਈ ਉਪਰਾਲੇ ਵੀ ਨਹੀਂ ਕੀਤੇ ਜਾ ਰਹੇ।
ਬਹੁਤ ਸਾਰੇ ਸਕੂਲਾਂ ਵਿੱਚ ਪੋਰਟੇਬਲ ਕਲਾਸਰੂਮ ਲਾਏ ਜਾ ਰਹੇ ਹਨ, ਪਰ ਇਹ ਲੰਬੇ ਸਮੇਂ ਲਈ ਇੱਕ ਅਸਥਾਈ ਸਮਾਧਾਨ ਹੀ ਹੈ।
ਸਕੂਲ ਬੋਰਡ ਤੇ ਸਥਾਨਕ ਪ੍ਰਸ਼ਾਸਨ ਸਰੀ ਵਿੱਚ ਨਵੇਂ ਸਕੂਲਾਂ ਦੀ ਲੋੜ ‘ਤੇ ਸਰਕਾਰ ਨੂੰ ਦਬਾਅ ਪਾਉਣ ਦੀ ਯੋਜਨਾ ਬਣਾ ਰਹੇ ਹਨ। ਸਕੂਲ ਬੋਰਡ ਨੇ ਸੂਬੇ ਦੀ ਸਰਕਾਰ ਕੋਲੋਂ ਵਾਧੂ ਫੰਡ ਅਤੇ ਨਵੇਂ ਸਕੂਲਾਂ ਦੀ ਮੰਗ ਕੀਤੀ ਹੈ। ਸਰੀ ਵਿੱਚ ਆਉਣ ਵਾਲੇ ਸਮਿਆਂ ਵਿੱਚ ਨਵੀਆਂ ਇਮਾਰਤਾਂ, ਵਾਧੂ ਕਲਾਸਰੂਮ ਅਤੇ ਨਵੇਂ ਸਕੂਲ ਖੋਲ੍ਹਣ ਬਾਰੇ ਨਤੀਜੇ ਆਉਣ ਦੀ ਉਮੀਦ ਹੈ, ਪਰ ਉਦੋਂ ਤੱਕ ਮਾਪਿਆਂ ਅਤੇ ਵਿਦਿਆਰਥੀਆਂ ਲਈ ਚੁਣੌਤੀਆਂ ਜਿਉਂ ਦੀ ਤਿਉਂ ਬਣੀਆਂ ਰਹਿ ਸਕਦੀਆਂ ਹਨ।

Related Articles

Latest Articles