5.5 C
Vancouver
Saturday, March 1, 2025

ਖ਼ਾਲੀ ਕਿਉਂ ਹੋ ਰਿਹੈ ਪੰਜਾਬ?

 

ਲੇਖਕ : ਡਾ. ਗੁਰਨਾਮ ਸਿੰਘ
ਸੰਪਰਕ: 88472-82812
ਆਧੁਨਿਕ ਸਮਾਜਿਕ, ਆਰਥਿਕ ਅਤੇ ਵਿਦਿਅਕ ਵਿਵਸਥਾ, ਜਿਸ ਮਨੁੱਖ ਦੀ ਸਿਰਜਣਾ ਵੱਲ ਰੁਚਿਤ ਹੈ, ਉਹ ਮੰਡੀ ਦੀ ਵਸਤ ਅਤੇ ਅਤ੍ਰਿਪਤੀ ਦੀ ਅੱਗ ਵਿੱਚ ਝੁਲਸਦਾ ਪ੍ਰਤੀਤ ਹੁੰਦਾ ਹੈ ਕਿਉਂਕਿ ਸਮਾਜਿਕ ਜੀਵਨ ਦਾ ਮਿਆਰ: ਸਬਰ-ਸੰਤੋਖ ਅਤੇ ਆਪਸੀ ਪਿਆਰ ਮਿਲਵਰਤਣ ਨਾ ਹੋ ਕੇ ਪਦਾਰਥਕ ਬਹੁਤਾਤ ਉੱਪਰ ਨਿਰਭਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬਚਪਨ ਤੋਂ ਹੀ ਬੱਚੇ ਨੂੰ ਮੰਡੀ ਲਈ ਤਿਆਰ ਕੀਤਾ ਜਾਣ ਲੱਗ ਪਿਆ ਹੈ। ਆਧੁਨਿਕ ਵਿਦਿਅਕ ਢਾਂਚਾ ਵੀ ਕਿਸੇ ਨੈਤਿਕ ਦ੍ਰਿਸ਼ਟੀਕੋਣ ਦੀ ਸਿਰਜਣਾ ਕਰਨ ਦੀ ਬਜਾਏ, ਵਿੱਦਿਆ ਦੇ ਵਪਾਰੀਕਰਨ ਵਾਲੇ ਪਾਸੇ ਵਧੇਰੇ ਰੁਚਿਤ ਹੈ।
ਵਿੱਦਿਅਕ ਅਦਾਰਿਆਂ ਦਾ ਨਿੱਜੀਕਰਨ ਹੋਣ ਕਰਕੇ, ਜਿੱਥੇ ਸਕੂਲਾਂ ਦੀਆਂ ਫੀਸਾਂ ਵਿੱਚ ਵੱਡੀ ਮਾਤਰਾ ‘ਚ ਵਾਧਾ ਹੋਇਆ ਹੈ, ਉੱਥੇ ਹੀ ਵਿੱਦਿਆ ਦਾ ਮਿਆਰ ਵੀ ਪਹਿਲਾਂ ਨਾਲੋਂ ਨਿਰੰਤਰ ਹੇਠਾਂ ਡਿੱਗਦਾ ਜਾ ਰਿਹਾ ਹੈ। ਵਿੱਦਿਆ ਸਿੱਖਣ ਜਾਂ ਸਿਖਾਉਣ ਦਾ ਮੰਤਵ ਚੰਗੀ ਨੈਤਿਕ ਸਿੱਖਿਆ ਜਾਂ ਚੰਗੇ ਕਿਰਦਾਰ ਪੈਦਾ ਕਰਨਾ ਨਹੀਂ ਹੈ, ਬਲਕਿ ਬੱਚਿਆਂ ਨੂੰ ਆਪਣੀਆਂ ਖਾਹਿਸ਼ਾਂ ਮਗਰ ਭੱਜਣ ਅਤੇ ਮੰਡੀ ਦੀ ਵਸਤੂ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਦੇ ਬਹੁਤ ਸਾਰੇ ਨਕਾਰਾਤਮਕ ਨਤੀਜੇ ਅੱਜ ਸਾਡੇ ਸਾਹਮਣੇ ਪ੍ਰਤੱਖ ਹਨ। ਬੱਚੇ ਨੇਕ ਇਨਸਾਨ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਵਿੱਦਿਆ ਪ੍ਰਾਪਤ ਨਹੀਂ ਕਰਦੇ ਬਲਕਿ ਜ਼ਮਾਨੇ ਦੇ ਦੌਰ ਅਨੁਸਾਰ ਆਪਣਾ ਵਿਸ਼ਾ ਜਾਂ ਫੀਲਡ ਚੁਣਦੇ ਹਨ ਕਿ ਸਮਾਜ ਵਿੱਚ ਡਾਕਟਰ ਦੀ ਜ਼ਿਆਦਾ ਮੰਗ ਹੈ ਜਾਂ ਇੰਜੀਨੀਅਰ ਦੀ। ਇਹ ਮੰਗ ਅੱਜ ਬਹੁਤ ਸਾਰੇ ਪੜ੍ਹੇ-ਲਿਖੇ ਡਾਕਟਰ, ਇੰਜੀਨੀਅਰ, ਅਫ਼ਸਰ ਅਤੇ ਲੀਡਰ ਤਾਂ ਪੈਦਾ ਕਰ ਰਹੀ ਹੈ, ਪਰ ਇਨ੍ਹਾਂ ਵਿੱਚ ਇਨਸਾਨੀਅਤ ਦੀ ਘਾਟ ਹੈ। ਅਜਿਹੀ ਮਨੁੱਖੀ ਭਾਵਨਾ ਦੂਜਿਆਂ ਲਈ ਸੁਹਿਰਦਤਾ ਅਤੇ ਸਦਭਾਵਨਾ ਨਾਲ ਕਿਵੇਂ ਵਿਚਰ ਸਕਦੀ ਹੈ, ਜਦਕਿ ਸਕੂਲ ਤੋਂ ਹੀ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੇਰਾ ਸਾਥੀ ਹੀ ਤੇਰਾ ਵਿਰੋਧੀ ਹੈ।
ਸਾਡੇ ਮਨਾਂ ਵਿੱਚ ਤਾਂ ਦੂਜਿਆਂ ਲਈ ਈਰਖਾ ਭਰੀ ਜਾਂਦੀ ਹੈ, ਸਾਨੂੰ ਖੋਹਣਾ ਸਿਖਾਇਆ ਜਾਂਦਾ ਹੈ, ਦੇਣਾ ਤਾਂ ਅਸੀਂ ਕਦੇ ਸਿੱਖੇ ਹੀ ਨਹੀਂ। ਬੱਚਿਆਂ ਵਿੱਚੋਂ ਸਬਰ-ਸੰਤੋਖ, ਵੱਡਿਆਂ ਦਾ ਸਤਿਕਾਰ ਸਭ ਕੁਝ ਵਿਸਰਦਾ ਜਾ ਰਿਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੇ ਰੁਝਾਨ ਨੇ ਪਰਿਵਾਰਾਂ ਵਿੱਚ ਇਸ ਕਦਰ ਦੂਰੀਆਂ ਪੈਦਾ ਕੀਤੀਆਂ ਹਨ ਕਿ ਸਰੀਰਕ ਪੱਧਰ ‘ਤੇ ਇੱਕ ਬਿਸਤਰ ਉੱਤੇ ਬੈਠੇ ਹੋਣ ਦੇ ਬਾਵਜੂਦ ਵੀ ਮਾਨਸਿਕ ਤੌਰ ‘ਤੇ ਇੱਕ ਦੂਜੇ ਤੋਂ ਕੋਹਾਂ ਦੂਰ ਹੁੰਦੇ ਹਾਂ। ਸਾਨੂੰ ਸਿਖਾਇਆ ਜਾ ਰਿਹੈ ਕਿ ਸੁਖੀ ਜੀਵਨ ਦੀ ਕਾਮਨਾ ਪਦਾਰਥਕ ਸੱਤਾ ਦੁਆਰਾ ਹੀ ਸੰਭਵ ਹੋ ਸਕਦੀ ਹੈ ਅਤੇ ਇਸ ਨੇ ਬੱਚਿਆਂ ਤੋਂ ਉਨ੍ਹਾਂ ਦੀ ਮੌਲਿਕਤਾ ਖੋਹ ਲਈ ਹੈ।
ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਜਿੱਥੇ ਨੰਬਰ ਜਾਂ ਗ੍ਰੇਡ ਹੀ ਸਭ ਕੁਝ ਨੇ, ਇੱਥੇ ਕਿਤਾਬਾਂ ਵਿੱਚ ਲਿਖੇ ਅੱਖਰ ਹੀ ਮਿਆਰ ਨੇ, ਜਿਨ੍ਹਾਂ ਨੇ ਸਾਡੀ ਆਜ਼ਾਦ ਸੋਚ ਉੱਪਰ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਛੋਟੀਆਂ ਉਮਰਾਂ ਵਿੱਚ ਹੀ ਕਿਤਾਬਾਂ ਦੇ ਬੋਝ ਨੇ ਬੱਚਿਆਂ ਤੋਂ ਬਚਪਨ ਖੋਹ ਲਿਆ ਹੈ। ਵਿੱਦਿਅਕ ਅਦਾਰਿਆਂ ਨੇ ਖੂਬ ਫੀਸਾਂ ਲੈ ਕੇ ਬੱਚਿਆਂ ਨੂੰ ਕੋਰਸ ਕਰਵਾਏ, ਪਰ ਜਦੋਂ ਨੌਕਰੀ ਦੇਣ ਦੀ ਵਾਰੀ ਆਈ૴? ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹੈ ਕਿ ਪੀਐੱਚ.ਡੀ ਕਰਕੇ ਵੀ ਨੌਜੁਆਨ ਮੁੰਡੇ-ਕੁੜੀਆਂ 12-15 ਹਜ਼ਾਰ ਦੀ ਨੌਕਰੀ ਲਈ ਤਰਲੇ ਕੱਢਦੇ ਫਿਰਦੇ ਹਨ। ਜ਼ਿੰਦਗੀ ਦੇ 30-32 ਸਾਲ ਗਾਲ ਕੇ ਵੀ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਉੱਚ-ਵਿੱਦਿਅਕ ਸੰਸਥਾਵਾਂ ਅਤੇ ਉੱਚ ਵਿੱਦਿਆ ਗ੍ਰਹਿਣ ਕਰਨ ਵਾਲਿਆਂ ਦੀ ਬੇਵਸੀ ਤੇ ਮਜਬੂਰੀ ਪ੍ਰਗਟ ਹੋ ਜਾਂਦੀ ਹੈ। ਵਰਤਮਾਨ ਵਿੱਚ ਤਾਂ ਭ੍ਰਿਸ਼ਟਾਚਾਰ ਇਸ ਕਦਰ ਫੈਲਿਆ ਹੋਇਆ ਹੈ ਕਿ ਲਿਆਕਤ ਦੀ ਤਾਂ ਕੋਈ ਥਾਂ ਹੀ ਨਹੀਂ ਬਚੀ। ਸਿਫਾਰਿਸ਼ ਹੋਣੀ ਬਹੁਤ ਜ਼ਰੂਰੀ ਹੈ, ਬਿਨਾਂ ਸਿਫਾਰਿਸ਼ ਇੱਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ।
ਇੱਕ ਪੋਸਟ ਨਿਕਲਦੀ ਹੈ ਤਾਂ ਸੈਂਕੜੇ ਲੋਕ ਆਪਣੀ ਕਿਸਮਤ ਅਜ਼ਮਾਉਣ ਤੁਰ ਪੈਂਦੇ ਹਨ, ਪਰ ਨੌਕਰੀ ਜਾਂ ਤਾਂ ਕਿਸੇ ਅਫ਼ਸਰ ਦੇ ਬੱਚੇ ਜਾਂ ਪਰਿਵਾਰ ਦੇ ਮੈਂਬਰ ਨੂੰ ਮਿਲਦੀ ਹੈ। ਇਹ ਭ੍ਰਿਸ਼ਟਾਚਾਰ ਸਿਸਟਮ ਵਿੱਚ ਨਹੀਂ ਬਲਕਿ ਖੂਨ ਵਿੱਚ ਹੈ। ਸਾਡਾ ਸਿਸਟਮ ਸਾਨੂੰ ਭ੍ਰਿਸ਼ਟ ਨਹੀਂ ਕਰਦਾ, ਭ੍ਰਿਸ਼ਟ ਉਹ ਸੋਚ ਕਰਦੀ ਹੈ ਜੋ ਸਾਨੂੰ ਵਿੱਦਿਅਕ ਸੰਸਥਾਵਾਂ ਵੱਲੋਂ ਦਿੱਤੀ ਜਾਂਦੀ ਹੈ। ਕਰੋੜਾਂ ਰੁਪਈਆ ਖ਼ਰਚ ਕਰਕੇ ਜਦੋਂ ਕੋਈ ਡਾਕਟਰ ਬਣਦੈ ਤਾਂ ਉਹ ਸਮਾਜ ਵਿੱਚ ਸੇਵਾ ਕਰਨ ਲਈ ਨਹੀਂ ਆਉਂਦਾ। ਸਭ ਤੋਂ ਪਹਿਲਾਂ ਤਾਂ ਉਹ ਆਪਣੀ ਰਕਮ ਪੂਰੀ ਕਰਦਾ ਹੈ ਜੋ ਉਸ ਨੇ ਪੜ੍ਹਾਈ ‘ਤੇ ਖਰਚ ਕੀਤੀ ਸੀ। ਇਹ ਹਾਲ ਸਿਰਫ਼ ਡਾਕਟਰ ਦਾ ਨਹੀਂ, ਹਰ ਕਿੱਤੇ ਦੇ ਲੋਕਾਂ ਦਾ ਹੈ ਕਿਉਂਕਿ ਲੋਕਾਂ ਦੀਆਂ ਨਿੱਜੀ ਲੋੜਾਂ ਵੀ ਪੂਰੀਆ ਨਹੀਂ ਹੋ ਰਹੀਆਂ। ਸਰਕਾਰੀ ਸਕੂਲਾਂ ਦੇ ਬਾਹਰ ਲਿਖਿਆ ਪੜ੍ਹਦੇ ਸਾਂ, ‘ਸਿੱਖਣ ਲਈ ਆਓ, ਸੇਵਾ ਲਈ ਜਾਓ, ‘ਵਿਦਿਆ ਮਨੁੱਖ ਦੀ ਤੀਜੀ ਅੱਖ ਹੈ’ ਅਤੇ ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’, ਪਰ ਅਫ਼ਸੋਸ ਕਿ ਅੱਜ ਵਿੱਦਿਆ ਵੀ ਕੇਵਲ ਇੱਕ ਧੰਦਾ ਹੈ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ‘ਆਸ਼ਕੀ’ ਦੇ ਅੱਡੇ ਬਣਦੇ ਜਾ ਰਹੇ ਹਨ, ਜਿੱਥੋਂ ਅਸੀਂ ਚੰਗੇ ਕਿਰਦਾਰ ਪੈਦਾ ਕਰਨੇ ਸਨ। ਅਧਿਆਪਕਾਂ ਅਤੇ ਪ੍ਰੋਫੈਸਰਾਂ ਦੇ ਮਿਆਰ ਡਿੱਗਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਸਾਨੂੰ ਸਿੱਖਿਅਤ ਕਰਨਾ ਸੀ।
ਬੇਰੁਜ਼ਗਾਰੀ ਇਸ ਕਦਰ ਵਧੀ ਹੈ ਕਿ ਵੱਧ-ਪੜ੍ਹੇ ਲਿਖੇ ਲੋਕ ਹੀ ਸਭ ਤੋਂ ਵੱਧ ਬੇਰੁਜ਼ਗਾਰ ਨੇ, ਘੱਟ ਪੜ੍ਹੇ ਲਿਖੇ ਕੀ ਕਰਨ? ਉਨ੍ਹਾਂ ਨੇ ਦੇਸ਼ ਛੱਡਣਾ ਹੀ ਪ੍ਰਵਾਨ ਕਰ ਲਿਆ। ਅੱਜ ਪੰਜਾਬ ਦੀ ਹਾਲਤ ਇਹ ਹੋਈ ਪਈ ਹੈ ਕਿ ਦਸਵੀਂ ਕਰਨ ਤੋਂ ਬਾਅਦ ਹਰ ਕੋਈ ਆਇਲਟਸ ਕਰਕੇ ਇੱਥੋਂ ਨਿਕਲ ਜਾਣਾ ਚਾਹੁੰਦੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਬਈ ਇੱਥੇ ਕਰਨ ਕੀ? ਕਈ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਕਾਂ ਦੇ ਖਾਤਿਆਂ ਵਿੱਚ ਪਾਈ ਜਾਂਦੀ ਤਨਖਾਹ ਵਿੱਚ ਵੀ ਘਾਲਾ-ਮਾਲਾ ਕੀਤਾ ਜਾਂਦਾ ਹੈ। ਉਹ ਅਧਿਆਪਕ ਕੀ ਸਿੱਖਿਆ ਦੇਣਗੇ ਜੋ ਆਪ ਸਿਫਾਰਸ਼ ਨਾਲ ਭਰਤੀ ਹੋਏ ਹਨ। ਕੀ ਉਹ ਬੱਚਿਆਂ ਨੂੰ ਇਮਾਨਦਾਰੀ ਅਤੇ ਲਿਆਕਤ ਨਾਲ ਚੱਲਣ ਦੀ ਪ੍ਰੇਰਣਾ ਦੇ ਸਕਣਗੇ?
ਕਿਉਂ ਨਾ ਨੌਜੁਆਨ ਦੇਸ਼ ਛੱਡ ਕੇ ਭੱਜਣ, ਜਿੱਥੇ ਇੰਨੇ ਪੜ੍ਹਿਆ-ਲਿਖਿਆਂ ਦੀ ਐਨੀ ਦੁਰਦਸ਼ਾ ਹੈ, ਉੱਥੇ ਘੱਟ ਪੜ੍ਹਿਆ ਬੰਦਾ ਆਪਣੇ ਲਈ ਕੀ ਆਸ ਰੱਖੇ। ਇਹ ਬਹੁਤ ਵੱਡਾ ਦੁਖਾਂਤ ਹੈ, ਜਿਸ ਬਾਬਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਅੱਜ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਕੀ ਸਰਕਾਰ ਇਹੀ ਚਾਹੁੰਦੀ ਹੈ? ਨੌਜੁਆਨਾਂ ਲਈ ਵਿੱਦਿਆ ਦਾ ਉੱਚਾ ਮਿਆਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤਾਂ ਦੇਸ਼ ਖੁਸ਼ਹਾਲ ਹੋਵੇਗਾ। ਨਹੀਂ ਤਾਂ ਅਸੀਂ ਮੰਡੀ ਦੀ ਵਸਤ ਵਾਂਗ ਥਾਂ-ਥਾਂ ਭਟਕ ਕੇ ਆਪਣੀ ਕੀਮਤ ਪਵਾਉਣ ਵਿੱਚ ਹੀ ਜ਼ਿੰਦਗੀ ਗੁਜ਼ਾਰ ਦੇਵਾਂਗੇ।

Related Articles

Latest Articles