5.5 C
Vancouver
Saturday, March 1, 2025

ਖਲਨਾਇਕ ਤੋਂ ਨਾਇਕ

 

ਲੇਖਕ : ਮੋਹਨ ਸ਼ਰਮਾ
ਸੰਪਰਕ: 94171-48866
ਸੱਤਾਧਾਰੀ ਸਿਆਸੀ ਆਗੂ ਅਤੇ ਪੁਲੀਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਤਰੀਕੇ ਨਾਲ ਪੰਜਾਬ ਦੇ ਨਸ਼ਿਆਂ ਦਾ ਲੱਕ ਤੋੜਨ, ਨਸ਼ੱਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਕਰਦੇ ਹਨ, ਦਰਅਸਲ ਜ਼ਮੀਨੀ ਪੱਧਰ ਦੀ ਹਾਲਤ ਇਸ ਤੋਂ ਬਿਲਕੁਲ ਵੱਖਰੀ ਹੈ। ਨਸ਼ਿਆਂ ਕਾਰਨ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹ ਨਹੀਂ ਪਈ ਹੈ, ਲੁੱਟਾਂ-ਖੋਹਾਂ ਸ਼ਰੇਆਮ ਹੋ ਰਹੀਆਂ ਹਨ। ਹੁਣ ਤਾਂ ਇਹ ਨੌਬਤ ਆ ਗਈ ਹੈ ਕਿ ਕਈ ਥਾਈਂ ਜਦੋਂ ਨਸ਼ਾ ਤਸਕਰਾਂ ਦੇ ਘਰ ਪੁਲੀਸ ਰੇਡ ਕਰਦੀ ਹੈ ਤਾਂ ਇਸ ਦੀ ਸੂਚਨਾ ਉਨ੍ਹਾਂ ਕੋਲ ਪਹਿਲਾਂ ਹੀ ਪੁੱਜ ਜਾਂਦੀ ਹੈ ਅਤੇ ਉਹ ਡਾਂਗਾਂ, ਤਲਵਾਰਾਂ, ਰੋੜੇ, ਵੱਟੇ ਅਤੇ ਹੋਰ ਸਮਾਨ ਇਕੱਠਾ ਕਰ ਕੇ ਪੁਲੀਸ ਪਾਰਟੀ ਦਾ ‘ਸਵਾਗਤ’ ਕਰਨ ਲਈ ਤਿਆਰ ਹੋ ਜਾਂਦੇ ਹਨ। ਇਸ ਮੁਕਾਬਲੇ ਲਈ ਘਰ ਦੀਆਂ ਔਰਤਾਂ ਵੀ ਪਿੱਛੇ ਨਹੀਂ ਰਹਿੰਦੀਆਂ। ਕਈ ਥਾਈਂ ਨਸ਼ਾ ਵਿਰੋਧੀ ਫਰੰਟ ਬਣੇ ਹੋਏ ਹਨ। ਉਨ੍ਹਾਂ ਆਗੂਆਂ ‘ਤੇ ਵੀ ਕਈ ਨਸ਼ਾ ਤਸਕਰਾਂ ਨੇ ਮਾਰੂ ਹਮਲੇ ਕੀਤੇ ਹਨ।
ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ਬੈਠਾ ਸਾਂ। ਦੋ ਪੁਲੀਸ ਕਰਮਚਾਰੀ ਇੱਕ ਨੌਜਵਾਨ ਨੂੰ ਲੈ ਕੇ ਆ ਗਏ। ਨੌਜਵਾਨ ਹੱਥਕੜੀਆਂ ਵਿੱਚ ਜਕੜਿਆ ਹੋਇਆ ਸੀ। ਉਸ ਦੇ ਮਾਂ-ਬਾਪ ਪਿੱਛੇ ਖੜੋਤੇ ਸਨ। ਉਨ੍ਹਾਂ ਦੇ ਚਿਹਰਿਆਂ ‘ਤੇ ਘੋਰ ਚਿੰਤਾ ਦੇ ਚਿੰਨ੍ਹ ਸਨ। ਅੱਕੇ ਹੋਏ ਹੌਲਦਾਰ ਨੇ ਉਸ ਮੁੰਡੇ ਵੱਲ ਘੁਰਕੇ ਵਿੰਹਦਿਆਂ ਕਿਹਾ, ”ਇਸ ਕੁੱਤੇ ਨੇ ਅੱਤ ਚੁੱਕ ਰੱਖੀ ਹੈ। ਨਸ਼ਿਆਂ ਕਾਰਨ ਚੋਰੀਆਂ, ਠੱਗੀਆਂ, ਲੁੱਟਾਂ-ਖੋਹਾਂ૴ ਬੱਸ ਜੀ, ਇਹਨੇ ਕੋਈ ਕਸਰ ਨਹੀਂ ਛੱਡੀ। ਬਾਰਵੀਂ ਵਿੱਚ ਪੜ੍ਹਦਿਆਂ ਇਹ ਪੁੱਠੇ ਕੰਮ ਵਿੱਚ ਪੈ ਗਿਆ। ਦੋ ਦਿਨ ਅਸੀਂ ਇਹਨੂੰ ਥਾਣੇ ‘ਚ ਰੱਖਿਐ। ਥਾਣੇਦਾਰ ਭਲਾ ਮਾਣਸ ਐ, ਕਹਿੰਦਾ, ”ਕੇਸ ਕਾਹਨੂੰ ਪਾਉਣੈ। ਇਹਦੀ ਜ਼ਿੰਦਗੀ ਰੁਲ ਜਾਵੇਗੀ। ਥੋਡੇ ਕੋਲ ਭੇਜਿਐ ਇਹਦਾ ਨਸ਼ਾ ਛੁਡਵਾਉਣ ਲਈ।” ਉਨ੍ਹਾਂ ਦੀ ਗੱਲ ਸੁਣਦਿਆਂ ਮੁੰਡੇ ਦੇ ਮਾਪਿਆਂ ਵੱਲ ਨਜ਼ਰ ਮਾਰੀ। ਉਨ੍ਹਾਂ ਦੀਆਂ ਅੱਖਾਂ ‘ਚੋਂ ਪਰਲ-ਪਰਲ ਵਹਿੰਦੇ ਹੰਝੂ ਆਪਣੇ ਦਰਦ ਦਾ ਖਾਮੋਸ਼ੀ ਨਾਲ ਪ੍ਰਗਟਾਵਾ ਕਰ ਰਹੇ ਸਨ। ਮੁੰਡੇ ਤੋਂ ਇਲਾਜ ਕਰਵਾਉਣ ਲਈ ਸਹਿਮਤੀ ਪੁੱਛੀ। ਉਸ ਦੇ ਹਾਂ ਵਿੱਚ ਸਿਰ ਹਿਲਾਉਣ ਤੋਂ ਬਾਅਦ ਪੁਲੀਸ ਕਰਮਚਾਰੀਆਂ ਨੂੰ ਉਸ ਦੀ ਹੱਥਕੜੀ ਖੋਲ੍ਹਣ ਲਈ ਕਿਹਾ ਗਿਆ। ਸਬੰਧਿਤ ਪੇਪਰਾਂ ‘ਤੇ ਦਸਤਖ਼ਤ ਕਰਵਾਉਣ ਤੋਂ ਬਾਅਦ ਮਾਪਿਆਂ ਨੂੰ ਹੌਸਲਾ ਦਿੰਦਿਆਂ ਕਿਹਾ, ”ਫਿਕਰ ਨਾ ਕਰੋ, ਇਹਨੂੰ ਠੀਕ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ। ਬੱਸ, ਤੁਸੀਂ ਵਾਰ-ਵਾਰ ਇੱਥੇ ਗੇੜਾ ਨਾ ਮਾਰਿਉ। ਟੈਲੀਫੋਨ ‘ਤੇ ਹੀ ਇਸ ਸਬੰਧੀ ਪੁੱਛਦੇ ਰਹਿਣਾ। ਜਦੋਂ ਅਸੀਂ ਬੁਲਾਇਆ, ਉਸ ਸਮੇਂ ਜ਼ਰੂਰ ਆ ਜਾਣਾ।” ਇਹੋ ਸੁਨੇਹਾ ਮੈਂ ਪੁਲੀਸ ਕਰਮਚਾਰੀਆਂ ਨੂੰ ਦਿੱਤਾ।
ਨਿੱਜੀ ਅਨੁਭਵ ਦੇ ਆਧਾਰ ‘ਤੇ ਲਿਖ ਰਿਹਾ ਹਾਂ ਕਿ ਅੰਦਾਜ਼ਨ ਦਸ ਕੁ ਦਿਨ ਨਸ਼ੱਈ ਮਰੀਜ਼ ਨਸ਼ਾ ਛੱਡਣ ਵੇਲੇ ਤੋੜ ਦਾ ਸ਼ਿਕਾਰ ਹੁੰਦਾ ਹੈ। ਉਸ ਵੇਲੇ ਉਸ ਦੀ ਖਾਸ ਦੇਖ-ਭਾਲ ਦੇ ਨਾਲ-ਨਾਲ ਦਵਾਈ ਦੇਣ ਦੀ ਲੋੜ ਹੁੰਦੀ ਹੈ। ਉਹ ਨੌਜਵਾਨ ਵੀ ਕੁਝ ਪੁਲੀਸ ਦੀ ਕੁੱਟਮਾਰ ਅਤੇ ਨਸ਼ਿਆਂ ਦੀ ਤੋੜ ਕਾਰਨ ਲਿਆਂਦਾ ਹੀ ਤੰਗ ਹੋਇਆ। ਡੇਢ ਕੁ ਹਫਤੇ ਬਾਅਦ ਨਸ਼ਾ ਰਹਿਤ ਹੋਣ ਦੇ ਚਿੰਨ੍ਹ ਸ਼ੁਰੂ ਹੋ ਗਏ। ਅਜਿਹੀ ਹਾਲਤ ਵਿੱਚ ਹੀ ਉਸ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਤਾਂ ਉਸ ਦੇ ਹਿੱਸੇ ਹੌਸਲਾ, ਪਿਆਰ ਅਤੇ ਦਵਾਈ ਆਉਣੀ ਚਾਹੀਦੀ ਹੈ। ਹੋਰਾਂ ਸਾਥੀਆਂ ਨਾਲ ਉਸ ਨੇ ਘੁਲਣਾ-ਮਿਲਣਾ ਵੀ ਸ਼ੁਰੂ ਕਰ ਦਿੱਤਾ। ਪਿਛਲੇ ਕੀਤੇ ਗੁਨਾਹਾਂ ਤੇ ਉਹ ਪਛਤਾਵਾ ਵੀ ਕਰਨ ਲੱਗ ਪਿਆ ਸੀ। ਇਹ ਦਿਨ ਭਰੇ ਮਨ ਨਾਲ ਉਹਨੇ ਦੱਸਿਆ, ”ਜਦੋਂ ਜੀ ਨਸ਼ੇ ਦੀ ਤੋੜ ਲੱਗੀ ਹੋਵੇ, ਉਦੋਂ ਕੋਈ ਚੰਗਾ ਮਾੜਾ ਨਹੀਂ ਸੁੱਝਦਾ। ਨਸ਼ੇ ਦੀ ਤੋੜ ਵਿੱਚ ਮਾਂ-ਬਾਪ ਤੋਂ ਪੈਸੇ ਮੰਗਣ ‘ਤੇ ਜਦੋਂ ਇਨ੍ਹਾਂ ਨੇ ਪੈਸੇ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ, ਫਿਰ ਮੈਂ ਮਾਪਿਆਂ ਨੂੰ ਕਈ ਵਾਰ ਬੁਰੀ ਤਰ੍ਹਾਂ ਕੁੱਟਿਆ ਵੀ। ਫਿਰ ਮੈਂ ਆਪਣਾ ਗੈਂਗ ਬਣਾ ਲਿਆ। ਲੁੱਟਾਂ-ਖੋਹਾਂ, ਬਦਮਾਸ਼ੀਆਂ, ਚੋਰੀਆਂ, ਨਸ਼ੇ ਵੇਚਣੇ ਸਾਡਾ ਰੋਜ਼ ਦਾ ਕੰਮ ਸੀ। ਕਈ ਪੁਲੀਸ ਵਾਲੇ ਵੀ ਅੜੇ-ਥੁੜ੍ਹੇ ਵੇਲੇ ਸਾਡੇ ਕੋਲੋਂ ਨਸ਼ੇ ਦੀ ਮੰਗ ਕਰਦੇ ਸਨ। ਛਾਪਾ ਮਾਰਨ ਵੇਲੇ ਸਾਨੂੰ ਪਹਿਲਾਂ ਇਤਲਾਹ ਵੀ ਦੇ ਦਿੰਦੇ। ਸੱਚ ਮੰਨਿਉ ਸਰ, ਰੋਜ਼ ਤਲੀ ‘ਤੇ ਜਾਨ ਰੱਖ ਕੇ ਤੁਰੇ ਫਿਰਦੇ ਸੀ। ਕੋਈ ਰਿਸ਼ਤੇਦਾਰ ਮੂੰਹ ਨਹੀਂ ਸੀ ਲਾਉਂਦਾ। ਵਿਆਹੀ ਵਰੀ ਭੈਣ ਨੇ ਵੀ ਕਹਿ ਦਿੱਤਾ ਸੀ ਕਿ ਇਨ੍ਹਾਂ ਕਰਤੂਤਾਂ ਕਰ ਕੇ ਸਾਡਾ ਘਰ ਖਰਾਬ ਨਾ ਕਰੀਂ। ਇਥੇ ਆਉਣ ਦੀ ਲੋੜ ਨਹੀਂ।૴ ਥੋਡੇ ਅੱਗੇ ਝੂਠ ਨਹੀਂ ਬੋਲਦਾ, ਜੇ ਤੁਹਾਡੀ ਸ਼ਰਨ ਵਿੱਚ ਨਾ ਆਉਂਦਾ ਤਾਂ ਕੰਧ ‘ਤੇ ਮੇਰੀ ਫੋਟੋ ‘ਤੇ ਹਾਰ ਪਾਇਆ ਹੁੰਦਾ।” ਉਹਦੇ ਨੈਣਾਂ ‘ਚੋਂ ਵਹਿੰਦੇ ਅੱਥਰੂ ਉਹਦੇ ਸੱਚਾ ਹੋਣ ਦੀ ਗਵਾਹੀ ਭਰ ਰਹੇ ਸਨ।
ਦਰਅਸਲ, ਨਸ਼ਾ ਕਰਨ ਵਾਲੇ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਕੁੱਟਮਾਰ, ਸਰੀਰਕ ਤਸੀਹੇ, ਜ਼ਲਾਲਤ ਇਨ੍ਹਾਂ ਦਾ ਇਲਾਜ ਨਹੀਂ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਥਾਣੇ ਜਾਂ ਜੇਲ੍ਹਾਂ ਵਿੱਚੋਂ ਨਸ਼ਈ ਚੰਗੇ ਬੰਦੇ ਬਣ ਕੇ ਨਿਕਲਦੇ। ਦਾਖਲ ਨਸ਼ਈ ਨੌਜਵਾਨ ਨੂੰ ਵੀ ਪੀੜਤ ਨੌਜਵਾਨ ਸਮਝ ਕੇ ਉਸ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਜ਼ਿੰਦਗੀ ਦੇ ਸਹੀ ਮਾਰਗ ‘ਤੇ ਤੁਰਨ ਦਾ ਸੁਨੇਹਾ ਦਿੱਤਾ। ਸਿਮਰਨ ਹਮੇਸ਼ਾ ਉਹਦੇ ਕੋਲ ਹੁੰਦਾ ਸੀ ਅਤੇ ਸਮੇਂ-ਸਮੇਂ ਸਿਰ ਇਕਾਂਤ ਵਿੱਚ ਬੈਠ ਕੇ ਪਾਠ ਕਰਦਾ ਰਹਿੰਦਾ। ਉਸਾਰੂ ਸਾਹਿਤ ਅਧਿਐਨ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਬਣਾਈ ਲਾਇਬ੍ਰੇਰੀ ਵਿੱਚੋਂ ਉਹ ਕਿਤਾਬਾਂ ਕਢਵਾ ਕੇ ਪੜ੍ਹਦਾ ਰਹਿੰਦਾ। ਕਿਰਤ ਦਾ ਸੰਕਲਪ ਵੀ ਉਹਦੇ ਅੰਗ-ਸੰਗ ਸੀ। ਬੂਟਿਆਂ ਦੀ ਸੰਭਾਲ, ਕੈਂਪਸ ਦੀ ਸਾਫ-ਸਫਾਈ ਜਿਹੇ ਕਾਰਜਾਂ ਵਿੱਚ ਵੀ ਉਹ ਰੁਝਿਆ ਰਹਿੰਦਾ। ਸਾਰੇ ਦਾਖਲ ਨਸ਼ੱਈ ਮਰੀਜ਼ਾਂ ਨੂੰ ਰੋਟੀ ਵਰਤਾਉਣ ਮਗਰੋਂ ਹੀ ਉਹ ਆਪ ਰੋਟੀ ਖਾਂਦਾ। ਦਾਖਲ ਹੋਣ ਸਮੇਂ ਉਹਦੇ ਚਿਹਰੇ ‘ਤੇ ਉਕਰੀਆਂ ਖੂੰਖਾਰ ਰੇਖਾਵਾਂ ਹੁਣ ਲੋਪ ਹੋ ਚੁੱਕੀਆਂ ਸਨ। ਸਾਊ ਅਤੇ ਨੇਕ ਨੌਜਵਾਨ ਦੀ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆ ਰਹੀ ਸੀ।
ਇੱਕ ਦਿਨ ਯੋਗ ਕਰਵਾਉਣ ਵੇਲੇ ਮੈਂ ਉਹਨੂੰ ਮੁਖਾਤਿਬ ਹੋ ਕੇ ਕਿਹਾ, ”ਇਸ ਚੰਗੇ ਮਾਰਗ ‘ਤੇ ਚੱਲਦਾ ਰਹਿ। ਤੇਰੇ ਨਾਲ ਵਾਅਦਾ ਹੈ ਕਿ ਜਿਹੜੇ ਥਾਣੇ ‘ਚੋਂ ਤੈਨੂੰ ਹੱਥਕੜੀ ਲਾ ਕੇ ਲਿਆਂਦਾ ਗਿਆ ਸੀ, ਉਸੇ ਥਾਣੇ ਦਾ ਥਾਣੇਦਾਰ ਤੇਰੇ ਗਲ ਵਿੱਚ ਹਾਰ ਪਾ ਕੇ ਤੈਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਤੇਰੇ ਘਰ ਛੱਡ ਕੇ ਆਵੇਗਾ। ਤੇਰੇ ਮਾਂ ਬਾਪ ਨੂੰ ਵੀ ਸੱਦਾਂਗਾ। ਤੈਨੂੰ ਮਿਲਣ ਪਿੱਛੋਂ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਨਹੀਂ, ਚਿਹਰੇ ‘ਤੇ ਮੁਸਕਰਾਹਟ ਹੋਵੇਗੀ।” ਉਹਨੇ ਵੀ ਵਾਅਦਾ ਕੀਤਾ ਕਿ ਉਹ ਹੁਣ ਨੇਕੀ ਦੇ ਰਾਹ ਚੱਲ ਕੇ ਵਧੀਆ ਜ਼ਿੰਦਗੀ ਬਤੀਤ ਕਰੇਗਾ, ਆਪਣੇ ਮਾਪਿਆਂ ਦੀ ਸੇਵਾ ਵੀ ਕਰੇਗਾ।
ਚੰਗੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਹਦੇ ਮਾਪਿਆਂ ਨੂੰ ਆਉਣ ਲਈ ਸੁਨੇਹਾ ਦਿੱਤਾ। ਨਾਲ ਹੀ ਥਾਣੇਦਾਰ ਨੂੰ ਵੀ ਬੇਨਤੀ ਕੀਤੀ ਕਿ ਇਹਨੂੰ ਲੈਣ ਲਈ ਤੁਸੀਂ ਆਪ ਆਵੋ। ਤੈਅ ਕੀਤੇ ਦਿਨ ਥਾਣੇਦਾਰ ਨਸ਼ਾ ਛੁਡਾਊ ਕੇਂਦਰ ਪੁੱਜ ਗਿਆ। ਮਾਪੇ ਵੀ ਆ ਗਏ। ਮਾਪਿਆਂ ਨਾਲ ਮੁੰਡੇ ਦੀ ਭੈਣ ਅਤੇ ਭਣੋਈਆ ਵੀ ਆਏ ਸਨ। ਅੰਦਾਜ਼ਨ ਡੇਢ ਕੁ ਮਹੀਨੇ ਬਾਅਦ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਮਿਲਣਾ ਸੀ। ਸ਼ਹਿਰ ਦੀਆਂ ਕੁਝ ਨਾਮਵਾਰ ਸ਼ਖ਼ਸੀਅਤਾਂ ਵੀ ਬੁਲਾਈਆਂ। ਮੁੰਡੇ ਨੂੰ ਵਿਦਾਅ ਕਰਨ ਲਈ ਸੰਖੇਪ ਜਿਹਾ ਸਮਾਗਮ ਕੀਤਾ। ਤੰਦਰੁਸਤ, ਨਸ਼ਾ ਰਹਿਤ ਨੌਜਵਾਨ ਜਦੋਂ ਆਪਣੇ ਮਾਪਿਆਂ ਦੇ ਪੈਰਾਂ ਵਿੱਚ ਝੁਕਿਆ ਤਾਂ ਮਾਂ ਬਾਪ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਇਕਲੌਤੀ ਭੈਣ ਵਾਰ-ਵਾਰ ਆਪਣੇ ਵੀਰ ਦਾ ਮੱਥਾ ਚੁੰਮ ਰਹੀ ਸੀ। ਨਾਲ ਖੜ੍ਹਾ ਭਣੋਈਆ ਵੀ ਉਹਨੂੰ ਬੁੱਕਲ ਵਿੱਚ ਲੈ ਰਿਹਾ ਸੀ।
ਤਾੜੀਆਂ ਦੀ ਗੂੰਜ ਵਿੱਚ ਥਾਣੇਦਾਰ ਨੇ ਜਦੋਂ ਉਸ ਦੇ ਗਲ ਵਿੱਚ ਹਾਰ ਪਾ ਕੇ ਮੁਸਕਰਾਉਂਦਿਆਂ ਕਿਹਾ, ”ਸੱਚੀਂ, ਹੁਣ ਤੂੰ ਹੀਰੋ ਲੱਗਦੈਂ। ਮੇਰੇ ਵਾਲੀ ਗੱਡੀ ਵਿੱਚ ਬੈਠ, ਤੈਨੂੰ ਘਰ ਛੱਡ ਕੇ ਆਵਾਂ।” ਬਾਹਰੋਂ ਆਈਆਂ ਸ਼ਖ਼ਸੀਅਤਾਂ ਨੇ ਵੀ ਉਹਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਜਾਣ ਲੱਗਿਆਂ ਉਹਦੀ ਭੈਣ ਨੇ ਕਿਹਾ, ”ਇੱਕ ਵਾਰ ਘਰ ਜਾਣ ਤੋਂ ਬਾਅਦ ਮੈਂ ਇਹਨੂੰ ਆਪ ਨਾਲ ਲੈ ਜਾਵਾਂਗੀ। ਮੇਰੇ ਪਤੀ ਰਾਜ ਮਿਸਤਰੀ ਨੇ। ਉਨ੍ਹਾਂ ਕੋਲੋਂ ਕੰਮ ਸਿੱਖ ਲਵੇਗਾ। ਪੁਰਾਣੀ ਸੰਗਤ ਤੋਂ ਵੀ ਖਹਿੜਾ ਛੁੱਟੂ।”
ਗਲ ਵਿੱਚ ਹਾਰ ਪਾਈ ਜੇਤੂ ਨਜ਼ਰਾਂ ਨਾਲ ਉਹ ਥਾਣੇਦਾਰ ਦੀ ਜੀਪ ਵੱਲ ਵਧ ਰਿਹਾ ਸੀ।

Related Articles

Latest Articles