ਸਰੀ, (ਸਿਮਰਨਜੀਤ ਸਿੰਘ): ਸਰੀ ਦੇ ਗੁਰਮਿਹਰ ਪਾਬਲਾ ਨੂੰ ਉਸ ਦੀ ਬੇਮਿਸਾਲ ਹਿੰਮਤ ਅਤੇ ਬਹਾਦੁਰੀ ਲਈ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਗੁਰਮਿਹਰ, ਜੋ ਪਨੋਰਮਾ ਰਿਜ ਸਕੈਂਡਰੀ ਸਕੂਲ ਦਾ ਵਿਦਿਆਰਥੀ ਹੈ, ਨੂੰ 6 ਜੂਨ 2024 ਨੂੰ ਇੱਕ ਸਕੂਲ ਯਾਤਰਾ ਦੌਰਾਨ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਲਈ ਬੇਮਿਸਾਲ ਬਹਾਦੁਰੀ ਦਿਖਾਈ ਅਤੇ ਵਿਅਕਤੀ ਦੀ ਜਾਨ ਬਚਾਈ ਸੀ ।
ਫ਼ਰਵਰੀ 24 ਨੂੰ ਹੋਈ ਸਰੀ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ, ਮੇਅਰ ਬ੍ਰੈਂਡਾ ਲੌਕ ਨੇ ਗੁਰਮਿਹਰ ਨੂੰ ਵਿਸ਼ੇਸ਼ ਸਨਮਾਨ ਪੱਤਰ ਨਾਲ ਨਵਾਜਿਆ। ਗੁਰਮਿਹਰ 278 ਕੋਰਮੋਰੈਂਟ ਰੌਇਲ ਕੈਨੇਡੀਆਨ ਏਅਰ ਕੈਡਟ ਸਕਵਾਡਰਨ ਦਾ ਵੀ ਸਰਗਰਮ ਮੈਂਬਰ ਹੈ। ਮੇਅਰ ਬੈਂਡਾ ਲੌਕ ਨੇ ਗੁਰਮਿਹਰ ਦੀ ਦਿਲੇਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ “ਇਹ ਹਮੇਸ਼ਾ ਖੁਸ਼ੀ ਦੀ ਗੱਲ ਹੁੰਦੀ ਹੈ, ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਸਨਮਾਨਿਤ ਕਰਦੇ ਹਾਂ, ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਬਹਾਦੁਰੀ ਅਤੇ ਹਿੰਮਤ ਵਿਖਾਈ ਹੋਵੇ।” ਉਨ੍ਹਾਂ ਕਿਹਾ “ਉਸ ਸਮੇਂ, ਜਦ ਮੌਤ ਅਤੇ ਜੀਵਨ ਦੀ ਕੋਈ ਲੜਾਈ ਲੜ ਰਿਹਾ ਸੀ, ਗੁਰਮਿਹਰ ਨੇ ਬਹਾਦਰੀ ਦਿਖਾਈ ਅਤੇ ਵਿਅਕਤੀ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ।”
ਜ਼ਿਕਰਯੋਗ ਹੈ ਕਿ ਜਦੋਂ ਗੁਰਮਿਹਰ ਨੂੰ ਸਨਮਾਨਤ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਉਥੇ ਮੌਜੂਦ ਉਸ ਦੇ ਪਰਿਵਾਰ, ਸਕੂਲ ਅਤੇ ਏਅਰ ਕੈਡਟ ਦੇ ਮੈਂਬਰਾਂ ਨੇ ਉਸ ਦੀ ਸ਼ਲਾਘਾ ਕੀਤੀ। ਸਿਟੀ ਹਾਲ ‘ਚ ਮੌਜੂਦ ਲੋਕਾਂ ਨੇ ਖੂਬ ਤਾਲੀਆਂ ਮਾਰ ਕੇ ਗੁਰਮਿਹਰ ਦੀ ਤਾਰੀਫ਼ ਕੀਤੀ। ਗੁਰਮਿਹਰ ਨੇ ਆਪਣੇ ਇਹ ਸਨਮਾਨ ਮਿਲਣ ‘ਤੇ ਧੰਨਵਾਦ ਕਰਦੇ ਹੋਏ ਕਿਹਾ ਕਿ, “ਮੈਂ ਧੰਨਵਾਦੀ ਹਾਂ। ਇਹ ਮੇਰਾ ਫ਼ਰਜ਼ ਸੀ ਕਿ ਜੇ ਮੈਂ ਕਿਸੇ ਦੀ ਮਦਦ ਕਰ ਸਕਦਾ ਹਾਂ, ਤਾਂ ਮਦਦ ਕਰਾਂ ਅਤੇ ਇਹ ਸਿੱਖਿਆ ਮੈਨੂੰ ਪਰਿਵਾਰ ਤੋਂ ਹੀ ਮਿਲੀ ਹੈ ਅਤੇ ਸਾਨੂੰ ਹਮੇਸ਼ਾ ਹੋਰਾਂ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ।” This report was written by Simranjit Singh as part of the Local Journalism Initiative.