5.7 C
Vancouver
Monday, March 10, 2025

ਕਿਉਂ ਜ਼ਰੂਰੀ ਹੈ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਤੇ ਕਾਲੇ ਪਾਣੀਆਂ ਦਾ ਮੋਰਚਾ?

 

ਲੇਖਕ : ਅਮਿਤੋਜ ਮਾਨ
ਹਰ ਉਦਯੋਗ ਦਾ ਬਦਲ ਹੈ, ਪਰ ਕੀ ਪਾਣੀ ਦਾ ਜਾਂ ਜ਼ਿੰਦਗੀ ਦਾ ਕੋਈ ਬਦਲ ਹੈ? ਯੁੱਗ ਯੁਗਾਂਤਰ ਤੋਂ ਦਰਿਆਵਾਂ ਨਦੀਆਂ ਦੇ ਕਿਨਾਰੇ ਹੀ ਜ਼ਿੰਦਗੀ ਪਨਪਦੀ ਰਹੀ ਹੈ.. ਤੇ ਹੁਣ ਦਰਿਆ ਤੇ ਨਦੀਆਂ ਮੌਤ ਵੰਡ ਰਹੇ ਨੇ।
ਇਹ ਕੀ ਹੈ ?.. ਸ਼ਾਇਦ ਤਰੱਕੀ?.. ਜਦੋਂ ਤੋਂ ਹੋਸ਼ ਸੰਭਾਲੀ ਹੈ ਆਧੁਨਿਕ ਵਸੀਲਿਆਂ ਨੂੰ ਹੀ ਤਰੱਕੀ ਸਮਝਿਆ ਸੀ ਪਰ ਜ਼ਿੰਦਗੀ ਦੇ ਮਾਇਨੇ ਸਮਝਦਿਆਂ ਸਮਝਿਆ ਕਿ ਤਰੱਕੀ ਤੇ ਬਰਬਾਦੀ ਦਾ ਬਹੁਤ ਨਜ਼ਦੀਕੀ ਰਿਸ਼ਤਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜ਼ਿੰਦਗੀ ਖ਼ੁਸ਼ੀ ਨੂੰ ਤਲਾਸ਼ਦਿਆਂ ਹੀ ਬੀਤਦੀ ਹੈ, ਸ਼ਾਇਦ ਇਸੇ ਤਲਾਸ਼ ਵਿਚ ਅਸੀਂ ਅਤੀਤ ‘ਚ ਗੋਤਾ ਲਾਉਂਦੇ ਹਾਂ, ਕਿਉਂਕਿ ਉਦੋਂ ਜੀਵਨ ਤਰੱਕੀ ਦੇ ਆਸਰੇ ਨਹੀਂ ਬਲਕਿ ਕੁਦਰਤ ਦੀ ਰਜ਼ਾ ਵਿਚ ਰਹਿੰਦਿਆਂ ਮਾਣਿਆ ਜਾਂਦਾ ਸੀ। ਅੱਜ ਸਾਡੇ ਕੋਲ ਆਧੁਨਿਕਤਾ ਹੈ ਓਦੋਂ ਜ਼ਿੰਦਗੀ ਸੀ। ਮੈਂ ਸਿਨੇਮੇ ਦੇ ਨਜ਼ਰੀਏ ਤੋਂ ਕਹਿ ਸਕਦਾ ਹਾਂ ਕਿ ਦੁਨੀਆ ਇਤਿਹਾਸਕ ਜਾਂ ਮਿਥਿਹਾਸਕ ਸਿਨੇਮੇ ਨੂੰ ਵੇਖਣਾ ਜ਼ਿਆਦਾ ਪਸੰਦ ਕਰਦੀ ਹੈ। ਸ਼ਾਇਦ ਜਿਹੜੀਆਂ ਖ਼ੁਸ਼ੀਆਂ ਸਾਨੂੰ ਅੱਜ ਨਹੀਂ ਮਿਲਦੀਆਂ, ਉਹ ਅਸੀਂ ਉਸ ਜ਼ਮਾਨੇ ਦੇ ਸਿਨੇਮੇ ‘ਚ ਤਲਾਸ਼ਦੇ ਫਿਰਦੇ ਹਾਂ ਤੇ ਸਾਡੀ ਉਹੀ ਵਿਰਾਸਤ ਇਸ ਅਖੌਤੀ ਤਰੱਕੀ ਨੇ ਖੋਹ ਲਈ ਹੈ। ਦੁਨੀਆ ‘ਚ ਕੁਦਰਤ ਵਿਰੋਧੀ ਤੇ ਕਿਸੇ ਹੱਦ ਤੱਕ ਮਨੁੱਖਤਾ ਵਿਰੋਧੀ ਅਰਥਚਾਰਾ ਚੱਲ ਰਿਹਾ, ਜਿਸ ਦਾ ਹਮਲਾ ਸਾਡੀ ਹੋਂਦ ‘ਤੇ ਹੈ, ਕਿਉਂਕਿ ਪਾਣੀ ਹੀ ਪੰਜਾਬ ਹੈ ਤੇ ਪੰਜਾਬ ਹੀ ਪਾਣੀ ਹੈ। ਚਾਹੇ ਵੈਦਿਕ ਯੁੱਗ (1500-500 ਈਸਾਪੂਰਵ) ਦੌਰਾਨ ਅਜੋਕੇ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ, ਜਿਸ ਦਾ ਰਿਗਵੇਦ ਵਿਚ ਉਲੇਖ ਹੈ, ਜੋ ਉਸ ਵੇਲੇ ਵਹਿੰਦੇ ਸੱਤ ਦਰਿਆਵਾਂ ‘ਤੇ ਅਧਾਰਿਤ ਸੀ, ਬਾਅਦ ਦੇ ਵੈਦਿਕ ਯੁੱਗ ਵਿਚ ਇਸ ਨੂੰ ਪੰਚਨਦ ਕਿਹਾ ਜਾਣ ਲੱਗਾ ਜੋ, ਪੰਜ ਦਰਿਆਵਾਂ ਦੀ ਵਜ੍ਹਾ ਨਾਲ ਸੀ। ਹਰ ਵੇਲੇ ਜਾਂ ਯੱਗਾਂ ‘ਚ ਸਾਡਾ ਨਾਂਅ ਜਾਂ ਪਹਿਚਾਣ ਪਾਣੀ ਨਾਲ ਹੀ ਸੀ, ਸਾਫ਼ ਸ਼ਫ਼ਾਕ ਪਾਣੀ ਜੋ ਹੁਣ ਬੀਤੇ ਹੋਏ ਯੁੱਗਾਂ ਦੀ ਗੱਲ ਹੋ ਗਿਆ ਹੈ। ਬੁੱਢਾ ਦਰਿਆ ਵੀ ਹੁਣ ਬੁੱਢਾ ਨਾਲਾ ਬਣ ਕੇ ਰਹਿ ਗਿਆ ਹੈ, ਤੇ ਬੁੱਢਾ ਨਾਲਾ ਹੀ ਕਿਉਂ?…ਹੋਰ ਵੀ ਬਹੁਤ ਸਾਰੇ ਪ੍ਰਦੂਸ਼ਣ ਦੇ ਸੋਤ੍ਰ ਨੇ, ਜਿਵੇਂ ਕਾਲਾ ਸੰਘਿਆਂ ਡਰੇਨ, ਤੁੰਗ ਢਾਬ ਡਰੇਨ, ਚਿੱਟੀ ਵੇਈਂ, ਹੰਸਲਾ ਨਦੀ ਜਾਂ ਹੋਰ ਵੀ, ਜੋ ਵਾਤਾਵਰਨ ਨੂੰ ਪਲੀਤ ਕਰਨ ਦੇ ਵੱਡੇ ਕਾਰਨ ਹਨ। ਕੋਈ ਸ਼ੱਕ ਨਹੀਂ ਪੰਜਾਬ ਦੇ ਪਾਣੀਆਂ ਨੂੰ ਇਕੱਲੇ ਬੁੱਢੇ ਨਾਲੇ ਨੇ ਹੀ ਗੰਦਾ ਨਹੀਂ ਕੀਤਾ ਪਰ ਇਨ੍ਹਾਂ ਸਾਰਿਆਂ ‘ਚੋਂ ਵੱਡਾ ਸਰੋਤ ਜਾਂ ਪ੍ਰਦੂਸ਼ਣ ਦਾ ਪ੍ਰਤੀਕ ਬੁੱਢਾ ਨਾਲਾ ਹੀ ਹੈ, ਜਿਹੜਾ ਕਿ ਕਦੇ ਪਹਿਲੀ ਪਾਤਸ਼ਾਹੀ ਵੱਲੋਂ ਦਿੱਤੇ ਨਾਮ ਬੁੱਢਾ ਦਰਿਆ ਵਾਂਗ ਹੌਲੀ ਹੌਲੀ ਵਹਿੰਦਾ ਸੀ, ਪਰ ਹੁਣ ਬਹੁਤ ਤੇਜ਼ ਗਤੀ ਨਾਲ ਪਾਣੀ ਨੂੰ ਗੰਦਾ ਕਰ ਰਿਹਾ ਤੇ ਲੋਕਾਂ ਦੀ ਜ਼ਿੰਦਗੀ ਮੌਤ ‘ਚ ਬਦਲਦਾ ਜਾ ਰਿਹਾ ਹੈ। ਇਸ ਲਈ ਸਭ ਤੋਂ ਪਹਿਲਾਂ ਬੁੱਢੇ ਨਾਲੇ ਦੀ ਬਹਾਲੀ ਦਾ ਮੁੱਦਾ ਸਾਹਮਣੇ ਆਉਂਦਾ ਹੈ। ਬੁੱਢੇ ਨਾਲੇ ਦੇ ਪਾਣੀ ਨੂੰ ਪਲੀਤ ਕਰਨ ਲਈ ਬਹੁਤ ਸਾਰੇ ਉਦਯੋਗ ਜ਼ਿੰਮੇਵਾਰ ਹਨ, ਜਿਵੇਂ ਕਿ ਡੇਅਰੀ ਵਾਲੇ, ਇਲੈੱਕਟਰੋਪਲੇਟਿੰਗ ਉਦਯੋਗ ਆਦਿ। ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਵੀ ਨਾਲੇ ਵਿਚ ਪੈਣ ਤੋਂ ਰੋਕਣਾ ਚਾਹੀਦਾ ਹੈ। ਜੋ ਉਦਯੋਗ ਬੰਦ ਹੋਣੇ ਚਾਹੀਦੇ ਨੇ ਉਨ੍ਹਾਂ ਵਿਚੋਂ ਸਭ ਤੋਂ ਖ਼ਤਰਨਾਕ ਹੈ ਡਾਇੰਗ (ਉੱਨ ਰੰਗਣੇ) ਦਾ ਉਦਯੋਗ, ਜੋ 15 ਕਰੋੜ ਲੀਟਰ ਕੈਮੀਕਲ ਯੁਕਤ ਪਾਣੀ (ਜੋ ਕੋਈ ਵੀ ਸੀਟੀਪੀ ਸਾਫ਼ ਨਹੀਂ ਕਰ ਸਕਦਾ) ਹਰ ਰੋਜ਼ ਬੱਢੇ ਨਾਲੇ ਵਿਚ ਪਾਉਂਦਾ ਹੈ। 15 ਕਰੋੜ ਲੀਟਰ ‘ਚੋਂ ਅਸੀਂ ਚੁਣਿਆ ਸਾਢੇ 10 ਕਰੋੜ ਲੀਟਰ ਜੋ ਤਾਜਪੁਰ ਰੋਡ ਵਾਲਾ, ਫੋਕਲ ਪੁਆਇੰਟ ਅਤੇ ਬਹਾਦਰ ਕੇ ਦੇ ਸੀਟੀਪੀ, ਜਿਨ੍ਹਾਂ ਦੀਆਂ ਚਾਹੇ ਮਨਜ਼ੂਰੀਆਂ ਦੀ ਗੱਲ ਹੋਵੇ ਜਾਂ ਦਰਿਆ ‘ਚ ਪਾਣੀ ਪਾਉਣ ਦੀ ਜਾਂ ਹੋਰ ਨਿਯਮਾਂ ਦੀ ਉਲੰਘਣਾ, ਸਭ ਜਾਂ ਜ਼ਿਆਦਾਤਰ ਗੈਰ ਕਾਨੂੰਨੀ ਹਨ। ਦੁਨੀਆ ਤੇ ਭਾਰਤ ਦੇ ਪਾਣੀਆਂ ਤੇ ਵਾਤਾਵਰਨ ਨਾਲ ਜੁੜੇ ਜਿੰਨੇ ਵੀ ਮਾਪਦੰਡ ਹਨ, ਕਿਸੇ ਦੀ ਵੀ ਇਥੇ ਪਾਲਣਾ ਨਹੀਂ ਹੋ ਰਹੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਇਨ੍ਹਾਂ ਸਾਰੇ ਸੰਵਿਧਾਨਕ ਅਦਾਰਿਆਂ ਦੇ ਆਦੇਸ਼ਾਂ ਦਾ ਪਾਲਣ ਨਹੀਂ ਹੋ ਰਿਹਾ ਜਾਂ ਪ੍ਰਸ਼ਾਸਨ ਵੱਲੋਂ ਕਰਵਾਇਆ ਨਹੀਂ ਜਾ ਰਿਹਾ। ਇਸ ਯੁਗ ਦੇ ਉਦਯੋਗਪਤੀਆਂ ਤੇ ਸਰਕਾਰਾਂ ਦਾ ਜੋ ਨਾਪਾਕ ਗਠਜੋੜ ਹੈ ਜਾਂ ਬੁਰਛਾਗਰਦੀ ਹੈ, ਉਸ ਦਾ ਖ਼ਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ। ਇਨ੍ਹਾਂ ਵਲੋਂ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਉਦਯੋਗ ਦਾ ਬਦਲ ਕੀ ਹੈ? ਪਰ ਕੀ ਇਹ ਗੱਠਜੋੜ ਦੱਸੂਗਾ ਕਿ ਪਾਣੀ ਦਾ ਬਦਲ ਕੀ ਹੈ? ਜ਼ਿੰਦਗੀ ਦਾ ਬਦਲ ਕੀ ਹੈ? ਧਰਤੀ ਦਾ ਬਦਲਦੀ ਹੈ?….
ਜਿਸ ਚੀਜ਼ ਨੂੰ ਤੁਸੀਂ ਬਣਾ ਨਹੀਂ ਸਕਦੇ, ਚਾਹੇ ਉਹ ਪਾਣੀ ਹੋਵੇ ਜਾਂ ਜ਼ਿੰਦਗੀ, ਉਸ ਨੂੰ ਖ਼ਤਮ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਜਾਂ ਕਿਵੇਂ ਦਿੱਤਾ ਜਾ ਸਕਦਾ ਹੈ? ਜਾਂ ਤੁਸੀਂ ਇਹ ਹੱਕ ਪ੍ਰਸ਼ਾਸਨ ਦੇ ਜ਼ੋਰ ‘ਤੇ ਆਪੇ ਲੈ ਲਿਆ?.. ਜਿਥੇ ਸਰਕਾਰਾਂ ਜਾਬਰ ਤੇ ਪੱਖਪਾਤੀ ਹੋ ਜਾਣ ਤੇ ਇਨਸਾਫ਼ ਗੂੰਗਾ। ਉਥੇ ਫਿਰ ਲੋਕ ਬੋਲਦੇ ਹਨ ਤੇ ਉਨ੍ਹਾਂ ਦੇ ਬੋਲਣ ਨਾਲ ਕੌਮਾਂ, ਸੂਿਬਆਂ, ਤੇ ਦੇਸ਼ਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ।
ਪੰਜਾਬ ਵਿਚ ਬੋਲਣ ਦੀ ਪਿਰਤ ਪੁਰਾਣੀ ਹੈ। ਕਿਉਂਕਿ ਅਸੀਂ ਪ੍ਰਤੀਕਰਮ ਦੇਣ ਵਾਲੇ ਲੋਕ ਹਾਂ। ਮੇਰੀ ਜਾਂ ਕਹਿ ਲਵੋ ਸਾਡੀ ਇਕੋ ਕੋਸ਼ਿਸ਼ ਹੈ ਕਿ ਰਾਜਨੀਤੀ ਮੁੱਦਿਆਂ ‘ਤੇ ਹੋਵੇ ਅਤੇ ਉਸ ਵਿਚ ਲੋਕਾਂ ਦੀ ਭਰਪੂਰ ਸ਼ਮੂਲੀਅਤ ਹੋਣੀ ਜ਼ਰੂਰੀ ਹੈ। ਪਾਣੀ ਦੀ ਲੜਾਈ ਵਿਚ ਅਸੀਂ ਛੋਟੀਆਂ-ਛੋਟੀਆਂ ਸਫਲਤਾਵਾਂ ਤੋਂ ਬਾਅਦ 3 ਦਸੰਬਰ ਨੂੰ ਵੱਡੀ ਸਫਲਤਾ ਹਾਸਿਲ ਕੀਤੀ ਹੈ- ਜ਼ਿਆਦਾਤਰ ਪੰਜਾਬੀ ਪਾਣੀ ਦੇ ਮੁੱਦੇ ‘ਤੇ ਸਾਡੇ ਨਾਲ ਖੜ੍ਹ ਗਏ ਹਨ। ਖੁਸ਼ੀ ਹੈ ਕਿ ਅਸੀਂ ਇਕ ਅਜਿਹਾ ਮੁੱਦਾ, ਜਿਸਨੂੰ ਨੂੰ ਕਦੇ ਵੀ ਹਿੰਦੁਸਤਾਨ ਜਾਂ ਪੰਜਾਬ ਦੇ ਵਿਚ ਮੁੱਦਾ ਹੀ ਨਹੀਂ ਮੰਨਿਆ ਜਾਂਦਾ ਸੀ, ਉਸ ਨੂੰ ਅਸੀਂ ਲੋਕਾਂ ਦਾ ਮੁੱਦਾ ਬਣਾ ਦਿੱਤਾ, ਨਾਲ-ਨਾਲ ਇਕ ਹੋਰ ਵੱਡਾ ਕੰਮ ਇਹ ਹੋਇਆ ਕਿ ਇਸ ਮੁੱਦੇ ‘ਤੇ ਪੰਜਾਬੀ ਹਿੰਦੂ ਮੁਸਲਮਾਨ ਸਿੱਖ ਤੇ ਸਭ ਫਿਰਕੇ ਇਕੱਠੇ ਹੋ ਗਏ, ਕਿਉਂਕਿ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸ਼ੈਅ ਹੈ, ਜਿਹਨੂੰ ਹਰ ਧਰਮ ਵਿਚ ਵਡਿਆਇਆ ਗਿਆ ਹੈ। ਗੁਰਬਾਣੀ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਨੂੰ ਜੀਵਨ ਮੰਨਿਆ ਹੈ, ਰਿਗਵੇਦ ਵਿਚ ਨਦੀਆਂ ਨੂੰ ਮਾਤਾਵਾਂ ਕਹਿ ਕੇ ਸਲਾਮ ਕੀਤਾ ਗਿਆ ਹੈ ਤੇ ਜੀਵਨ ਦੇਣ ਵਾਲੀ ਪਵਿੱਤਰ ਸ਼ਕਤੀ ਕਹਿ ਕੇ ਵਡਿਆਇਆ ਗਿਆ ਹੈ, ਬਾਈਬਲ ਵਿਚ ਇਸ ਨੂੰ ਆਤਮਿਕ ਨਵੀਨੀਕਰਨ ਅਤੇ ਜੀਵਨ ਦੇ ਸੋਤ੍ਰ ਵਜੋਂ ਵੇਖਿਆ ਜਾਂਦਾ ਹੈ। ਪਵਿੱਤਰ ਕੁਰਾਨ ਵਿਚ ਪਾਣੀ ਨੂੰ ਅੱਲਹ ਦੀ ਰਹਿਮਤ ਅਤੇ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਸਾਰੇ ਧਰਮ ਪਾਣੀ ਨੂੰ ਸਿਰਫ਼ ਭੌਤਿਕ ਤੱਤ ਨਹੀਂ ਬਲਕਿ ਅਧਿਆਤਮਿਕ ਮਹੱਤਵ ਰੱਖਣ ਵਾਲਾ ਮੰਨਦੇ ਹਨ। ਸੋ ਜ਼ਰੂਰਤ ਹੈ ਕੁਦਰਤ ਦੀ ਬਖਸ਼ਿਸ਼ ਪਾਣੀ ਨੂੰ ਜਿਉਂ ਦਾ ਤਿਉਂ ਰੱਖਣਾ। ਆਧੁਨਿਕਤਾ ਕਰਕੇ ਬੁੱਢੇ ਦਰਿਆ ਦਾ ਪਾਣੀ ਪਲੀਤ ਹੋ ਗਿਆ, ਜਿਸ ਦੀ ਵਜ੍ਹਾ ਕਰਕੇ ਅਸੀਂ ਪੀੜਤ ਪਿੰਡਾਂ ਦੇ ਵਿਰਲਾਪ ਸੁਣੇ ਹਨ। ਛੋਟੇ-ਛੋਟੇ ਬੱਚੇ, ਬਜ਼ੁਰਗ ਪਤਾ ਹੀ ਨਹੀਂ ਕਿੰਨੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹਨ, ਉਨ੍ਹਾਂ ਦੀਆਂ ਉਮਰਾਂ ਘਟ ਗਈਆਂ ਤੇ ਜ਼ਿੰਦਗੀ ਬੋਝ ਬਣ ਗਈ ਹੈ। ਮੈਂ ਉਨਾਂ ਦੇ ਦੁੱਖਾਂ ਨੂੰ ਬਿਆਨ ਹੀ ਨਹੀਂ ਕਰ ਸਕਦਾ, ਉਹ ਅਕਹਿ ਨੇ , ਅੱਧੇ ਅੱਧੇ ਪਿੰਡ ਨੂੰ ਕੈਂਸਰ, ਜੰਮਦੇ ਬੱਚੇ ਦਿਮਾਗੀ ਤੌਰ ‘ਤੇ ਅਪਾਹਜ, ਪਿੰਡਾਂ ‘ਚ ਹਰ ਤੀਸਰੇ ਮਹੀਨੇ ਕਾਲੇ ਪੀਲੀਏ ਦੀ ਚੈਕਿੰਗ ਹੁੰਦੀ ਹੈ। ਲੋਕਾਂ ਵਿਚਾਰਿਆਂ ਦੀ ਜ਼ਿੰਦਗੀ ਇਸੇ ਖੌਫ਼ ਵਿਚ ਬੀਤਦੀ ਹੈ ਕਿ ਅਸੀਂ ਉਸ ਦੀ ਚਪੇਟ ਵਿਚ ਤਾਂ ਨਹੀਂ ਆ ਗਏ? ਇਹ ਉਹੀ ਸਤਲੁਜ ਹੈ, ਜਿਥੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਅੰਮ੍ਰਿਤ ਛਕਾਇਆ ਗਿਆ ਸੀ, ਅੱਜ ਉਸੇ ਸਤਲੁਜ ਨੂੰ ਹਰ ਰੋਜ਼ ਗੰਦੇ ਤੋਂ ਗੰਦਾ ਕੀਤਾ ਜਾ ਰਿਹਾ ਤੇ ਦਸਮੇਸ਼ ਦੇ ਪੁੱਤ ਚੁੱਪ ਸਨ, ਪਰ ਹੁਣ ਬੋਲੇ ਨੇ ਤੇ ਜ਼ੋਰਦਾਰ ਬੋਲੇ ਹਨ। ਹੱਦ ਤਾਂ ਉਦੋਂ ਹੋ ਗਈ ਜਦ ਹਰੀਕੇ ਹੈੱਡ ਦੇ ਪਾਣੀ ਵਿਚਲੀ ਮੱਛੀ ਦੇ ਕੰਨ ‘ਚ ਵੀ ਕੈਂਸਰ ਸੈਲ ਪਾਏ ਗਏ, ਉਹ ਭੱਦਰ ਪੁਰਸ਼ੋ ਘੱਟੋ-ਘੱਟ ਹੁਣ ਤਾਂ ਆਪਣੇ ਮੁਨਾਫ਼ੇ ‘ਤੇ ਰਿਸ਼ਵਤ ਨੂੰ ਛੱਡ ਥੋੜਾ ਬਹੁਤ ਇਨਸਾਨੀਅਤ ਦਾ ਪਾਲਣ ਕਰ ਲਵੋ।” ਇਹ ਵੀ ਸੱਚ ਹੈ ਕਿ ਇਨ੍ਹਾਂ ਦਰਿਆਵਾਂ ਦਾ ਪਾਣੀ ਪੀ ਕੇ ਪੰਜਾਬ ਦੇ ਲੋਕ ਡੰਡ ਮਾਰਦੇ ਸਨ ਤੇ ਉਨ੍ਹਾਂ ਦੀ ਸਿਹਤ ਬਣ ਜਾਂਦੀ ਸੀ। ਦੇਸ਼ ਵਿਚ ਜਦੋਂ ਤੇ ਕੋਈ ਲੰਬਾ ਸੋਹਣਾ ਸੁਨੱਖਾ ਜਵਾਨ ਨਜ਼ਰ ਆਉਂਦਾ ਸੀ, ਤਾਂ ਲੋਕ ਕਹਿੰਦੇ ਸਨ ਪੰਜਾਬ ਦਾ ਹੋਣਾ, ਤੇ ਹੁਣ ਬਠਿੰਡੇ ਤੋਂ ਬੀਕਾਨੇਰ ਨੂੰ ਜਾਣ ਵਾਲੀ ਇੱਕ ਟ੍ਰੇਨ ਨੂੰ ਕੈਂਸਰ ਟ੍ਰੇਨ ਕਿਹਾ ਜਾਂਦਾ ਹੈ। ਕੀ ਅਸੀਂ ਇਥੇ ਰੁਕਾਂਗੇ? ਜਾਂ ਹੋਰ ਟ੍ਰੇਨਾਂ ਚਲਾ ਕੇ ਹੀ ਦਮ ਲਵਾਂਗੇ?.. ਬਚਪਨ ਤੋਂ ਸੁਣਿਆ ਸੀ ਤੇ ਇਤਿਹਾਸ ‘ਚ ਵੀ ਪੜ੍ਹਿਆ ਹੈ ਕਿ ਜਦੋਂ ਕੋਈ ਗੁਨਾਹ ਕਰਦਾ ਹੈ ਤਾਂ ਸਜ਼ਾ ਮਿਲਦੀ ਹੈ, ਤਾਂ ਜੋ ਉਹ ਦੁਬਾਰਾ ਗੁਨਾਹ ਨਾ ਕਰੇ, ਪਰ ਲੁਧਿਆਣੇ ਵਾਰ-ਵਾਰ ਰੋਜ਼ ਮੌਤ ਵੰਡੀ ਜਾਂਦੀ ਹੈ। ਮੌਤ ਦਨਦਨਾਉਂਦੀ ਹੋਈ ਲੁਧਿਆਣੇ ਦੇ ਬੁੱਢੇ ਦਰਿਆ ‘ਚੋਂ ਨਿਕਲਦੀ ਹੈ ਅਤੇ ਆ ਕੇ ਸਤਲੁਜ ਵਿਚ ਪਵ੍ਰੇਸ਼ ਕਰ ਜਾਂਦੀ ਹੈ। ਫਿਰ ਸਤਲੁਜ ਦਾ ਹਰੀਕੇ ਪੱਤਣ ਜਾ ਕੇ ਬਿਆਸ ਨਾਲ ਸੰਗਮ ਹੁੰਦਾ ਤੇ ਉਥੋਂ ਕੱਸੀਆਂ ਸੂਏ ਨਿਕਲ ਕੇ ਅੱਗੇ ਪੂਰੇ ਪੰਜਾਬ ਵਿਚ ਮੌਤ ਵੰਡਦੇ ਹਨ। ਇਕ ਹੋਰ ਬਹੁਤ ਹੀ ਖ਼ਤਰਨਾਕ ਨਾਕਾਬਿਲੇ ਮੁਆਫ ਗੁਨਾਹ ਫੈਕਟਰੀਆਂ ਵਾਲੇ ਕਰਦੇ ਨੇ ਕਿ ਰਿਵਰਸ ਬੋਰ ਕਰਕੇ ਪਾਣੀ ਥੱਲੇ ਜ਼ਮੀਨ ਵਿਚ ਪਾਉਂਦੇ ਹਨ, ਜਿਹਦੇ ਨਾਲ ਧਰਤੀ ਹੇਠਲਾ ਪਾਣੀ ਸਦਾ ਸਦਾ ਲਈ ਦੂਸ਼ਿਤ ਹੋ ਰਿਹਾ ਹੈ। ਕੀ ਵਿਦੇਸ਼ ‘ਚ ਸਨਅਤਾਂ ਨਹੀਂ ਹਨ? ਓਹ ਤਾਂ ਸਾਥੋਂ ਜ਼ਿਆਦਾ ਤਰੱਕੀ-ਯਾਫ਼ਤਾ ਹਨ, ਪਰ ਸ਼ਾਇਦ ਉਨ੍ਹਾਂ ‘ਚ ਅਜੇ ਵੀ ਕਿਤੇ ਨਾ ਕਿਤੇ ਜ਼ਮੀਰ ਜਾਗਦੀ ਹੈ ਤੇ ਆਤਮਾ ਜਾਗ੍ਰਿਤ ਹੈ। ਸਰਕਾਰਾਂ ਲੋਕਾਂ ਪ੍ਰਤੀ ਜਵਾਬਦੇਹ ਹਨ, ਇਸੇ ਕਰਕੇ ਲੰਦਨ ਦਾ ਥੇਮਸ ਦਰਿਆ ਗੰਦੇ ਤੋਂ ਹੁਣ ਸਾਫ਼ ਹੋ ਗਿਆ, ਜਰਮਨੀ ਦੀ ਰਾਇਨ ਨਦੀ ਸਾਫ਼ ਵਗਦੀ ਹੈ, ਬਲਕਿ ਸਾਡੇ ਦੇਸ਼ ‘ਚ ਵੀ ਤਾਮਿਲਨਾਡੂ ਵਾਲੇ ਪੌਣ ਪਾਣੀ ਦੀ ਸ਼ੁੱਧਤਾ ਲਈ ਡਰਾਈ ਡਾਇੰਗ ਲੈ ਆਏ ਪਰ ਪੰਜਾਬ ਦੀਆਂ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ।
ਬਦਕਿਸਮਤੀ ਨਾਲ ਅਸੀਂ ਇਹ ਸਮਝ ਨਹੀਂ ਰਹੇ ਕਿ ਅਨਮੋਲ ਕੁਦਰਤੀ ਸੋਮਾ ਪਾਣੀ ਅਮੁੱਕ ਨਹੀਂ ਹੈ। ਉਮੀਦ ਹੈ ਕਿ ਬੁੱਢੇ ਨਾਲੇ ਤੋਂ ਸ਼ੁਰੂ ਹੋਈ ਇਹ ਲੜਾਈ ਜਾਂ ਮੰਗ ਵੱਡਾ ਰੂਪ ਲਵੇ ਤੇ ਅਸੀਂ ਆਪਣੇ ਇੱਕੋ ਕੁਦਰਤੀ ਸੋਮੇ ਪਾਣੀ ਨੂੰ ਬਚਾ ਸਕੀਏ-ਪਹਿਲਾਂ ਵਰਗਾ ਕਰ ਸਕੀਏ। ਉਮੀਦ ਹੈ ਇਸ ਲੜਾਈ ‘ਚੋਂ ਇਕ ਨਵੀਂ ਕਿਸਮ ਦੀ ਰਾਜਨੀਤੀ ਨਿਕਲੂਗੀ। ਮੇਰੇ ਪੰਜਾਬ ਵਾਸੀਓ, ਇਸ ਗੱਲ ਬਾਰੇ ਜ਼ਰੂਰ ਸੋਚਿਓ ਕਿ ਕਰੋੜਾਂ ਰੁਪਿਆ ਚੋਣਾਂ ‘ਤੇ ਲਾ ਕੇ ਉਮੀਦਵਾਰ ਲੋਕਾਂ ਦੀ ਕਿਹੜੀ ਸੇਵਾ ਕਰਨਗੇ? ਤੇ ਹਾਂ ਸਿਆਸਤ ਪ੍ਰਤੀ ਏਨੀ ਬੇਰੁਖੀ ਸ਼ਾਇਦ ਲੀਡਰਾਂ ਵਲੋਂ ਵਾਰ ਵਾਰ ਦਿੱਤੇ ਗਏ ਧੋਖਿਆਂ ‘ਚੋਂ ਹੀ ਉਪਜੀ ਹੈ, ਪਰ ਮੇਰੀ ਜਨਤਾ ਨੂੰ ਇੱਕ ਬੇਨਤੀ ਹੈ, ਗੁਜ਼ਾਰਸ਼ ਹੈ, ਕਿ ਇਸ ਬਦਲਾਓ ਤੋਂ ਨਿਰਾਸ਼ ਨਾ ਹੋਇਓ, ਇਹ ਬਦਲਾਅ ਸਾਨੂੰ ਲਗਾਤਾਰ ਕਰਨੇ ਪੈਣਗੇ, ਫਿਰ ਹੀ ਅਸੀਂ ਹੌਲੀ-ਹੌਲੀ ਆਪਣੀ ਮਨਭਾਉਂਦੀ ਸਰਕਾਰ ਨੂੰ ਪ੍ਰਾਪਤ ਕਰ ਸਕਾਂਗੇ, ਯਕੀਨਨ ਜਿਸ ਦਿਨ ਪੰਜਾਬ ‘ਚ ਮੁੱਦਿਆਂ ਦੀ ਰਾਜਨੀਤੀ ਹੋਣ ਲੱਗ ਪਈ, ਉਸ ਦਿਨ ਸਮਝਿਓ ਮੰਜ਼ਿਲ ਦੂਰ ਨਹੀਂ ਰਹੇਗੀ।

Related Articles

Latest Articles