3.3 C
Vancouver
Monday, March 10, 2025

ਅਮਰੀਕਾ ਵਲੋਂ ਯੂਕਰੇਨ ਲਈ ਫੌਜੀ ਸਹਾਇਤਾ ਰੋਕਣ ਦੀ ਟਰੂਡੋ ਵਲੋਂ ਨਿੰਦਿਆ

ਔਟਵਾ (ਸਿਮਰਨਜੀਤ ਸਿੰਘ): ਅਮਰੀਕਾ ਵਲੋਂ ਯੂਕਰੇਨ ਲਈ ਫੌਜੀ ਸਹਾਇਤਾ ਨੂੰ ਰੋਕਣ ਦੇ ਫੈਸਲੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਲੋਚਨਾ ਕੀਤੀ ਗਈ ਹੈ। ਉਨ੍ਹਾਂ ਨੇ ਵਾਸ਼ਿੰਗਟਨ ਦੀ ਰੂਸ ਵੱਲ ਵਧ ਰਹੀ ਨਜ਼ਦੀਕੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਮਰੀਕਾ ਹੁਣ ਪੁਤਿਨ ਨੂੰ ਮਨਾਉਣ ‘ਚ ਲੱਗਿਆ ਹੋਇਆ ਹੈ।
ਟਰੂਡੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ “ਅਸੀਂ ਜਾਣਦੇ ਹਾਂ ਕਿ ਸਾਡੇ ਦੋਸਤ ਕੌਣ ਹਨ, ਅਤੇ ਸਾਡੇ ਵਿਰੋਧੀ ਕੌਣ ਹਨ। ਵਲਾਦੀਮੀਰ ਪੁਤਿਨ ਅਤੇ ਉਸ ਦੀ ਯੂਕਰੇਨ ‘ਤੇ ਹਮਲਾ ਸਿਰਫ਼ ਇੱਕ ਦੇਸ਼ ‘ਤੇ ਨਹੀਂ, ਬਲਕਿ ਸੰਯੁਕਤ ਰਾਸ਼ਟਰ ਦੇ ਨਿਯਮ-ਅਧਾਰਿਤ ਆਰਡਰ ‘ਤੇ ਵੀ ਹਮਲਾ ਹੈ। ਇਹ ਸਪੱਸ਼ਟ ਹੈ ਕਿ ਕੈਨੇਡਾ ਇਸ ਜ਼ੁਲਮ ਦੀ ਹਮਾਇਤ ਨਹੀਂ ਕਰੇਗਾ।”
ਉਨ੍ਹਾਂ ਨੇ ਅਮਰੀਕਾ ਦੀ ਨੀਤੀ ‘ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਇੱਕ ਪਾਸੇ ਉਹ ਕੈਨੇਡਾ ਨਾਲ ਵਪਾਰਕ ਸੰਕਟ ਪੈਦਾ ਕਰ ਰਹੇ ਹਨ, ਅਤੇ ਦੂਜੇ ਪਾਸੇ ਰੂਸ ਨਾਲ ਮਿਲਕੇ ਕੰਮ ਕਰਨ ਦੀ ਗੱਲ ਕਰ ਰਹੇ ਹਨ।
ਟਰੂਡੋ ਦੀ ਇਹ ਟਿੱਪਣੀ ਉਸ ਵਾਰਤਾਲਾਪ ਤੋਂ ਬਾਅਦ ਆਈ, ਜਿਸ ਵਿੱਚ ਅਮਰੀਕਾ ਨੇ ਯੂਕਰੇਨ ਲਈ ਸਾਰੇ ਫੌਜੀ ਸਹਾਇਤਾ ਪੈਕੇਜ ‘ਤੇ ਰੋਕ ਲਾ ਦਿੱਤੀ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਦੀ ਔਵਲ ਦਫ਼ਤਰ ‘ਚ ਹੋਈ ਮੁਲਾਕਾਤ ਤੋਂ ਬਾਅਦ ਆਇਆ। ਮੁਲਾਕਾਤ ਦੌਰਾਨ, ਟਰੰਪ ਨੇ ਜ਼ੇਲੈਂਸਕੀ ਨੂੰ ਆਖਿਆ ਕਿ ਉਹ ਰੂਸ ਨਾਲ ਸ਼ਾਂਤੀ ਬਰਕਰਾਰ ਕਰੇ, ਨਹੀਂ ਤਾਂ ਅਮਰੀਕਾ ਆਪਣੀ ਮਦਦ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਟਰੰਪ ਨਾਲ ਹੋਈ ਮੁਲਾਕਾਤ ‘ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਸ਼ੋਸ਼ਲ ਮੀਡੀਆ ‘ਤੇ ਲਿਖਿਆ: “ਇਹ ਮੁਲਾਕਾਤ ਜਿਵੇਂ ਹੋਣੀ ਚਾਹੀਦੀ ਸੀ, ਉਵੇਂ ਨਹੀਂ ਹੋਈ। ਇਹ ਦੁਖਦਾਈ ਹੈ, ਪਰ ਹੁਣ ਗਲਤੀਆਂ ਠੀਕ ਕਰਨੀ ਚਾਹੀਦੀਆਂ ਹਨ। ਅਸੀਂ ਸੰਵਾਦ ਨੂੰ ਰਚਨਾਤਮਕ ਰੂਪ ਵਿੱਚ ਅੱਗੇ ਵਧਾਉਣਾ ਚਾਹੁੰਦੇ ਹਾਂ।”
ਉਨ੍ਹਾਂ ਨੇ ਅੱਗੇ ਕਿਹਾ ਕਿ “ਯੂਕਰੇਨ ਸ਼ਾਂਤੀ ਲਈ ਵਚਨਬੱਧ ਹੈ ਅਤੇ ਅਸੀਂ ਯੁੱਧ ਨੂੰ ਹਮੇਸ਼ਾ ਲਈ ਖ਼ਤਮ ਕਰਨਾ ਚਾਹੁੰਦੇ ਹਾਂ।” ਅਮਰੀਕਾ ਵਲੋਂ ਮਦਦ ਰੋਕਣ ਦੇ ਬਾਵਜੂਦ, ਯੂਕਰੇਨ ਨੇ ਭਰੋਸਾ ਜਤਾਇਆ ਕਿ ਉਹ ਆਪਣੀ ਜੰਗ ਲੜ ਸਕਦੇ ਹਨ। ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨੀਸ ਸ਼ਮਾਈਹਾਲ ਨੇ ਕਿਹਾ: “ਸਾਡੇ ਕੋਲ ਆਪਣੇ ਸੈਨਿਕਾਂ ਨੂੰ ਲੋੜੀਂਦੇ ਸਾਧਨ ਉਪਲਬਧ ਹਨ। ਅਸੀਂ ਫਰੰਟਲਾਈਨ ‘ਤੇ ਡਟੇ ਰਹਾਂਗੇ।”
ਯੂਕਰੇਨ, ਜੋ ਰੂਸ ਦੀ ਤਾਕਤਵਰ ਫੌਜ ਨਾਲ ਲਗਾਤਾਰ ਤਿੰਨ ਸਾਲਾਂ ਤੋਂ ਲੜ ਰਿਹਾ ਹੈ, ਨੂੰ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਸੈਨਿਕ ਮਦਦ ‘ਤੇ ਨਿਰਭਰ ਰਹਿਣਾ ਪਿਆ। ਇੱਕ ਰਿਪੋਰਟ ਮੁਤਾਬਕ, ਅਮਰੀਕਾ ਨੇ ਯੂਕਰੇਨ ਲਈ ਤਿੰਨ ਸਾਲਾਂ ‘ਚ ਕੁੱਲ $175 ਬਿਲੀਅਨ ਦੀ ਮਦਦ ਮਨਜ਼ੂਰ ਕੀਤੀ ਸੀ। ਪਰ ਹੁਣ ਯੂ.ਐਸ. ਵਲੋਂ ਇਹ ਮਦਦ ਰੋਕਣ ਦਾ ਫੈਸਲਾ ਯੂਕਰੇਨ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਯੂਕਰੇਨ ਵਲੋਂ ਰੂਸ ਦੇ ਤਿੰਨ ਸਾਲਾਂ ਦੇ ਹਮਲੇ ਦੇ ਦੌਰਾਨ ਲੱਖਾਂ ਫ਼ੌਜੀਆਂ ਹਲਾਕ ਹੋ ਚੁੱਕੀਆਂ ਹਨ ਅਤੇ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ। This report was written by Simranjit Singh as part of the Local Journalism Initiative.

Related Articles

Latest Articles