3.3 C
Vancouver
Monday, March 10, 2025

ਘਰੇਲੂ ਉਤਪਾਦਾਂ ਦੀ ਖਰੀਦ ਵਧਾਉਣ ਲਈ ਕੀਤੇ ਜਾ ਰਹੇ ਕਈ ਉਪਰਾਲੇ : ਡੇਵਿਡ ਏਬੀ

ਜਲਦ ਹੀ ਬੀ.ਸੀ. ਦੇ ਉਤਪਾਦ ਪੂਰੇ ਕੈਨੇਡਾ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਵੇਚੇ ਜਾ ਸਕਣਗੇ
ਵੈਨਕੂਵਰ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਏਬੀ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਾਏ ਗਏ ਟੈਰਿਫ਼ਾਂ ਦੇ ਮੱਦੇਨਜ਼ਰ, ਬੀ.ਸੀ. ਅਤੇ ਪੂਰੇ ਕੈਨੇਡਾ ਭਰ ਵਿੱਚ ਲੋਕ ਆਪਣੇ ਸਥਾਨਕ ਵਪਾਰਾਂ ਨੂੰ ਸਮਰਥਨ ਦੇਣ ਲਈ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਏਬੀ ਨੇ ਇਹ ਟਿੱਪਣੀ ਵੈਨਕੂਵਰ ਵਿਚ ਸਥਿਤ ਸੇਵ-ਆਨ-ਫੂਡ ਦੇ ਇੱਕ ਆਉਟਲੈਟ ‘ਤੇ ਕੀਤੀ, ਜਿੱਥੇ ਉਨ੍ਹਾਂ ਨੇ ਸਥਾਨਕ ਖੇਤੀਬਾੜੀ ਅਤੇ ਭੋਜਨ ਉਤਪਾਦਨ ਨੂੰ ਵਧਾਵਾ ਦੇਣ ਦੇ ਉਪਰਾਲਿਆਂ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਡੈਲਟਾ, ਬੀ.ਸੀ. ‘ਚ ਸਥਿਤ ਵਿੰਟਸੈੱਟ ਫਾਰਮ ਨੇ ਬੀ.ਸੀ. ਹਾਏਡਰੋ ਨਾਲ ਪਿਛਲੇ ਗਰਮੀਆਂ ਇੱਕ ਸਮਝੌਤੇ ਤਹਿਤ ਆਪਣੀ ਸਥਾਪਨਾ ਵਿੱਚ ਵਾਧਾ ਲਿਆਉਣ ਦਾ ਫੈਸਲਾ ਲਿਆ। ਹੁਣ ਇਹ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਐਡ.ਈ.ਡੀ. ਲਾਈਟ ਵਾਲਾ ਗ੍ਰੀਨਹਾਊਸ ਬਣ ਜਾਵੇਗਾ, ਜੋ ਪੂਰੀ ਤਰ੍ਹਾਂ ਨਵੀਨੀਕਰਣਯੋਗ ਬਿਜਲੀ ਨਾਲ ਚੱਲੇਗਾ। ਏਬੀ ਨੇ ਦੱਸਿਆ ਕਿ ਵਿੰਟਸੈੱਟ ਫਾਰਮ ਨੇ ਹਾਲ ਹੀ ‘ਚ ਸੇਵ-ਆਨ-ਫੂਡ ਨਾਲ ਇੱਕ ਮਹੱਤਵਪੂਰਨ ਸਮਝੌਤਾ ਕੀਤਾ, ਜਿਸ ਕਾਰਨ “ਅਮਰੀਕੀ ਟਮਾਟਰਾਂ ਦੀ ਥਾਂ ਬੀ.ਸੀ. ਦੀ ਉਤਪਾਦਿਤ ਫ਼ਸਲ ਲੈ ਰਹੀ ਹੈ,” ਜਿਸ ਨਾਲ ਸਥਾਨਕ ਉਤਪਾਦਨ ਨੂੰ ਵਧਾਵਾ ਮਿਲ ਰਿਹਾ ਹੈ।
ਸੇਵ-ਆਨ-ਫੂਡ ਦੇ ਜੇਮੀ ਨੈਲਸਨ ਨੇ ਕਿਹਾ, ”ਸਾਡੀਆਂ ਸ਼ੈਲਫ਼ਾਂ ‘ਤੇ 2,000 ਤੋਂ ਵੱਧ ਕੈਨੇਡੀਅਨ ਉਤਪਾਦ ਮੌਜੂਦ ਹਨ, ਜਿਨ੍ਹਾਂ ‘ਤੇ ਕੈਨੇਡਾ ਦੇ ਝੰਡੇ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅਸੀਂ ‘ਲੋਕਲ ਖਰੀਦ’ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ।”
ਏਬੀ ਨੇ ਦੱਸਿਆ ਕਿ ਬੀ.ਸੀ. ਸਰਕਾਰ ਵਲੋਂ ਲੋਕਾਂ ਨੂੰ ਸਥਾਨਕ ਉਤਪਾਦ ਖਰੀਦਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਵੈੱਬਸਾਈਟ ਸ਼ੁਰੂ ਕੀਤੀ ਗਈ ਹੈ, ਜਿਸ ‘ਤੇ ਨਵੇਂ ਤਰੀਕਿਆਂ ਅਤੇ ਟੈਰਿਫ਼ਾਂ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ, “ਟਰੰਪ ਬਾਰੇ ਇੱਕੋ ਇਕ ਪੱਕੀ ਗੱਲ ਇਹ ਹੈ ਕਿ ਉਹ ਅਣਮਿਥੇ ਹਨ। ਇਸ ਕਾਰਨ, ਅਸੀਂ ਆਪਣੇ ਵਪਾਰਾਂ ਅਤੇ ਉਪਭੋਗਤਾਵਾਂ ਦੀ ਰਾਖੀ ਲਈ ਅਮਰੀਕਾ ‘ਤੇ ਨਿਰਭਰਤਾ ਘੱਟ ਰਹਿਣ ਦੇ ਉਪਰਾਲੇ ਕਰ ਰਹੇ ਹਾਂ।” ਇੱਕ ਸਵਾਲ ਦੇ ਜਵਾਬ ‘ਚ ਏਬੀ ਨੇ ਦੱਸਿਆ ਕਿ ਬੀ.ਸੀ. ਦੀ ਆਰਥਿਕ ਵਿਕਾਸ ਮੰਤਰੀ ਡਾਇਨਾ ਗਿਬਸਨ ਇਸ ਵਕਤ ਕੈਨੇਡਾ ਭਰ ਦੇ ਆਪਣੇ ਸਮਕਾਲੀ ਮੰਤਰੀਆਂ ਨਾਲ ਮਿਲਕੇ ਇੱਕ ”ਸਮਝੌਤੇ” ‘ਤੇ ਕੰਮ ਕਰ ਰਹੀ ਹੈ।
ਇਸ ਸਮਝੌਤੇ ਤਹਿਤ, ਜੇਕਰ ਕਿਸੇ ਕੈਨੇਡਾ ਦੇ ਖੇਤਰ ‘ਚ ਕੋਈ ਉਤਪਾਦ ਵਿਕਰੀ ਲਈ ਮਨਜ਼ੂਰ ਹੋ ਜਾਂਦਾ ਹੈ, ਤਾਂ ਉਹ ਹੋਰ ਪ੍ਰਾਂਤਾਂ ਵਿੱਚ ਵੀ ਆਸਾਨੀ ਨਾਲ ਵਿਕ ਸਕੇਗਾ। “ਅਸੀਂ ਚਾਹੁੰਦੇ ਹਾਂ ਕਿ ਬੀ.ਸੀ. ਦੇ ਉਤਪਾਦ ਕੇਵਲ ਪ੍ਰਾਂਤ ਅੰਦਰ ਹੀ ਨਹੀਂ, ਬਲਕਿ ਪੂਰੇ ਕੈਨੇਡਾ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਵੇਚੇ ਜਾ ਸਕਣਗੇ।
ਉਨ੍ਹਾਂ ਕਿਹਾ “ਇਸ ਢੰਗ ਨਾਲ, ਅਸੀਂ ਬੀ.ਸੀ. ਦੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹਾਂ, ਵਪਾਰਾਂ ਨੂੰ ਸ਼ਕਤੀਸ਼ਾਲੀ ਬਣਾ ਸਕਦੇ ਹਾਂ, ਅਤੇ ਆਪਣੇ ਉਪਭੋਗਤਾਵਾਂ ਨੂੰ ਅਮਰੀਕਾ ‘ਚ ਆਉਣ ਵਾਲੀਆਂ ਕਿਸੇ ਵੀ ਅਣਜਾਣੇ ਹਾਲਾਤਾਂ ਤੋਂ ਬਚਾ ਸਕਦੇ ਹਾਂ।” This report was written by Simranjit Singh as part of the Local Journalism Initiative.

Related Articles

Latest Articles