8 C
Vancouver
Monday, March 10, 2025

ਕਿਊਬੈਕ ਵਲੋਂ ਸਥਾਨਕ ਕੰਪਨੀਆਂ ਨੂੰ 50 ਮਿਲੀਅਨ ਡਾਲਰ ਤੱਕ ਦੇ ਕਰਜ਼ੇ ਦੇਣ ਦਾ ਐਲਾਨ

ਕਿਊਬੈਕ : ਕਿਊਬੈਕ ਸੂਬੇ ਦੇ ਪ੍ਰੀਮੀਅਰ ਫ੍ਰਾਂਸਵਾ ਲੇਗੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਟੈਰਿਫਾਂ ਦੇ ਖਿਲਾਫ਼ ਵੱਡੇ ਐਲਾਨ ਕੀਤੇ ਹਨ। ਟਰੰਪ ਨੇ ਕੈਨੇਡਾ ਦੇ ਸਮਾਨਾਂ ‘ਤੇ 25 ਫੀਸਦੀ ਅਤੇ ਊਰਜਾ ਨਿਰਯਾਤ ‘ਤੇ 10 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਜਵਾਬ ਵਿੱਚ, ਲੇਗੋ ਨੇ ਕਿਹਾ ਕਿ ਕਿਊਬੈਕ ਦੀਆਂ ਕੰਪਨੀਆਂ, ਜੋ ਇਨ੍ਹਾਂ ਟੈਰਿਫਾਂ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ, ਹੁਣ ਸਰਕਾਰ ਤੋਂ 50 ਮਿਲੀਅਨ ਡਾਲਰ ਤੱਕ ਦੇ ਕਰਜ਼ੇ ਲੈ ਸਕਦੀਆਂ ਹਨ। ਇਹ ਕਰਜ਼ੇ 7 ਸਾਲਾਂ ਦੀ ਮਿਆਦ ਨਾਲ ਦਿੱਤੇ ਜਾਣਗੇ ਅਤੇ ਕੰਪਨੀਆਂ ਨੂੰ ਵਾਪਸੀ ਸ਼ੁਰੂ ਕਰਨ ਲਈ 24 ਮਹੀਨਿਆਂ ਤੱਕ ਦੀ ਛੋਟ ਮਿਲੇਗੀ।
ਲੇਗੋ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਫੰਡ ਸ਼ੁਰੂ ਕਰੇਗੀ, ਜੋ ਪ੍ਰਭਾਵਿਤ ਕਾਰੋਬਾਰਾਂ ਨੂੰ ਮਦਦ ਦੇਵੇਗੀ। ਉਨ੍ਹਾਂ ਨੇ ਕੰਪਨੀਆਂ ਨੂੰ ਇਨਵੈਸਟਮੈਂਟ ਕਿਊਬੈਕ, ਸੂਬੇ ਦੀ ਨਿਵੇਸ਼ ਸੰਸਥਾ, ਨਾਲ ਸੰਪਰਕ ਕਰਕੇ ਫੰਡਿੰਗ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ। ਪ੍ਰੀਮੀਅ੍ਰ ਫ੍ਰਾਂਸਵਾ ਨੇ ਕਿਹਾ ਕਿ “ਇਹ ਇੱਕ ਗੈਰ-ਵਾਜਬ ਹਮਲਾ ਹੈ, ਜੋ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਏਗਾ, ਪਰ ਇਸ ਨਾਲ ਅਮਰੀਕੀਆਂ ਨੂੰ ਵੀ ਤਕਲੀਫ ਹੋਵੇਗੀ, ਸਾਨੂੰ ਸ਼ਾਂਤ ਰਹਿਣ ਦੀ ਲੋੜ ਹੈ, ਪਰ ਅਸੀਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਡੋਨਾਲਡ ਟਰੰਪ ਤੋਂ ਡਰਨ ਵਾਲੇ ਨਹੀਂ ਹਾਂ।”
ਪ੍ਰੀਮੀਅਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ 25 ਫੀਸਦੀ ਟੈਰਿਫ ਜਾਰੀ ਰਿਹਾ ਤਾਂ ਕਿਊਬੈਕ ਵਿੱਚ 1,60,000 ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਕਈ ਵੱਡੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਲੇਗੋ ਨੇ ਕਿਹਾ ਕਿ ਸੂਬੇ ਕੋਲ ਹਾਈਡਰੋ-ਕਿਊਬੈਕ ਵਰਗੇ ਸਾਧਨ ਹਨ, ਜੋ ਇਸ ਸੰਕਟ ਨੂੰ ਸੰਭਾਲਣ ਵਿੱਚ ਮਦਦ ਕਰ ਸਕਦੇ ਹਨ। “ਭਾਵੇਂ ਸ਼ੁਰੂ ਵਿੱਚ ਮੁਸ਼ਕਲ ਹੋਵੇਗੀ, ਪਰ ਮੈਨੂੰ ਲੱਗਦਾ ਹੈ ਕਿ ਇੱਕ-ਦੋ ਸਾਲਾਂ ਵਿੱਚ ਸਾਡੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਅਮਰੀਕਾ ‘ਤੇ ਘੱਟ ਨਿਰਭਰ ਹੋਵੇਗੀ। ਸਾਡੀ ਨਵੀਂ ਆਰਥਿਕਤਾ ਹੋਰ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗੀ।
ਇਸ ਤੋਂ ਪਹਿਲਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਔਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੂੰ “ਡੋਨਾਲਡ” ਕਹਿ ਕੇ ਸੰਬੋਧਨ ਕੀਤਾ ਅਤੇ ਟੈਰਿਫਾਂ ਨੂੰ “ਮੂਰਖਤਾਪੂਰਨ ਫੈਸਲਾ” ਦੱਸਿਆ। ਉਨ੍ਹਾਂ ਨੇ ਕੈਨੇਡੀਅਨਾਂ ਨੂੰ ਆਉਣ ਵਾਲੇ ਮੁਸ਼ਕਲ ਸਮੇਂ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿੱਤੀ।
ਕਿਊਬੈਕ ਨੇ ਵੀ ਆਪਣੇ ਜਵਾਬੀ ਕਦਮ ਸਖ਼ਤ ਕੀਤੇ। ਸੂਬੇ ਦੀ ਸਰਕਾਰ ਨੇ ਐਸਏਕਿਊ ਸਟੋਰਾਂ ਤੋਂ ਅਮਰੀਕੀ ਅਲਕੋਹਲ ਹਟਾਉਣ ਦਾ ਐਲਾਨ ਕੀਤਾ, ਜੋ ਸੂਬਾਈ ਸ਼ਰਾਬ ਮੋਨੋਪੋਲੀ ਦੁਆਰਾ ਚਲਾਏ ਜਾਂਦੇ ਹਨ। ਲੇਗੋ ਨੇ ਕਿਊਬੈਕ ਦੇ ਲੋਕਾਂ ਨੂੰ ਅਪੀਲ ਕੀਤੀ, “ਹੁਣ ਸਥਾਨਕ ਉਤਪਾਦ ਖਰੀਦੋ।” ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਅਮਰੀਕੀ ਕੰਪਨੀਆਂ ‘ਤੇ 25 ਫੀਸਦੀ ਤੱਕ ਜੁਰਮਾਨੇ ਲਗਾਉਣ ਦਾ ਫੈਸਲਾ ਕੀਤਾ, ਜੋ ਸਰਕਾਰੀ ਠੇਕਿਆਂ ਲਈ ਬੋਲੀ ਲਾਉਣਗੀਆਂ, ਬਸ਼ਰਤੇ ਉਹ ਕਿਊਬੈਕ ਵਿੱਚ ਪਹਿਲਾਂ ਤੋਂ ਸਥਾਪਿਤ ਨਾ ਹੋਣ।
ਹਾਲਾਂਕਿ ਟਰੰਪ ਨੇ ਜ਼ਿਆਦਾਤਰ ਸਮਾਨਾਂ ‘ਤੇ 25 ਫੀਸਦੀ ਟੈਰਿਫ ਲਗਾਈ ਹੈ, ਪਰ ਕਿਊਬੈਕ ਦੇ ਅਲਮੀਨੀਅਮ ਉਦਯੋਗ ‘ਤੇ ਸਿਰਫ 10 ਫੀਸਦੀ ਟੈਰਿਫ ਲੱਗੇਗੀ, ਜੋ ਊਰਜਾ ਅਤੇ ਅਹਿਮ ਖਣਿਜਾਂ ‘ਤੇ ਲਾਗੂ ਹੈ। ਫਿਰ ਵੀ, ਅਲਮੀਨੀਅਮ ਉਤਪਾਦਕ ਅਲੂਬਾਰ ਨੇ ਬੇਕਾਂਕੋਰ ਸਥਿਤ ਆਪਣੀ ਫੈਕਟਰੀ ਦੇ ਕੰਮ ਰੋਕਣ ਦਾ ਐਲਾਨ ਕਰ ਦਿੱਤਾ। ਕਿਊਬੈਕ ਅਮਰੀਕਾ ਨੂੰ ਅਲਮੀਨੀਅਮ ਦਾ ਸਭ ਤੋਂ ਵੱਡਾ ਸਪਲਾਇਰ ਹੈ, ਜੋ ਅਮਰੀਕਾ ਵਿੱਚ ਵਰਤੇ ਜਾਣ ਵਾਲੇ 60 ਫੀਸਦੀ ਅਤੇ ਕੈਨੇਡਾ ਵਿੱਚ ਪੈਦਾ ਹੋਣ ਵਾਲੇ 90 ਫੀਸਦੀ ਅਲਮੀਨੀਅਮ ਦੀ ਸਪਲਾਈ ਕਰਦਾ ਹੈ।

Related Articles

Latest Articles