ਵਿਕਟੋਰਿਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਆਈ ਸਾਮਾਨ ‘ਤੇ 25% ਟੈਰਿਫ਼ ਲਗਾਉਣ ਦੇ ਫੈਸਲੇ ‘ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਤਿੱਖੀ ਪ੍ਰਤੀਕ੍ਰਿਰਿਆ ਦਿੱਤੀ ਹੈ। ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਸੂਬਾ ਤੁਰੰਤ ਅਮਰੀਕਾ ਦੇ ਰਿਪਬਲਿਕਨ ਸੂਬਿਆਂ ਦੀ ਸ਼ਰਾਬ ਸਰਕਾਰੀ ਸਟੋਰਾਂ ਤੋਂ ਹਟਾ ਰਹੀ ਹੈ।
ਉਹਨਾਂ ਕਿਹਾ ਕਿ ਬੀ.ਸੀ. ਅਤੇ ਕੈਨੇਡਾ ਵਿੱਚ ਬਣੇ ਉਤਪਾਦਾਂ ਨੂੰ ਇਨਫਰਾਸਟਰਕਚਰ ਪ੍ਰੋਜੈਕਟਾਂ ‘ਚ ਪਹਿਲ ਦਿੱਤੀ ਜਾਵੇਗੀ ਅਤੇ ਟੈਰਿਫ਼ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਉਦਯੋਗਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।
ਡੇਵਿਡ ਈਬੀ ਨੇ ਕਿਹਾ ਕਿ ”ਅਸੀਂ ਸੰਯੁਕਤ ਰਾਜ ਅਮਰੀਕਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਜੋ ਕੁਝ ਕਰ ਰਹੇ ਹਨ, ਉਸ ਦਾ ਉਨ੍ਹਾਂ ਨੂੰ ਦੁਖ਼ਦਾਈ ਨਤੀਜਾ ਭੁਗਤਣਾ ਪਵੇਗਾ,”
ਉਨ੍ਹਾਂ ਕਿਹਾ, ”ਅਸੀਂ ਉਨ੍ਹਾਂ ਨੂੰ ਵਾਪਸ ਉਹੀ ਪੀੜ੍ਹ ਦੇਵਾਂਗੇ ਜਿਸ ਨਾਲ ਉਹ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ।”
ਕੈਨੇਡਾ ਨੇ ਵੀ ਅਮਰੀਕੀ ਉਤਪਾਦਾਂ ‘ਤੇ 25% ਪ੍ਰਤੀਸ਼ਤ ਟੈਰਿਫ਼ ਲਗਾਉਣ ਦੀ ਐਲਾਨ ਕਰ ਦਿੱਤਾ ਹੈ। ਪਰ ਇਸ ਨਾਲ ਕੈਨੇਡਾ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੱਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪੀਨਟ ਬਟਰ, ਕੌਫੀ ਅਤੇ ਸੰਤਰੇ ਦਾ ਜੂਸ ਵਰਗੀਆਂ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਤੁਰੰਤ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ।
ਬੀ.ਸੀ. ਦੀ ਸੈਲਮਨ ਫਾਰਮਿੰਗ ਇੰਡਸਟਰੀ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਵਿੱਚ ਪੈਦਾ ਹੋਣ ਵਾਲਾ ਵਧੀਆ ਕੁਆਲਟੀ ਵਾਲਾ ਮੱਛੀ ਮਾਸ ਅਕਸਰ ਅਮਰੀਕਾ ਨਿਰਯਾਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ, ”ਟੈਰਿਫ਼ ਕਾਰਨ ਅਮਰੀਕੀ ਬਾਜ਼ਾਰ ਵਿੱਚ ਮੰਗ 40% ਤਕ ਘੱਟ ਸਕਦੀ ਹੈ, ਜਿਸ ਨਾਲ ਲਗਭਗ 1,200 ਨੌਕਰੀਆਂ ਖਤਰੇ ਵਿੱਚ ਪੈ ਜਾਣਗੀਆਂ।”
ਮੁੱਖ ਮੰਤਰੀ ਡੇਵਿਡ ਈਬੀ ਨੇ ਸੂਬੇ ਦੇ ਲੋਕਾਂ ਨੂੰ ਇੱਕ-ਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ‘ਮੇਡ ਇਨ ਕੈਨੇਡਾ’ ਉਤਪਾਦ ਖਰੀਦਣ ਅਤੇ ਸਥਾਨਕ ਉਦਯੋਗਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ”ਜੇਕਰ ਕਿਸੇ ਕੋਲ ਯਾਤਰਾ ਕਰਨ ਦੀ ਯੋਜਨਾ ਹੈ, ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਛੁੱਟੀਆਂ ਲਈ ਅਮਰੀਕਾ ਜਾਣ ਦੀ ਬਜਾਏ, ਇਹੀ ਪੈਸਾ ਕੈਨੇਡਾ ਵਿੱਚ ਹੀ ਖਰਚਣ।”