ਜਥੇਦਾਰ ਗੜਗੱਜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੂੰ ਸਿਰੌਪਾ ਦੇਕੇ ਬਾਦਲ ਦਲ ਨੂੰ ਦਿੱਤੀ ਮਾਨਤਾ
ਅਕਾਲੀ ਧੜਿਆਂ ਵਿਚ ਮੁੜ ਟਕਰਾਅ ਹੋਣ ਦੀ ਸੰਭਾਵਨਾ
ਖਾਸ ਰਿਪੋਰਟ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਵਜੋਂ ਮੁੜ ਚੋਣ ਕਰਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਸਿਰੋਪਾ ਦਿੱਤੇ ਜਾਣ ਤੋਂ ਬਾਅਦ ਸਿਆਸੀ ਤੇ ਪੰਥਕ ਹਲਕਿਆਂ ਵਿਚ ਬਹਿਸ ਛਿੜ ਗਈ ਹੈ ਕਿ ਕੀ ਦੋ ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਕਮੇਟੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ?
ਪਰ ਹੁਣ ਸੁਖਬੀਰ ਸਿੰਘ ਬਾਦਲ ਕਾਰਜਕਾਰੀ ਜਥੇਦਾਰ ਤੋਂ ਸਨਮਾਨਿਤ ਹੋਣ ਬਾਅਦ ਧਾਰਮਿਕ ਤੇ ਸਿਆਸੀ ਤੌਰ ‘ਤੇ ਕਾਫ਼ੀ ਹੱਦ ਤੱਕ ਆਪਣੇ ਆਪ ਨੂੰ ਸੁਰਖਰੂ ਹੋਇਆ ਸਮਝ ਰਹੇ ਹਨ ।ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੀ ਉਪ ਚੋਣ ਲਈ ਸ਼ੋਮਣੀ ਅਕਾਲੀ ਦਲ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਲਈ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਣ ਦੇ ਦਾਅਵੇਦਾਰਾਂ ਵੱਲੋਂ ਲਗਾਤਾਰ ਪਾਰਟੀ ਦੀ ਹਾਈਕਮਾਨ ਤੇ ਉਮੀਦਵਾਰ ਦੇ ਐਲਾਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ, ਉਸ ਨੂੰ ਦੇਖਦੇ ਹੋਏ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਪੁੱਜੇ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਗੁਪਤ ਮੀਟਿੰਗ ਕਰਨ ਤੋਂ ਬਾਅਦ ਟਿਕਟ ਦੇ ਦਾਅਵੇਦਾਰਾਂ ਤੋਂ ਵੀ ਉਨ੍ਹਾਂ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਲਈ। ਇਸ ਤੋਂ ਇਲਾਵਾ ਹਲਕੇ ਦੇ ਹਾਲਾਤਾਂ ਨੂੰ ਜਾਣਨ ਲਈ ਬਾਦਲ ਨੇ ਬੀਤੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੇ ਹਲਕੇ ਅਧੀਨ ਆਉਂਦੇ ਵਾਰਡਾਂ ਤੋਂ ਉਮੀਦਵਾਰ ਰਹੇ ਨੇਤਾਵਾਂ ਤੋਂ ਵੀ ਜ਼ਮੀਨੀ ਹਾਲਾਤ ਜਾਣੇ। ਇਸ ਦੌਰਾਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੇ ਸਮੂਹ ਨੇਤਾਵਾਂ ਤੋਂ ਵਿਧਾਨ ਸਭਾ ਹਲਕਾ ਪੱਛਮੀ ਦੀ ਉਪ ਚੋਣ ਵਿੱਚ ਉਮੀਦਵਾਰ ਸਬੰਧੀ ਉਨ੍ਹਾਂ ਦੀ ਰਾਏ ਜਾਣੀ। ਸੂਤਰਾਂ ਦੀ ਮੰਨੀਏ ਤਾਂ ਵਿਧਾਨ ਸਭਾ ਹਲਕਾ ਪੱਛਮੀ ਤੋਂ ਅਕਾਲੀਦਲ ਦੀ ਟਿਕਟ ਤੇ ਚੋਣ ਲੜਣ ਵਾਲੇ ਨੇਤਾਵਾਂ ਵਿੱਚ ਕਾਫ਼ੀ ਉਤਸ਼ਾਹ ਹੈ, ਜਿਨ੍ਹਾਂ ਵੱਲੋਂ ਪਾਰਟੀ ਵੱਲੋਂ ਇਸ ਚੋਣ ਨੂੰ ਲੜਣ ਦੇ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸਣਾ ਬਣਦਾ ਹੈ ਕਿ ਲੁਧਿਆਣਾ ਪੁੱਜੇ ਸੁਖਬੀਰ ਬਾਦਲ ਨੇ ਪਾਰਟੀ ਦੇ ਨੇਤਾਵਾਂ ਨੂੰ ਉਪ ਚੋਣ ਨੂੰ ਲੜਣ ਲਈ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿਕਾਸ ਲਈ ਕੀਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹਲਕੇ ਅਧੀਨ ਆਉਂਦੇ ਸਾਰੇ ਇਲਾਕਿਆਂ ਦੇ ਇਕੱਲੇ ਇਕੱਲੇ ਘਰ ਤੱਕ ਪਾਰਟੀ ਦੀਆਂ ਨੀਤੀਆਂ ਨੂੰ ਸਹੀ ਤਰੀਕੇ ਨਾਲ ਪਹੁੰਚਾਵਾਂਗੇ ਤਾਂ ਹੀ ਨਤੀਜੇ ਸ਼ੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਉਣਗੇ। ਸੂਤਰਾਂ ਦੀ ਮੰਨੀਏ ਤਾਂ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਲੁਧਿਆਣਾ ਦੇ ਨੇਤਾਵਾਂ ਨੂੰ ਜਲਦ ਉਮੀਦਵਾਰ ਦਾ ਐਲਾਨ ਕਰਨ ਦਾ ਭਰੋਸਾ ਦਿੱਤਾ ਹੈ ਪਰ ਇਸ ਦੌਰਾਨ ਉਨ੍ਹਾਂ ਸਮੂਹ ਵਰਕਰਾਂ ਨੂੰ ਤੱਕੜੇ ਹੋ ਕੇ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦੀ ਡਿਊਟੀ ਲਗਾ ਦਿੱਤੀ ਹੈ।
ਦੂਜੇ ਪਾਸੇ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਅਕਾਲ ਤਖ਼ਤ ਤੋਂ ਬਣਾਈ ਗਈ ਕਮੇਟੀ ਵਿੱਚ ਇਸ ਵੇਲੇ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ ਅਤੇ ਸਤਵੰਤ ਕੌਰ ਦੇ ਰੂਪ ਵਿੱਚ ਪੰਜ ਮੈਂਬਰ ਸ਼ਾਮਲ ਹਨ। ਕਮੇਟੀ ਨੇ 18 ਮਾਰਚ ਨੂੰ ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਾਸਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਬਾਰੇ ਜਥੇਦਾਰ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਰਤੀ ਕਮੇਟੀ, ਜੋ ਅਕਾਲ ਤਖ਼ਤ ਤੋਂ ਬਣਾਈ ਗਈ ਸੀ, ਵੱਲੋਂ ਭਰਤੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 10 ਅਪਰੈਲ ਤੱਕ 15 ਲੱਖ ਤੋਂ ਵੱਧ ਮੈਂਬਰ ਰਜਿਸਟਰ ਕੀਤੇ ਜਾ ਚੁੱਕੇ ਹਨ ਅਤੇ ਲਗਪਗ 7 ਲੱਖ ਹੋਰ ਮੈਂਬਰਸ਼ਿਪ ਪਰਫਾਰਮਿਆਂ ਦੀ ਮੰਗ ਆ ਚੁੱਕੀ ਹੈ।ਭਰਤੀ ਕਮੇਟੀ ਨੇ ਸੰਭਾਵਨਾ ਪ੍ਰਗਟਾਈ ਕਿ ਇਹ ਮੁਹਿੰਮ ਜੂਨ ਮਹੀਨੇ ਤੱਕ ਮੁਕੰਮਲ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਅਕਾਲ ਤਖ਼ਤ ਤੋਂ ਅਗਲੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਭਰਤੀ ਕਮੇਟੀ ਦੇ ਇਕ ਹੋਰ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕਮੇਟੀ ਵਲੋਂ ਪਾਰਦਰਸ਼ੀ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਉਪਰੰਤ ਨਵੇਂ ਡੈਲੀਗੇਟ ਚੁਣ ਕੇ ਪੰਥ ਪ੍ਰਵਾਨਿਤ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਬੇਨਤੀ ਕਰਨ ਉਪਰੰਤ ਕੌਮ ਤੇ ਪੰਥ ਦੇ ਹਵਾਲੇ ਕੀਤੀ ਜਾਵੇਗੀ ਙ ਇਸ ਦੇ ਨਾਲ ਹੀ ਇਯਾਲੀ ਨੇ ਸਪੱਸ਼ਟ ਕੀਤਾ ਕਿ ਇੱਕ ਧੜਾ ਵਾਰ ਵਾਰ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁਮਰਾਹ ਕਰ ਰਿਹਾ ਹੈ, ਜਦੋਂ ਕਿ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ । ਇਯਾਲੀ ਨੇ ਮੁੜ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ । ਇਸ ਦੇ ਨਾਲ ਹੀ ਇਯਾਲੀ ਨੇ ਮੁੜ ਦੁਹਰਾਇਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ ਙ ਇਯਾਲੀ ਨੇ ਸੰਤੁਸ਼ਟੀ ਜਾਹਰ ਕੀਤੀ ਕਿ 10 ਅਪ੍ਰੈਲ ਸ਼ਾਮ ਤੱਕ 15 ਲੱਖ 64 ਹਜ਼ਾਰ ਦੀ ਮੈਂਬਰਸ਼ਿਪ ਕੀਤੀ ਜਾ ਚੁੱਕੀ ਹੈ ਅਤੇ 7 ਲੱਖ ਦੇ ਕਰੀਬ ਮੰਗ ਹੈ।ਇਸ ਦੌਰਾਨ ਕੁੱਝ ਆਗੂਆਂ ਨੇ ਕਿਹਾ ਕਿ ਬਾਦਲ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪੰਥ ਪ੍ਰਵਾਨਿਤ ਅਜਿਹੀ ਵੱਡੀ ਜਥੇਬੰਦੀ ਦੀ ਲੋੜ ਹੈ, ਜਿਸ ਮੰਚ ‘ਤੇ ਸਮੁੱਚਾ ਸਿੱਖ ਜਗਤ ਇਕੱਠਾ ਹੋਵੇ। ਸ਼੍ਰੋਮਣੀ ਅਕਾਲੀ ਦਲ ਨੇ ਲਗਪਗ 27 ਲੱਖ 68 ਹਜ਼ਾਰ ਮੈਂਬਰਾਂ ਦੀ ਭਰਤੀ ਕਰਨ ਦਾ ਦਾਅਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਤਤਕਾਲੀ ਪੰਜ ਸਿੰਘ ਸਾਹਿਬਾਨ ਨੇ ਵੱਖ ਹੋਏ ਧੜੇ ਨੂੰ ਅਲੱਗ ਚੁੱਲਾ ਸਮੇਟ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਕਾਰਜ ਕਰਨ ਦਾ ਆਦੇਸ਼ ਜਾਰੀ ਕਰਨ ਦੇ ਨਾਲ ਨਾਲ ਦੋਵੇਂ ਧਿਰਾਂ ਨੂੰ ਇਕੱਠੇ ਹੋ ਕੇ ਚੱਲਣ ਦਾ ਵੀ ਆਦੇਸ਼ ਜਾਰੀ ਕੀਤਾ ਸੀ, ਪਰ ਇਸ ਆਦੇਸ਼ ਦਾ ਪੂਰੀ ਤਰ੍ਹਾਂ ਪਾਲਣ ਕਰਨ ਵਿਚ ਦੋਵਾਂ ਧਿਰਾਂ ਵਿਚ ਕੋਈ ਸਹਿਮਤੀ ਬਣਦੀ ਫ਼ਿਲਹਾਲ ਨਜ਼ਰ ਨਹੀਂ ਆ ਰਹੀ ਙ ਦੂਜੇ ਪਾਸੇ ਸ਼ੋਮਣੀ ਅਕਾਲੀ ਦਲ (ਭਰਤੀ ਕਮੇਟੀ) ਵਲੋਂ ਵੀ ਆਉਂਦੇ ਸਮੇਂ ਵਿਚ ਵੱਖਰੇ ਅਕਾਲੀ ਦਲ ਦੀ ਚੋਣ ਕਰਨ ਦੀ ਸੂਰਤ ਵਿਚ ਉਸ ਨਵੇਂ ਦਲ ਪ੍ਰਤੀ ਕਾਰਜਕਾਰੀ ਜਥੇਦਾਰ ਦਾ ਪ੍ਰਤੀਕਰਮ ਕੀ ਹੋਵੇਗਾ? ਇਸ ਦੀਆਂ ਕਿਆਸਰਾਈਆਂ ਵੀ ਪੰਥਕ ਹਲਕਿਆਂ ਵਲੋਂ ਲਗਾਈਆਂ ਜਾ ਰਹੀਆਂ ਹਨ । ਮੌਜੂਦਾ ਪੰਥਕ ਹਾਲਾਤ ਅਨੁਸਾਰ ਤਾਂ ਪੰਥਕ ਏਕਤਾ ਦੀ ਥਾਂ ਦੋਵਾਂ ਅਕਾਲੀ ਧੜਿਆਂ ਵਿਚ ਫ਼ਿਲਹਾਲ ਮੁੜ ਟਕਰਾਅ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।