2017 ਤੋਂ ਕਰ ਰਹੇ ਸਨ ਐਨ.ਡੀ.ਪੀ. ਦੀ ਅਗਵਾਈ
ਵੈਨਕੂਵਰ (ਪਰਮਜੀਤ ਸਿੰਘ): ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੇ ਲੀਡਰ ਜਗਮੀਤ ਸਿੰਘ ਨੇ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਅਗਵਾਈ ਛੱਡਣ ਦਾ ਐਲਾਨ ਕਰ ਦਿੱਤਾ। ਬਰਨਾਬੀ ਸੈਂਟਰਲ ਤੋਂ ਖੜੇ ਹੋਏ ਜਗਮੀਤ ਸਿੰਘ ਨੂੰ ਤੀਸਰੇ ਸਥਾਨ ‘ਤੇ ਰਹਿ ਕਿ ਸਬਰ ਦਾ ਘੁੱਟ ਭਰਨਾ ਪਿਆ।
ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿਹੁਣ ਉਹ ਪਾਰਟੀ ਦੀ ਅਗਵਾਈ ਛੱਡ ਰਹੇ ਹਨ। ”ਬਰਨਾਬੀ ਦੇ ਵੋਟਰਾਂ ਦੀ ਨੁਮਾਇੰਦਗੀ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡੀ ਮਾਣ ਵਾਲੀ ਗੱਲ ਸੀ”
ਜਗਮੀਤ ਸਿੰਘ 2019 ਤੋਂ ਲੈ ਕੇ 2025 ਤੱਕ ਬਰਨਾਬੀ ਸਾਊਥ ਤੋਂ ਮੈਂਬਰ ਆਫ਼ ਪਾਰਲੀਮੈਂਟ ਰਹੇ ਹਨ ਅਤੇ 2017 ਤੋਂ ਐਨ.ਡੀ.ਪੀ. ਦੇ ਫੈਡਰਲ ਲੀਡਰ ਦੇ ਤੌਰ ‘ਤੇ ਕੰਮ ਕਰ ਰਹੇ ਸਨ।
ਚੋਣ ਅੰਕੜਿਆਂ ਅਨੁਸਾਰ, ਜਦੋਂ 200 ਵਿੱਚੋਂ 197 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੋ ਚੁੱਕੀ ਸੀ, ਜਗਮੀਤ ਸਿੰਘ ਨੇ ਸਿਰਫ 18.1 ਫੀਸਦੀ ਵੋਟਾਂ ਨਾਲ ਤੀਜਾ ਥਾਂ ਹਾਸਲ ਕੀਤਾ।
ਇਹ ਨਤੀਜਾ ਉਹਨਾਂ ਲਈ ਨਿਰਾਸ਼ਾਜਨਕ ਸੀ ਕਿਉਂਕਿ ਉਹ ਇੱਕ ਪੱਕੀ ਸੀਟ ਸਮਝੀ ਜਾਂਦੀ ਬਰਨਾਬੀ ਤੋਂ ਚੋਣ ਲੜ ਰਹੇ ਸਨ।
ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨੂੰ ਪਾਰਟੀ ਦੀ ਘੱਟ ਰਹੀ ਲੌਕਪ੍ਰਿਯਤਾ ਤੇ ਆਪਣੀ ਦੁਬਾਰਾ ਚੋਣ ਜਿੱਤਣ ਦੀ ਸੰਭਾਵਨਾ ਨੂੰ ਲੈ ਕੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਚੋਣਾਂ ਤੋਂ ਪਹਿਲਾਂ ਆਏ ਪੋਲਾਂ ਅਨੁਸਾਰ ਐਨ.ਡੀ.ਪੀ. ਦੇ ਸਮਰਥਨ ਦੀ ਦਰ ਕੇਵਲ 8 ਫੀਸਦੀ ਰਹਿ ਗਈ ਸੀ, ਜਿਸ ਨੂੰ ਕਨੇਡਾ ਭਰ ਵਿੱਚ ਪਾਰਟੀ ਦੇ “ਵੋਟ ਬੈਂਕ ਦੇ ਢਹਿ ਜਾਣ” ਵਜੋਂ ਦਰਸਾਇਆ ਗਿਆ ਸੀ।
ਜਗਮੀਤ ਸਿੰਘ, ਜਿਨ੍ਹਾਂ ਨੇ ਅੱਠ ਸਾਲ ਤੋਂ ਵੱਧ ਸਮੇਂ ਤੱਕ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਂਧਫ) ਦੀ ਅਗਵਾਈ ਕੀਤੀ, ਨੇ 2025 ਦੀਆਂ ਫੈਡਰਲ ਚੋਣਾਂ ਵਿੱਚ ਆਪਣੀ ਸੀਟ ਬਰਨਬੀ ਸੈਂਟਰਲ ਹਾਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 46 ਸਾਲਾ ਜਗਮੀਤ ਸਿੰਘ ਨੇ 2017 ਵਿੱਚ ਫੈਡਰਲ ਐਨ ਡੀ ਪੀ ਦੀ ਕਮਾਨ ਸੰਭਾਲੀ ਸੀ ਅਤੇ ਉਦੋਂ ਤੋਂ ਉਹ ਕਾਮਿਆਂ, ਘੱਟਗਿਣਤੀਆਂ, ਨਸਲੀ ਸਮੂਹਾਂ ਅਤੇ ਦੁਨੀਆਂ ਭਰ ਦੇ ਪੀੜਤ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ। ਉਸ ਦੀ ਅਗਵਾਈ ਵਿੱਚ ਂਧਫ ਨੇ ਕਈ ਮਹੱਤਵਪੂਰਨ ਸਮਾਜਿਕ ਪ੍ਰੋਗਰਾਮਾਂ ਨੂੰ ਅੱਗੇ ਵਧਾਇਆ, ਜਿਨ੍ਹਾਂ ਵਿੱਚ ਮੁਫਤ ਦੰਦਾਂ ਦੀ ਸੰਭਾਲ (ਡੈਂਟਲ ਕੇਅਰ) ਅਤੇ ਫਾਰਮਾਕੇਅਰ ਸ਼ਾਮਲ ਹਨ, ਜਿਸ ਨਾਲ ਅਣਗਿਣਤ ਕੈਨੇਡੀਅਨਾਂ ਦੀ ਜ਼ਿੰਦਗੀ ਸੁਧਰੀ।
ਸਿਆਸੀ ਸਫਰ ਅਤੇ ਪ੍ਰਾਪਤੀਆਂ
ਜਗਮੀਤ ਸਿੰਘ ਦਾ ਜਨਮ ਸਕਾਰਬਰੋ, ਓਂਟਾਰੀਓ ਵਿੱਚ ਸਿੱਖ ਪਰਿਵਾਰ ਵਿੱਚ ਹੋਇਆ। ਉਸ ਨੇ 2011 ਵਿੱਚ ਓਂਟਾਰੀਓ ਦੀ ਵਿਧਾਨ ਸਭਾ ਵਿੱਚ ਬ੍ਰਾਮਲੀਆ-ਗੋਰ-ਮਾਲਟਨ ਤੋਂ ਓਨਟਾਰੀਓ ਸੂਬੇ ਦੀ ਐਨ ਡੀ ਪੀ ਦੇ ਵਿਧਾਇਕ ਵਜੋਂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ, ਜਿੱਥੇ ਉਹ ਪਹਿਲੇ ਦਸਤਰਧਾਰੀ ਸਿੱਖ ਵਿਧਾਇਕ ਬਣੇ। 2017 ਵਿੱਚ ਉਸ ਨੇ ਥਾਮਸ ਮੁਲਕੇਅਰ ਦੀ ਥਾਂ ਐਨ ਡੀ ਪੀ ਦੀ ਅਗਵਾਈ ਸੰਭਾਲੀ ਅਤੇ 2019 ਵਿੱਚ ਬਰਨਬੀ ਸਾਊਥ (ਬਾਅਦ ਵਿੱਚ ਬਰਨਬੀ ਸੈਂਟਰਲ) ਤੋਂ ਸੰਸਦ ਮੈਂਬਰ ਚੁਣਿਆ ਗਿਆ।
ਉਸ ਦੀ ਅਗਵਾਈ ਵਿੱਚ ਐਨ ਡੀ ਪੀ ਨੇ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਕਾਨਫੀਡੈਂਸ ਸਮਝੌਤੇ (2022-2024) ਰਾਹੀਂ ਕਈ ਨੀਤੀਆਂ ਨੂੰ ਅਮਲ ਵਿੱਚ ਲਿਆਂਦਾ। ਇਸ ਸਮਝੌਤੇ ਨੇ ਮੁਫਤ ਦੰਦਾਂ ਦੀ ਸੰਭਾਲ ਅਤੇ ਡਾਇਬਟੀਜ਼ ਦੀਆਂ ਦਵਾਈਆਂ ਅਤੇ ਗਰਭ ਨਿਰੋਧਕ ਸਾਧਨਾਂ ਵਰਗੀਆਂ ਸਹੂਲਤਾਂ ਨੂੰ ਸੰਭਵ ਬਣਾਇਆ। ਜਗਮੀਤ ਸਿੰਘ ਨੇ ਹਮੇਸ਼ਾ ਸਿਹਤ ਸੰਭਾਲ, ਸਸਤੀ ਰਿਹਾਇਸ਼ ਅਤੇ ਆਮਦਨੀ ਸਮਾਨਤਾ ਵਰਗੇ ਮੁੱਦਿਆਂ ‘ਤੇ ਜ਼ੋਰ ਦਿੱਤਾ।
ਵਿਵਾਦ ਅਤੇ ਚੁਣੌਤੀਆਂ
ਜਗਮੀਤ ਸਿੰਘ ਨੂੰ ਆਪਣੇ ਸਿਆਸੀ ਸਫਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਕੈਨੇਡਾ ਦੇ ਸੱਜੇ-ਪੱਖੀ ਸਮੂਹਾਂ ਵੱਲੋਂ ਨਸਲੀ ਟਿੱਪਣੀਆਂ ਅਤੇ ਭਾਰਤ ਦੇ ਕੁਝ ਮੀਡੀਆ ਸਮੂਹਾਂ ਵੱਲੋਂ ਧਾਰਮਿਕ ਨਫਰਤ ਦਾ ਸਾਮ੍ਹਣਾ ਵੀ ਕਰਨਾ ਪਿਆ, ਜਿਨ੍ਹਾਂ ਨੇ ਉਸ ਨੂੰ “ਖਾਲਿਸਤਾਨ ਸਮਰਥਕ” ਵਜੋਂ ਲੇਬਲ ਕੀਤਾ। ਇਹ ਵਿਵਾਦ ਖਾਸ ਤੌਰ ‘ਤੇ ਉਸ ਦੇ 1984 ਦੇ ਸਿੱਖ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਸਪੱਸ਼ਟ ਬਿਆਨਾਂ ਕਾਰਨ ਉਠਿਆ। 2023 ਵਿੱਚ, ਉਸ ਨੂੰ ਆਰ ਸੀ ਐਮ ਪੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਬਾਰੇ ਸੂਚਿਤ ਕੀਤਾ ਗਿਆ, ਜਿਸ ਕਾਰਨ ਉਸ ਨੇ ਅਸਤੀਫੇ ਬਾਰੇ ਵਿਚਾਰ ਵੀ ਕੀਤਾ, ਪਰ ਉਹ ਦੰਦਾਂ ਦੀ ਸੰਭਾਲ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਡਟਿਆ ਰਿਹਾ।
ਜਗਮੀਤ ਸਿੰਘ ਨੇ ਵਿਦੇਸ਼ੀ ਦਖਲਅੰਦਾਜ਼ੀ ਅਤੇ ਭਾਰਤੀ ਟ੍ਰਾਂਸਨੈਸ਼ਨਲ ਦਮਨ ਵਰਗੇ ਮੁੱਦਿਆਂ ‘ਤੇ ਵੀ ਸਪੱਸ਼ਟ ਰੁਖ ਅਪਣਾਇਆ। ਉਸ ਦੀ ਇਹ ਦਲੇਰੀ ਮੁੱਦਿਆਂ ਨਾਲ ਜੁੜੇ ਰਹਿਣ ਕਾਰਨ ਉਸ ਨੂੰ ਕੈਨੇਡੀਅਨਾਂ ਵਿੱਚ ਖਾਸ ਪ੍ਰਸਿੱਧੀ ਮਿਲੀ, ਪਰ ਇਸ ਨੇ ਉਸ ਦੇ ਵਿਰੋਧੀਆਂ ਦੀ ਗਿਣਤੀ ਵੀ ਵਧਾਈ।
2025 ਦੀਆਂ ਚੋਣਾਂ ਅਤੇ ਅਸਤੀਫਾ
2025 ਦੀਆਂ ਫੈਡਰਲ ਚੋਣਾਂ ਐਨ ਡੀ ਪੀ ਅਤੇ ਜਗਮੀਤ ਸਿੰਘ ਲਈ ਔਖੀਆਂ ਸਾਬਤ ਹੋਈਆਂ। ਪਾਰਟੀ ਦੀਆਂ ਸੀਟਾਂ 24 ਤੋਂ ਘਟ ਕੇ 7 ‘ਤੇ ਆ ਗਈਆਂ, ਅਤੇ ਪਾਰਟੀ ਨੂੰ ਸੰਸਦ ਵਿੱਚ ਅਧਿਕਾਰਤ ਪਾਰਟੀ ਦਾ ਦਰਜਾ ਵੀ ਗੁਆਉਣਾ ਪਿਆ। ਜਗਮੀਤ ਸਿੰਘ ਖੁਦ ਆਪਣੀ ਸੀਟ ਬਰਨਬੀ ਸੈਂਟਰਲ ਵਿੱਚ ਤੀਜੇ ਸਥਾਨ ‘ਤੇ ਰਹੇ। 28 ਅਪ੍ਰੈਲ, 2025 ਨੂੰ ਬਰਨਬੀ ਦੇ ਮੈਟਰੋਟਾਊਨ ਹਿਲਟਨ ਵਿੱਚ ਆਪਣੇ ਅੰਤਿਮ ਭਾਸ਼ਣ ਵਿੱਚ, ਉਸ ਨੇ ਅੱਥਰੂਆਂ ਨਾਲ ਆਪਣੇ ਸਮਰਥਕਾਂ, ਪਰਿਵਾਰ ਅਤੇ ਪਾਰਟੀ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਅੰਤਰਿਮ ਆਗੂ ਚੁਣੇ ਜਾਣ ਤੱਕ ਅਹੁਦੇ ‘ਤੇ ਰਹੇਗਾ।
ਆਪਣੇ ਭਾਸ਼ਣ ਵਿੱਚ, ਜਗਮੀਤ ਸਿੰਘ ਨੇ ਕਿਹਾ, “ਮੈਂ ਨਿਰਾਸ਼ ਹਾਂ ਕਿ ਅਸੀਂ ਵਧੇਰੇ ਸੀਟਾਂ ਨਹੀਂ ਜਿੱਤ ਸਕੇ, ਪਰ ਮੈਂ ਸਾਡੇ ਅੰਦੋਲਨ ਤੋਂ ਨਿਰਾਸ਼ ਨਹੀਂ ਹਾਂ। ਮੈਨੂੰ ਸਾਡੀ ਪਾਰਟੀ ‘ਤੇ ਉਮੀਦ ਹੈ।” ਉਸ ਨੇ ਸਿੱਖ ਸਿਧਾਂਤ “ਚੜ੍ਹਦੀ ਕਲਾ” ਦਾ ਜ਼ਿਕਰ ਕਰਦਿਆਂ ਆਸ਼ਾਵਾਦ ਅਤੇ ਸੰਘਰਸ਼ ਦੀ ਗੱਲ ਕੀਤੀ।
ਵਿਰਾਸਤ ਅਤੇ ਭਵਿੱਖ
ਜਗਮੀਤ ਸਿੰਘ ਦੀ ਅਗਵਾਈ ਨੂੰ ਮਿਲੀਆਂ ਜੁਲੀਆਂ ਪ੍ਰਤੀਿਿਕਰਆਵਾਂ ਮਿਲੀਆਂ। ਕੁਝ ਆਲੋਚਕਾਂ ਦਾ ਮੰਨਣਾ ਹੈ ਕਿ ਉਸ ਦਾ ਲਿਬਰਲ ਸਰਕਾਰ ਨਾਲ ਸਮਝੌਤਾ ਕਰਨ ਦਾ ਫੈਸਲਾ 2025 ਦੀਆਂ ਚੋਣਾਂ ਵਿੱਚ ਐਨ ਡੀ ਪੀ ਦੀ ਹਾਰ ਦਾ ਕਾਰਨ ਬਣਿਆ। ਹਾਲਾਂਕਿ, ਬਹੁਤ ਸਾਰੇ ਸਮਰਥਕ, ਜਿਵੇਂ ਕਿ ਐਨ ਡੀ ਪੀ ਦੇ ਨੀਤੀਕਾਰ ਮੰਨਦੇ ਹਨ ਕਿ ਸਿੰਘ ਨੇ ਪਾਰਟੀ ਨੂੰ ਪ੍ਰਗਤੀਸ਼ੀਲ ਮੁੱਦਿਆਂ ‘ਤੇ ਮਜ਼ਬੂਤੀ ਨਾਲ ਅੱਗੇ ਵਧਾਇਆ। ਉਸ ਦੀਆਂ ਪ੍ਰਾਪਤੀਆਂ, ਖਾਸ ਕਰਕੇ ਸਿਹਤ ਸੰਭਾਲ ਦੇ ਖੇਤਰ ਵਿੱਚ, ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ।
ਕੈਨੇਡਾ ਦੇ ਘੱਟਗਿਣਤੀਆਂ ਵਿੱਚ ਜਗਮੀਤ ਸਿੰਘ ਨੂੰ ਇੱਕ ਅਜਿਹੇ ਆਗੂ ਵਜੋਂ ਯਾਦ ਕੀਤਾ ਜਾਵੇਗਾ, ਜਿਸ ਨੇ ਨਸਲੀ ਅਤੇ ਧਾਰਮਿਕ ਪੱਖਪਾਤ ਦੇ ਬਾਵਜੂਦ ਨਿਡਰਤਾ ਨਾਲ ਆਪਣੀ ਗੱਲ ਰੱਖੀ। ਉਸ ਦੀ ਸਿਆਸੀ ਵਿਰਾਸਤ ਨੇ ਨੌਜਵਾਨਾਂ, ਖਾਸ ਕਰਕੇ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ, ਲਈ ਸਿਆਸਤ ਵਿੱਚ ਹਿੱਸਾ ਲੈਣ ਦੇ ਨਵੇਂ ਰਾਹ ਖੋਲ੍ਹੇ ਹਨ।
ਜਗਮੀਤ ਸਿੰਘ ਕਨੇਡਾ ਦੇ ਇਤਿਹਾਸ ‘ਚ ਪਹਿਲੇ ਸਿੱਖ ਨੇਤਾ ਸਨ, ਜੋ ਕਿਸੇ ਵੱਡੀ ਫੈਡਰਲ ਪਾਰਟੀ ਦੀ ਅਗਵਾਈ ‘ਚ ਰਹੇ। ਉਹ ਓਨਟਾਰੀਓ ਵਿਚ ਵੀ ਪਹਿਲੇ ਪੱਗ ਵਾਲੇ ਸਿੱਖ ਵਿਧਾਇਕ ਰਹੇ ਹਨ।
ਜਗਮੀਤ ਸਿੰਘ ਦੀ ਅਗਵਾਈ ਹੇਠਾਂ ਐਨ.ਡੀ.ਪੀ. ਨੇ ਕਈ ਮੁੱਖ ਮਸਲਿਆਂ ‘ਤੇ ਮਜ਼ਬੂਤ ਰੁਖ ਅਪਣਾਇਆ ਸੀ, ਜਿਸ ਵਿੱਚ ਮਹਿਲਾਵਾਂ ਦੇ ਹੱਕ, ਮਹਿਲਾ ਸੁਰੱਖਿਆ, ਆਬਾਦਕਾਰੀ, ਮਹਿਲਾ-ਸਿਹਤ, ਬੱਚਿਆਂ ਦੀ ਦੇਖਭਾਲ, ਆਦਿ ਸ਼ਾਮਲ ਹਨ।
ਉਨ੍ਹਾਂ ਨੇ ਆਪਣੀ ਸਪੀਚ ਦੌਰਾਨ ਕਿਹਾ, ”ਐਨ.ਡੀ.ਪੀ. ਕੌਕਸ ਨੇ ਮੇਰੀ ਅਗਵਾਈ ਹੇਠ ਬਹੁਤ ਉੱਤਮ ਕੰਮ ਕੀਤੇ ਹਨ। ਕੋਈ ਵੀ ਚੋਣ ਨਤੀਜਾ ਇਹ ਨਹੀਂ ਮਿਟਾ ਸਕਦਾ।”
ਜਗਮੀਤ ਸਿੰਘ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ”ਅਸੀਂ ਸਾਰੇ ਟੀਮ ਕਨੇਡਾ ਦੇ ਹਿੱਸਾ ਹਾਂ।”
ਹੁਣ ਸਵਾਲ ਇਹ ਹੈ ਕਿ ਐਨ.ਡੀ.ਪੀ. ਪਾਰਟੀ ਦਾ ਅਗਲਾ ਨੇਤਾ ਕੌਣ ਹੋਵੇਗਾ। ਜਦੋਂ ਕਿ ਜਗਮੀਤ ਸਿੰਘ ਨੇ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ, ਪਰ ਪਾਰਟੀ ਵਿਚ ਅੰਦਰੂਨੀ ਚਰਚਾ ਤੇ ਨਵੇਂ ਆਗੂ ਲਈ ਰਸਾਕਸੀ ਜ਼ਰੂਰ ਹੋਵੇਗੀ।