ਲੇਖਕ : ਅਪੂਰਵਾਨੰਦ
ਦਿੱਲੀ ਯੂਨੀਵਰਸਿਟੀ
ਸਰਕਾਰ ਵੱਲੋਂ ਜਾਤੀ ਅਧਾਰਤ ਜਨਗਣਨਾ ਦਾ ਐਲਾਨ ਕਰ ਦਿੱਤਾ ਗਿਆ ਹੈ।…
ਇਸ ਦੇ ਪਿੱਛੇ ਦੀ ਮੰਸ਼ਾ ਇਸ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕ ਇਸ ਦੀ ਤਾਰੀਫ਼ ਇਹ ਕਹਿ ਕੇ ਕਰ ਰਹੇ ਹਨ ਕਿ ਭਾਜਪਾ ਨੇ ਵਿਰੋਧੀ ਧਿਰ ਤੋਂ ਉਸ ਦਾ ਸਭ ਤੋਂ ਵੱਡਾ ਮੁੱਦਾ ਖੋਹ ਲਿਆ ਹੈ। ਦੂਜੇ ਪਾਸੇ, ਵਿਰੋਧੀ ਧਿਰ ਨੇ ਇਸ ਨੂੰ ਆਪਣੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਜੋ ਭਾਜਪਾ ਜਾਤੀ ਅਧਾਰਤ ਜਨਗਣਨਾ ਦੀ ਮੰਗ ਨੂੰ ਹਿੰਦੂ ਸਮਾਜ ਨੂੰ ਵੰਡਣ ਦੀ ਸਾਜ਼ਿਸ਼ ਕਹਿੰਦੀ ਸੀ, ਉਹ ਹੁਣ ਖੁਦ ਜਾਤੀ ਜਨਗਣਨਾ ਦੇ ਐਲਾਨ ਲਈ ਮਜਬੂਰ ਹੋ ਗਈ ਹੈ।ਕਈ ਲੋਕਾਂ ਨੇ ਗੌਰ ਕੀਤਾ ਕਿ ਇਹ ਐਲਾਨ ਪਹਿਲਗਾਮ ਵਿੱਚ ਸੰਪ੍ਰਦਾਇਕ ਅੱਤਵਾਦੀ ਹਿੰਸਾ ਦੀ ਉਤੇਜਨਾ ਦੇ ਵਿਚਕਾਰ ਕੀਤਾ ਗਿਆ।
ਇਸ ਹਿੰਸਾ ਤੋਂ ਬਾਅਦ ਸਾਰੇ ਭਾਰਤ ਵਿੱਚ ਮੁਸਲਮਾਨ ਵਿਰੋਧੀ ਨਫ਼ਰਤ ਭੜਕ ਉੱਠੀ ਅਤੇ ਸਰਕਾਰ ਦੀ ਥਾਂ ਹਿੰਦੂ ਕਸ਼ਮੀਰੀਆਂ ਅਤੇ ਮੁਸਲਮਾਨਾਂ ਤੋਂ ਸਵਾਲ ਕੀਤੇ ਜਾਣ ਲੱਗੇ। ਮੁਸਲਮਾਨਾਂ ‘ਤੇ ਹਮਲੇ ਹੋਏ। ਪਰ ਹੌਲੀ-ਹੌਲੀ ਲੋਕ ਇਹ ਵੀ ਪੁੱਛਣ ਲੱਗੇ ਕਿ ਆਖ਼ਰ 5 ਸਾਲਾਂ ਤੱਕ ਕਸ਼ਮੀਰ ਨੂੰ ਆਪਣੇ ਪੂਰੇ ਕਬਜ਼ੇ ਵਿੱਚ ਰੱਖਣ ਦੇ ਬਾਵਜੂਦ ਭਾਜਪਾ ਸਰਕਾਰ ਸੈਲਾਨੀਆਂ ਦੀ ਸੁਰੱਖਿਆ ਕਿਉਂ ਨਹੀਂ ਕਰ ਸਕੀ? ਇਹ ਸਵਾਲ ਮਾਰੇ ਗਏ ਲੋਕਾਂ ਦੇ ਪਰਿਵਾਰ ਪੁੱਛ ਰਹੇ ਹਨ ਅਤੇ ਕਾਰਪੋਰੇਟ ਮੀਡੀਆ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਹਿੰਦੂ ਵੀ ਇਹ ਸਵਾਲ ਪੁੱਛਣ ਲੱਗਾ ਹੈ। ਇਸ ਸਵਾਲ ਨੂੰ ਸ਼ਾਂਤ ਕਰਨ ਲਈ ਹੀ ਸਰਕਾਰ ਨੇ ਜਾਤੀ ਅਧਾਰਤ ਜਨਗਣਨਾ ਦਾ ਐਲਾਨ ਕੀਤਾ। ਇਸ ਤਰ੍ਹਾਂ ਉਸ ਨੇ ਅਖਬਾਰਾਂ ਅਤੇ ਟੀਵੀ ਚੈਨਲਾਂ ਨੂੰ ਇੱਕ ਵਿਸ਼ਾ ਦਿੱਤਾ ਤਾਂ ਜੋ ਉਹ ਦੇਸ਼ ਦਾ ਧਿਆਨ ਇਸ ਸਵਾਲ ਤੋਂ ਹਟਾ ਸਕਣ।ਦੋਵਾਂ ਮਾਮਲਿਆਂ ਵਿੱਚ ਇਸ ਨੂੰ ਭਾਜਪਾ ਸਰਕਾਰ ਦੀ ਜਾਣੀ-ਪਛਾਣੀ ਚਤੁਰਾਈ ਵਜੋਂ ਦੇਖਿਆ ਜਾ ਰਿਹਾ ਹੈ।
ਲੋਕ ਕਹਿ ਰਹੇ ਹਨ ਕਿ ਵਿਰੋਧੀ ਧਿਰ ਨੂੰ ਜਾਮ ਕਰਨ ਅਤੇ ਕਸ਼ਮੀਰ ਵਿੱਚ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਆਪਣੀ ਅਸਫਲਤਾ ਦੀ ਆਲੋਚਨਾ ਤੋਂ ਬਚਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।ਹੁਣ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ, ਇਹ ਕਹਿ ਕੇ ਭਾਜਪਾ ਸਮਰਥਕ ਖੁਸ਼ੀ ਮਨਾ ਰਹੇ ਹਨ।ਇਸ ਐਲਾਨ ਨੇ ਭਾਜਪਾ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਤੁਰੰਤ ਬਾਅਦ ਇਹ ਪੋਸਟਰ ਜਾਰੀ ਅਤੇ ਪ੍ਰਸਾਰਿਤ ਕੀਤਾ ਸੀ: ”ਧਰਮ ਪੁੱਛਿਆ, ਜਾਤੀ ਨਹੀਂ।” ਇਸ ਇੱਕ ਪੋਸਟਰ ਨਾਲ ਭਾਜਪਾ ਦੀ ਜ਼ਾਲਮਾਨਾ ਅਸੰਵੇਦਨਸ਼ੀਲਤਾ ਸਾਹਮਣੇ ਆਈ। ਇਸ ਹਿੰਸਾ ਦੇ ਵਿਚਕਾਰ ਵੀ ਉਹ ਆਪਣੀ ਜਾਤੀਵਾਦੀ ਸਿਆਸਤ ਨੂੰ ਨਹੀਂ ਭੁੱਲੀ । ਇਸ ਹਿੰਸਾ ਦਾ ਲਾਭ ਉਠਾ ਕੇ ਉਹ ਹਿੰਦੂਆਂ ਨੂੰ ਦੱਸ ਰਹੀ ਸੀ ਕਿ ਉਨ੍ਹਾਂ ਦੀ ਸਭ ਤੋਂ ਅਹਿਮ ਸੱਚਾਈ ਉਨ੍ਹਾਂ ਦਾ ਧਰਮ ਹੈ, ਨਾ ਕਿ ਜਾਤੀ, ਕਿਉਂਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ‘ਤੇ ਧਰਮ ਪੁੱਛ ਕੇ ਹਮਲਾ ਕਰਦੇ ਹਨ, ਨਾ ਕਿ ਜਾਤੀ ਪੁੱਛ ਕੇ। ਪਰ ਹੁਣ ਉਹੀ ਸਰਕਾਰ ਭਾਰਤੀਆਂ ਤੋਂ ਉਨ੍ਹਾਂ ਦੀ ਜਾਤੀ ਪੁੱਛਣ ਜਾ ਰਹੀ ਹੈ।ਜਿਸ ਪ੍ਰਧਾਨ ਮੰਤਰੀ ਨੇ ਸਿਰਫ਼ ਇੱਕ ਸਾਲ ਪਹਿਲਾਂ ਜਾਤੀ ਅਧਾਰਤ ਜਨਗਣਨਾ ਦੀ ਮੰਗ ਕਰਨ ਵਾਲਿਆਂ ਨੂੰ ”ਸ਼ਹਿਰੀ ਨਕਸਲੀ” ਕਿਹਾ ਸੀ, ਉਹ ਹੁਣ ਜਾਤੀ ਜਨਗਣਨਾ ਦੀ ਗੱਲ ਕਰ ਰਿਹਾ ਹੈ। ਜੋ ਲੋਕ ਜਾਤੀ ਜਨਗਣਨਾ ਦੀ ਮੰਗ ਕਰਨ ਵਾਲਿਆਂ ਨੂੰ ਰਾਵਣ ਕਹਿ ਰਹੇ ਸਨ, ਹੁਣ ਉਹ ਇਸ ਦੇ ਹੱਕ ਵਿੱਚ ਤਰਕ ਲੱਭ ਰਹੇ ਹਨ।”ਵੰਡੇਗਾ ਤਾਂ ਕੱਟੇਗਾ” ਅਤੇ ”ਇੱਕ ਹਨ ਤਾਂ ਸੁਰੱਖਿਅਤ ਹਨ” ਵਰਗੇ ਨਾਅਰਿਆਂ ਦਾ ਕੀ ਹੋਵੇਗਾ? ਭਾਜਪਾ ਇਨ੍ਹਾਂ ਨਾਅਰਿਆਂ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕਰਦੀ ਰਹੀ ਹੈ ਕਿ ਹਿੰਦੂ ਸਮਾਜ ਦੀ ਪਹਿਲੀ ਸੱਚਾਈ ਜਾਤੀ ਨਹੀਂ ਹੈ ਅਤੇ ਸਾਨੂੰ ਜਾਤੀ ਦੀ ਪਛਾਣ ‘ਤੇ ਜ਼ੋਰ ਨਹੀਂ ਦੇਣਾ ਚਾਹੀਦਾ।
ਹਾਲ ਹੀ ਵਿੱਚ ”ਫੁਲੇ” ਫਿਲਮ ਵਿੱਚ ਜਾਤੀ ਸੂਚਕ ਸ਼ਬਦਾਂ ਅਤੇ ਦ੍ਰਿਸ਼ਾਂ ਨੂੰ ਹਟਾਉਣ ਦਾ ਹੁਕਮ ਸੈਂਸਰ ਬੋਰਡ ਨੇ ਦਿੱਤਾ। ਇਸ ਤੋਂ ਇਲਾਵਾ, ਪਿਛਲੇ 10 ਸਾਲਾਂ ਤੋਂ ਸਕੂਲੀ ਕਿਤਾਬਾਂ ਵਿੱਚੋਂ ਜਾਤੀ ਨਾਲ ਜੁੜੇ ਪ੍ਰਸੰਗ ਹਟਾਏ ਜਾ ਰਹੇ ਹਨ। ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮਾਂ ਵਿੱਚੋਂ ਜਾਤੀ ਨਾਲ ਸੰਬੰਧਿਤ ਪ੍ਰਸੰਗਾਂ ਨੂੰ ਹਟਾਇਆ ਜਾ ਰਿਹਾ ਹੈ।ਇਹ ਦਿਲਚਸਪ ਹੈ ਕਿ ਜਿਸ ਦਿਨ ਜਾਤੀ ਅਧਾਰਤ ਜਨਗਣਨਾ ਦਾ ਐਲਾਨ ਹੋਇਆ, ਉਸੇ ਦਿਨ ਟੈਲੀਗ੍ਰਾਫ ਅਖਬਾਰ ਨੇ ਖਬਰ ਛਾਪੀ ਕਿ ਐਨਸੀਈਆਰਟੀ ਨੇ ਆਪਣੀ ਕਿਤਾਬ ਵਿੱਚ ਜਾਤੀ ਬਾਰੇ ਕਿਹਾ ਹੈ ਕਿ ਇਹ ਕੋਈ ਸਥਿਰ ਸਮਾਜਿਕ ਇਕਾਈ ਨਹੀਂ ਸੀ ਅਤੇ ਲੋਕਾਂ ਨੂੰ ਇੱਕ ਪੇਸ਼ੇ ਤੋਂ ਦੂਜੇ ਪੇਸ਼ੇ ਵਿੱਚ ਜਾਣ ਦੀ ਇਜਾਜ਼ਤ ਸੀ। ਇਹ ਕੋਈ ਦਮਨਕਾਰੀ ਵਿਵਸਥਾ ਨਹੀਂ ਸੀ ਅਤੇ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦੀ ਸੀ। ਅੰਗਰੇਜ਼ਾਂ ਨੇ ਹੀ ਇਸ ਨੂੰ ਬਦਨਾਮ ਕੀਤਾ।ਜਾਤੀ ਨੂੰ ਲੈ ਕੇ ਭਾਜਪਾ ਜਾਂ ਇਸ ਦੇ ਮੂਲ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦਾ ਦੋਮੂੰਹਾਪਣ ਸਾਰਿਆਂ ਦੇ ਸਾਹਮਣੇ ਸਪੱਸ਼ਟ ਹੈ। ਉਹ ਜਾਣਦੇ ਹਨ ਕਿ ਹਿੰਦੂ ਆਪਣੀ ਜਾਤੀ ਨੂੰ ਕਦੇ ਨਹੀਂ ਭੁੱਲਣਗੇ ਅਤੇ ਜੀਵਨ ਦੇ ਸਾਰੇ ਮਹੱਤਵਪੂਰਨ ਫੈਸਲੇ ਉਹ ਜਾਤੀ ਦੇ ਸੰਦਰਭ ਵਿੱਚ ਹੀ ਲੈਂਦੇ ਹਨ। ਆਰਐਸਐਸ ਜਾਤੀ ਵਿਰੋਧੀ ਦੀ ਮੁਹਿੰਮ ਨਹੀਂ ਚਲਾ ਸਕਦਾ। ਉਸ ਵਿੱਚ ਨਾ ਤਾਂ ਅੰਬੇਡਕਰ ਅਤੇ ਨਾ ਹੀ ਗਾਂਧੀ ਵਰਗਾ ਸਾਹਸ ਹੈ ਕਿ ਉਹ ਆਪਣੇ ਸਮਾਜ ਨੂੰ ਬਦਲਣ ਲਈ ਪ੍ਰੇਰਿਤ ਕਰ ਸਕੇ। ਯਾਦ ਰਹੇ ਕਿ ਫਿਰਕੂਵਾਦ ਵਿਰੁੱਧ ਉਨ੍ਹਾਂ ਦੀ ਮੁਹਿੰਮ ਕਾਰਨ ਗਾਂਧੀ ‘ਤੇ ਜਾਨਲੇਵਾ ਹਮਲੇ ਹੋਏ ਸਨ।ਅਸੀਂ ਇਹ ਵੀ ਜਾਣਦੇ ਹਾਂ ਕਿ ਹਿੰਦੂ ਏਕਤਾ ਦੀ ਗੱਲ ਕਰਨ ਵਾਲੀ ਭਾਜਪਾ ਆਪਣੇ ਸਾਰੇ ਸਿਆਸੀ ਫੈਸਲੇ ਜਾਤੀਗਤ ਸਮੀਕਰਨਾਂ ਦੇ ਅੰਦਰ ਹੀ ਲੈਂਦੀ ਹੈ।
2013-14 ਵਿੱਚ ਨਰਿੰਦਰ ਮੋਦੀ ਨੂੰ ਹਿੰਦੂ ਨਾਇਕ ਕਹਿਣ ਦੇ ਨਾਲ-ਨਾਲ ਪਿਛੜੀ ਜਾਤੀ ਦੇ ਨੇਤਾ ਵਜੋਂ ਪੇਸ਼ ਕੀਤਾ ਗਿਆ। ਮੋਦੀ ਨੇ ਵਾਰ-ਵਾਰ ਆਪਣੀ ਜਾਤੀਗਤ ਪਿਛੋਕੜ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਦੱਬੇ-ਕੁਚਲੇ ਵਜੋਂ ਪੇਸ਼ ਕਰਨ ਅਤੇ ਹਮਦਰਦੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਪਿਛੜੀਆਂ ਅਤੇ ਦਲਿਤ ਜਾਤੀਆਂ ਵਿੱਚ ਪ੍ਰਭਾਵਸ਼ਾਲੀ ਜਾਤੀਆਂ ਤੋਂ ਇਲਾਵਾ ਹੋਰ ਜਾਤੀਆਂ ਦਾ ਗਠਜੋੜ ਤਿਆਰ ਕਰਕੇ ਭਾਜਪਾ ਨੇ ਸਮਾਜਿਕ ਨਿਆਂ ਵਾਲੀ ਜਾਤੀ ਅਧਾਰਤ ਸਿਆਸਤ ਦਾ ਜਵਾਬ ਹਿੰਦੂਤਵਵਾਦੀ ਜਾਤੀਵਾਦੀ ਸਿਆਸਤ ਨਾਲ ਦਿੱਤਾ ਹੈ। ਯਾਨੀ ਭਾਜਪਾ ਜਾਤੀ ਦੀ ਸੱਚਾਈ ਨੂੰ ਜਾਣਦੀ ਹੈ ਅਤੇ ਇਸ ਦਾ ਲਾਭ ਵੀ ਉਠਾਉਂਦੀ ਰਹੀ ਹੈ। ਪਰ ਹਿੰਦੂਤਵਵਾਦੀ ਵਿਚਾਰਧਾਰਾ ਉਸ ਨੂੰ ਵਿਚਾਰਧਾਰਕ ਪੱਧਰ ‘ਤੇ ਸਵੀਕਾਰ ਨਹੀਂ ਕਰ ਸਕਦੀ। ਜਾਤੀ ਦੀ ਧਾਰਨਾ ਨੂੰ ਉਹ ਇੱਕ ਬਸਤੀਵਾਦੀ ਸਾਜ਼ਿਸ਼ ਕਰਾਰ ਦਿੰਦੀ ਹੈ।ਭਾਜਪਾ ਜਾਤੀ ਦਾ ਲਾਭ ਤਾਂ ਉਠਾਉਣਾ ਚਾਹੁੰਦੀ ਹੈ ਪਰ ਉਸ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਨਹੀਂ ਕਰ ਸਕਦੀ ਕਿਉਂਕਿ ਅਜਿਹਾ ਕਰਨ ਨਾਲ ਉਸ ਦਾ ਸਮਰਸ ਹਿੰਦੂਪਣ ਦਾ ਭਰਮਲੋਕ ਟੁੱਟ ਜਾਂਦਾ ਹੈ। ਆਰਐਸਐਸ ਦਾਅਵਾ ਕਰਦਾ ਹੈ ਕਿ ਉਸ ਦੀ ਛਤਰੀ ਹੇਠ ਸਾਰੇ ਹਿੰਦੂ ਹਨ, ਕੋਈ ਜਾਤੀ ਨਹੀਂ। ਪਰ ਭਵਰ ਮੇਘਵੰਸ਼ੀ ਦੀ ਕਿਤਾਬ ਪੜ੍ਹ ਕੇ ਆਰਐਸਐਸ ਦਾ ਇਹ ਝੂਠ ਵੀ ਸਮਝ ਵਿੱਚ ਆ ਜਾਵੇਗਾ।ਬਹੁਤ ਸਾਰੇ ਲੋਕ ਜੋ ਭਾਜਪਾ ਦੇ ਨਹੀਂ ਹਨ, ਨੇਕ ਨੀਅਤ ਨਾਲ ਪੁੱਛਦੇ ਹਨ ਕਿ ਕੀ ਸਾਡੀ ਪਛਾਣ ਆਖ਼ਰਕਾਰ ਜਾਤੀ ਨਾਲ ਹੋਵੇਗੀ? ਉਹ ਕਹਿੰਦੇ ਹਨ ਕਿ ਜਾਤੀ ਅਧਾਰਤ ਜਨਗਣਨਾ ਨਾਲ ਸਾਡੀ ਪਛਾਣ ਅੰਤ ਵਿੱਚ ਜਾਤੀ ਦੇ ਦਾਇਰੇ ਵਿੱਚ ਜੜ੍ਹ ਜਾਵੇਗੀ। ਪਰ ਅਸੀਂ ਜਾਣਦੇ ਹਾਂ ਕਿ ਜਾਤੀ ਅਧਾਰਤ ਜਨਗਣਨਾ ਦਾ ਇਸ ਸਵਾਲ ਨਾਲ ਕੋਈ ਲੈਣਾ-ਦੇਣਾ ਨਹੀਂ। ਜੀਵਨ ਦੇ ਹਰ ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਸਾਡੇ ਫੈਸਲੇ ਜਾਤੀ ਨਾਲ ਜੁੜੇ ਹੁੰਦੇ ਹਨ, ਭਾਵੇਂ ਅਸੀਂ ਚਾਹੀਏ ਜਾਂ ਨਾ। ਇਸ ਲਈ ਜਾਤੀ ਆਧਾਰਿਤ ਜਨਗਣਨਾ ਨੂੰ ਤਾਂ ਦੋਸ਼ ਨਹੀਂ ਦਿੱਤਾ ਜਾ ਸਕਦਾ। ਹਿੰਦੂਆਂ ਨੂੰ ਵੰਡਣ ਲਈ ਜਾਤੀ ਅਧਾਰਤ ਜਨਗਣਨਾ ਦੀ ਲੋੜ ਨਹੀਂ। ਉਹ ਪਹਿਲਾਂ ਹੀ ਵੰਡੇ ਹੋਏ ਹਨ। ਉਨ੍ਹਾਂ ਵਿੱਚ ਕੋਈ ਅਰਥਪੂਰਨ ਸਾਂਝ ਨਹੀਂ ਹੈ।
ਇਸ ਲਈ ਇਸ ਵੰਡੇ ਹੋਏ ਸਮਾਜ ਨੂੰ ਹਿੰਦੂ ਬਣਾਉਣ ਦਾ ਇੱਕੋ-ਇੱਕ ਤਰੀਕਾ ਹੈ: ਇੱਕ ਸਾਂਝਾ ਦੁਸ਼ਮਣ, ਮੁਸਲਮਾਨ, ਨੂੰ ਸਾਹਮਣੇ ਰੱਖਣਾ, ਜਿਸ ਦੇ ਵਿਰੁੱਧ ਯੁੱਧ ਵਿੱਚ ਉਹ ਸਾਰੇ ਮਿਲ ਕੇ ਹਿੰਦੂ ਬਣ ਜਾਂਦੇ ਹਨ।ਫਿਰ ਵੀ, ਜਾਤੀ ਅਧਾਰਤ ਜਨਗਣਨਾ ਤੋਂ ਪੂਰੀ ਤਰ੍ਹਾਂ ਸੁਤੰਤਰ, ਇਹ ਸਵਾਲ ਹੈ ਕਿ ਕੀ ਬਾਬਾ ਸਾਹਿਬ ਦਾ ਜਾਤੀ ਨਾਸ਼ ਦਾ ਸੁਪਨਾ ਅੰਤ ਵਿੱਚ ਹਮੇਸ਼ਾ ਲਈ ਮੁਲਤਵੀ ਕਰ ਦਿੱਤਾ ਗਿਆ ਹੈ?ਇਸ ਸਵਾਲ ਦਾ ਜਾਤੀ ਅਧਾਰਤ ਜਨਗਣਨਾ ਨਾਲ ਕੋਈ ਸੰਬੰਧ ਨਹੀਂ, ਪਰ ਲੋਕਤੰਤਰ ਲਈ ਇਸ ਸਵਾਲ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਜਾਤੀਵਾਦੀ ਵਿਵਸਥਾ ਨੂੰ ਖਤਮ ਕਰਨਾ ਜ਼ਰੂਰੀ ਹੈ ਜਿਸ ਨੇ ਸਮਾਜ ਦੇ ਬਹੁਗਿਣਤੀ ਹਿੱਸੇ ਨੂੰ ਵਿਅਕਤੀ ਬਣਨ ਹੀ ਨਹੀਂ ਦਿੱਤਾ। ਉਹ ਬਹੁਗਿਣਤੀ ਦਲਿਤ ਅਤੇ ਅਤਿ ਪਿਛੜੇ ਭਾਈਚਾਰਿਆਂ ਦੀ ਹੈ। ਉਨ੍ਹਾਂ ਦੇ ਵਿਅਕਤੀ ਬਣਨ ਦੇ ਰਾਹ ਵਿੱਚ ਜਾਤੀ ਅਧਾਰਤ ਜਨਗਣਨਾ ਕੋਈ ਰੁਕਾਵਟ ਨਹੀਂ ਸੀ। ਫਿਰ ਵੀ, ਭਾਰਤੀ ਲੋਕਤੰਤਰ ਦਾ ਇੱਕ ਵੱਡਾ ਲਾਲਚ ਇਹ ਹੈ ਕਿ ਜਾਤੀ ਨੂੰ ਕਦੇ ਖਤਮ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਸਿਆਸੀ ਗੋਲਬੰਦੀ ਅਤੇ ਲੈਣ-ਦੇਣ ਦੀ ਸਭ ਤੋਂ ਸੌਖੀ ਇਕਾਈ ਹੈ। ਉਹ ਇਕਾਈ ਜਿਸ ਦੇ ਆਲੇ-ਦੁਆਲੇ ਜਨਮਤ ਨੂੰ ਸੌਖੀ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ। ਫਿਰ ਜਨਮਤ ਕੁਝ ਹੋਰ ਨਹੀਂ, ਸਗੋਂ ਜਾਤੀਗਤ ਜੋੜ-ਤੋੜ ਦਾ ਦੂਜਾ ਨਾਮ ਹੈ।ਪਰ ਜੇ ਅਸੀਂ ਹੁਣ ਮਨੁੱਖ ਬਣਨ ਦੀ ਮਹੱਤਵਾਕਾਂਖ ਨੂੰ ਹਮੇਸ਼ਾ ਲਈ ਮੁਲਤਵੀ ਕਰ ਦਿੰਦੇ ਹਾਂ, ਤਾਂ ਇਹ ਸਮਾਜ ਅਤੇ ਲੋਕਤੰਤਰ ਦੋਵਾਂ ਲਈ ਸ਼ੁਭ ਨਹੀਂ ਹੈ।