ਲੈਂਗਲੀ ‘ਚ ਈਵੀ ਕੰਪਨੀ ਖ਼ਿਲਾਫ਼ ਲੋਕਾਂ ਦਾ ਰੋਸ, ਲੋਕਤੰਤਰ ਬਚਾਉਣ ਦੀ ਅਪੀਲ
ਲੈਂਗਲੀ (ਪਰਮਜੀਤ ਸਿੰਘ): ਇਲੋਨ ਮਸਕ ਦੀ ਟੈਸਲਾ ਕੰਪਨੀ ਵਿਰੁੱਧ ਰੋਸ ਪ੍ਰਗਟਾਉਂਦਿਆਂ ਬੀਤੇ ਦਿਨੀਂ ਲਗਭਗ ਦਰਜਨ ਲੋਕਾਂ ਨੇ ਲੈਂਗਲੀ ਵਿੱਚ ਸਥਿਤ ਟੈਸਲਾ ਡੀਲਰਸ਼ਿਪ (19505 ਲੈਂਗਲੀ ਬਾਈਪਾਸ) ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਮਸ਼ਹੂਰ ਕਾਰਾਂ ਦੀ ਕੰਪਨੀ ਵਿਰੁੱਧ ਨਹੀਂ ਸੀ, ਬਲਕਿ ਉਸਦੇ ਮਾਲਕ ਇਲੋਨ ਮੱਸਕ ਅਤੇ ਉਨ੍ਹਾਂ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ਼ ਸਾਂਝ ਦੇ ਖ਼ਿਲਾਫ਼ ਸੀ।
ਪ੍ਰਦਰਸ਼ਨ ਦੇ ਆਯੋਜਕ ਪੈਟ ਮੈਕਕਚਨ, ਜੋ ਕਿ ਪ੍ਰਾਂਤ ਅਤੇ ਫੈਡਰਲ ਪੱਧਰ ‘ਤੇ ਗ੍ਰੀਨ ਪਾਰਟੀ ਵਲੋਂ ਉਮੀਦਵਾਰ ਰਹਿ ਚੁੱਕੇ ਹਨ, ਨੇ ਕਿਹਾ ਕਿ “ਇਹ ਇਲੋਨ ਮੱਸਕ ਅਤੇ ਉਨ੍ਹਾਂ ਦੇ ਟਰੰਪ ਨਾਲ ਸਾਂਝੇ ਵਿਰੁੱਧ ਹੈ। ਇਹ ਦੋਵੇਂ ਲੋਕ ਲੋਕਤੰਤਰ ਨੂੰ ਖਤਮ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਧਨ-ਦੌਲਤ ਨੂੰ ਚੁਣੌਤੀ ਦੇਣ ਆਏ ਹਾਂ ਤਾਂ ਜੋ ਉਹ ਪਿੱਛੇ ਹਟਣ।” ਮੈਕਕਚਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਟੈਸਲਾ ਗੱਡੀਆਂ ਖਰੀਦਣ ਵਾਲਿਆਂ ਨਾਲ ਕੋਈ ਰੰਜ ਨਹੀਂ, ਪਰ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਲਾ ਦੀ ਥਾਂ ਹੋਰ ਵਿਕਲਪ ਸੋਚਣ। ਉਨ੍ਹਾਂ ਨੇ ਕਿਹਾ, “ਸਾਨੂੰ ਟੈਸਲਾ ਨੂੰ ਡਿੱਗਾਉਣਾ ਪਵੇਗਾ ਤਾਂ ਜੋ ਲੋਕਤੰਤਰ ਬਚ ਸਕੇ।”
ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਝੰਡਾ ਲਹਿਰਾਇਆ ਅਤੇ ਹੱਥਾਂ ਵਿਚ ਇਲੋਨ ਮਸਕ ਵਿਰੁੱਧ ਪੋਸਟਰ ਫੜੇ ਹੋਏ ਸਨ। ਜਦਕਿ ਬਹੁਤ ਸਾਰੇ ਡਰਾਈਵਰਾਂ ਨੇ ਪ੍ਰਦਰਸ਼ਨਕਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਹੌਰਨ ਵਜਾਇਆ, ਇੱਕ ਸਫੈਦ ਪਿਕਅੱਪ ਟਰੱਕ ਦੇ ਡਰਾਈਵਰ ਨੇ ਉਲਟ ਰਵੱਈਆ ਦਿਖਾਇਆ। ਉਸਨੇ ਉਨ੍ਹਾਂ ਨੂੰ ਅੰਗੂਠਾ ਦਿਖਾ ਕੇ ਕਈ ਮਿੰਟਾਂ ਤੱਕ ਹੌਰਨ ਵਜਾਇਆ। ਮੈਕਕਚਨ ਨੇ ਕਿਹਾ, “ਉਹ ਵੀ ਆਪਣੇ ਹੱਕ ਦੀ ਅਜ਼ਾਦੀ ਜਤਾਉਂਦਾ ਹੈ, ਜਿਵੇਂ ਅਸੀਂ। ਇਹ ਕੈਨੇਡਾ ਹੈ, ਇੱਥੇ ਹਰ ਕਿਸੇ ਨੂੰ ਅਜ਼ਾਦੀ ਹੈ।”
ਇਸ ਦੇ ਇਲਾਵਾ, ਡੋਨਲਡ ਟਰੰਪ ਨੇ ਕੈਨੇਡਾ ਵਿਰੁੱਧ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ, ਜਿਸ ਅੰਦਰ ਉਨ੍ਹਾਂ ਨੇ ਭਾਰੀ ਟੈਰੀਫ਼ ਲਾਗੂ ਕੀਤੇ, ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਸਰੀ-ਡੈਲਟਾ ਸੀਮਾ ‘ਤੇ ਟੈਸਲਾ ਡੀਲਰਸ਼ਿਪ ਦੇ ਬਾਹਰ ਹੋਏ ਪ੍ਰਦਰਸ਼ਨ ਵਿਚ ਲਗਭਗ 24 ਲੋਕਾਂ ਨੇ ਹਿੱਸਾ ਲਿਆ ਸੀ, ਜਦਕਿ ਵੈਨਕੂਵਰ ਵਿੱਚ ਹੋਏ ਇਕ ਹੋਰ ਪ੍ਰਦਰਸ਼ਨ ਵਿੱਚ 70 ਦੇ ਕਰੀਬ ਲੋਕ ਇਕੱਠੇ ਹੋਏ ਸਨ।